ਰਾਜੋਆਣਾ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਲਿਖਿਆ

ਰਾਜੋਆਣਾ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਲਿਖਿਆ

ਪਟਿਆਲਾ- ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ’ਚ ਫਾਂਸੀ ਦੀ ਸਜ਼ਾ ਤਹਤਿ ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਕ ਪੱਤਰ ਲਿਖਿਆ ਹੈ। ਪੱਤਰ ਰਾਹੀਂ ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ’ਚ ਤਬਦੀਲ ਕਰਨ ਲਈ 12 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਸ਼ਟਰਪਤੀ ਕੋਲ ਦਾਇਰ ਕੀਤੀ ਰਿੱਟ ਪਟੀਸ਼ਨ ਵਾਪਸ ਲੈਣ ਦੇ ਆਦੇਸ਼ ਜਾਰੀ ਕਰਨ। ਭਾਈ ਰਾਜੋਆਣਾ ਨੇ ਚਤਿਾਵਨੀ ਵੀ ਦਿੱਤੀ ਹੈ ਕਿ ਜੇਕਰ ਹਫ਼ਤੇ ’ਚ ਅਜਿਹਾ ਆਦੇਸ਼ ਨਾ ਜਾਰੀ ਹੋਇਆ ਤਾਂ ਉਹ ਭੁੱਖ ਹੜਤਾਲ ਲਈ ਮਜਬੂਰ ਹੋਣਗੇ। ਜ਼ਿਕਰਯੋਗ ਹੈ ਕਿ ਬੇਅੰਤ ਸਿੰਘ ਕਤਲ ਕੇਸ ਵਿੱਚ 22 ਦਸੰਬਰ 1995 ਨੂੰ ਗ੍ਰਿਫ਼ਤਾਰ ਕੀਤੇ ਗਏ ਰਾਜੋਆਣਾ ਨੂੰ 31 ਜੁਲਾਈ 2007 ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਇਸ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਰਾਜੋਆਣਾ ਦੀ ਸਜ਼ਾ ਉਮਰ ਕੈਦ ’ਚ ਤਬਦੀਲ ਕਰਨ ਸਬੰਧੀ ਦਾਇਰ ਕੀਤੀ ਗਈ ਰਹਿਮ ਦੀ ਅਪੀਲ ’ਤੇ ਰਾਸ਼ਟਰਪਤੀ ਨੇ ਫਾਂਸੀ ਤੋਂ ਦੋ ਦਿਨ ਪਹਿਲਾਂ ਰੋਕ ਲਾ ਕੇ ਰਾਏ ਜਾਣਨ ਲਈ ਫਾਈਲ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਭੇਜ ਦਿੱਤੀ ਸੀ, ਜੋ ਵਿਚਾਰ ਅਧੀਨ ਹੈ। ਅੱਜ ਜਥੇਦਾਰ ਨੂੰ ਰਾਜੋਆਣਾ ਨੇ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਮੇਤ ਹੋਰ ਧਾਰਮਿਕ ਸੰਸਥਾਵਾਂ ਦੇ ਪ੍ਰਮੁੱਖ ਆਗੂ 12 ਸਾਲਾਂ ਬਾਅਦ ਵੀ ਫ਼ੈਸਲਾ ਨਹੀਂ ਕਰਵਾ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਪੰਥਕ ਆਗੂਆਂ ਦੀ ਦਿੱਲੀ ਦੇ ਹੁਕਮਰਾਨਾਂ ਦੀ ਨਜ਼ਰ ’ਚ ਕੋਈ ਅਹਿਮੀਅਤ ਨਹੀਂ ਹੈ। ਕਾਬਿਲੇਗੌਰ ਹੈ ਕਿ 2019 ’ਚ ਮੋਦੀ ਸਰਕਾਰ ਨੇ ਰਾਜੋਆਣਾ ਸਮੇਤ ਅੱਠ ਸਿੱਖ ਆਗੂਆਂ ਦੀ ਸਜ਼ਾ ਘਟਾਉਣ ਅਤੇ ਮੁਆਫ਼ ਕਰਨ ਦਾ ਫ਼ੈਸਲਾ ਲਿਆ ਸੀ, ਪਰ ਉਹ ਅਜੇ ਤੱਕ ਲਾਗੂ ਨਹੀਂ ਹੋਇਆ।