ਰਾਜਸਥਾਨ ਸੰਕਟ: ਗਹਿਲੋਤ ਸਮਰਥਕਾਂ ਨੇ ਰੱਖੀਆਂ ਤਿੰਨ ਸ਼ਰਤਾਂ

ਸੋਨੀਆ ਨੇ ਰਿਪੋਰਟ ਮੰਗੀ; ਗਹਿਲੋਤ ਨੂੰ ਮਨਾਉਣ ਦੀ ਜ਼ਿੰਮੇਵਾਰੀ ਕਮਲ ਨਾਥ ਨੂੰ ਸੌਂਪੀ
ਨਵੀਂ ਦਿੱਲੀ-ਰਾਜਸਥਾਨ ’ਚ ਸਚਿਨ ਪਾਇਲਟ ਨੂੰ ਅਗਲਾ ਮੁੱਖ ਮੰਤਰੀ ਬਣਾਏ ਜਾਣ ਦੀਆਂ ਕਨਸੋਆਂ ਮਗਰੋਂ ਹਾਕਮ ਧਿਰ ਕਾਂਗਰਸ ’ਚ ਮਚੇ ਘਮਸਾਣ ਦਰਮਿਆਨ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਉਥੋਂ ਦੇ ਸਿਆਸੀ ਘਟਨਾਕ੍ਰਮ ਸਬੰਧੀ ਲਿਖਤੀ ਰਿਪੋਰਟ ਮੰਗ ਲਈ ਹੈ। ਇਸ ਮਗਰੋਂ ਕਾਂਗਰਸ ਵੱਲੋਂ ਰਾਜਸਥਾਨ ਲਈ ਅਗਲੀ ਰਣਨੀਤੀ ਘੜੀ ਜਾਵੇਗੀ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਸਮਝਾਉਣ ਲਈ ਕਾਂਗਰਸ ਨੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੂੰ ਵਿਚੋਲੇ ਦੀ ਭੂਮਿਕਾ ਨਿਭਾਉਣ ਲਈ ਕਿਹਾ ਹੈ। ਉਨ੍ਹਾਂ ਦੇ ਗਹਿਲੋਤ ਨਾਲ ਚੰਗੇ ਸਬੰਧ ਹਨ ਅਤੇ ਕਾਂਗਰਸ ਨੂੰ ਵਿਸ਼ਵਾਸ ਹੈ ਕਿ ਉਹ ਗਹਿਲੋਤ ਨਾਲ ਗੱਲਬਾਤ ਕਰਕੇ ਸੰਕਟ ਸੁਲਝਾ ਸਕਦੇ ਹਨ। ਉਂਜ ਕਮਲ ਨਾਥ ਨੇ ਕਿਹਾ ਹੈ ਕਿ ਉਨ੍ਹਾਂ ਦੀ ਕਾਂਗਰਸ ਪ੍ਰਧਾਨ ਦੇ ਅਹੁਦੇ ’ਚ ਕੋਈ ਦਿਲਚਸਪੀ ਨਹੀਂ ਹੈ। ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਗਹਿਲੋਤ ਦੀ ਦਾਅਵੇਦਾਰੀ ’ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਗਹਿਲੋਤ ਪੱਖੀ 92 ਵਿਧਾਇਕਾਂ ਨੇ ਪਾਰਟੀ ਨਿਗਰਾਨਾਂ ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਅੱਗੇ ਤਿੰਨ ਸ਼ਰਤਾਂ ਰੱਖਦਿਆਂ ਕਿਹਾ ਕਿ ਅਗਲੇ ਮੁੱਖ ਮੰਤਰੀ ਬਾਰੇ ਕੋਈ ਫ਼ੈਸਲਾ ਪਾਰਟੀ ਪ੍ਰਧਾਨ ਦੀ 19 ਅਕਤੂਬਰ ਨੂੰ ਚੋਣ ਮਗਰੋਂ ਗਹਿਲੋਤ ਦੀ ਸਲਾਹ ਨਾਲ ਲਿਆ ਜਾਵੇ।ਸੰਕਟ ਸੁਲਝਾਉਣ ਲਈ ਰਾਜਸਥਾਨ ਗਏ ਖੜਗੇ ਅਤੇ ਮਾਕਨ ਅੱਜ ਸ਼ਾਮ ਜੈਪੁਰ ਤੋਂ ਦਿੱਲੀ ਪਰਤ ਆਏ ਅਤੇ ਉਨ੍ਹਾਂ ਸੋਨੀਆ ਨਾਲ ਮੁਲਾਕਾਤ ਕੀਤੀ। ਸੋਨੀਆ ਨਾਲ ਕਰੀਬ ਇਕ ਘੰਟੇ ਦੀ ਮੀਟਿੰਗ ਮਗਰੋਂ ਰਾਜਸਥਾਨ ਮਾਮਲਿਆਂ ਦੇ ਇੰਚਾਰਜ ਅਜੈ ਮਾਕਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਕਾਂਗਰਸ ਪ੍ਰਧਾਨ ਨੂੰ ਰਾਜਸਥਾਨ ਦੇ ਸਿਆਸੀ ਘਟਨਾਕ੍ਰਮ ਸਬੰਧੀ ਹਾਲਾਤ ਤੋਂ ਜਾਣੂ ਕਰਵਾਇਆ ਸੀ ਜਿਸ ਮਗਰੋਂ ਉਨ੍ਹਾਂ ਅੱਜ ਦੇਰ ਰਾਤ ਜਾਂ ਭਲਕੇ ਤੱਕ ਵਿਸਥਾਰਤ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ,‘‘ਬੜੀ ਮੰਦਭਾਗੀ ਗੱਲ ਹੈ ਕਿ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਨਹੀਂ ਹੋ ਸਕੀ। ਗਹਿਲੋਤ ਪੱਖੀ ਵਿਧਾਇਕਾਂ ਅਤੇ ਮੰਤਰੀਆਂ ਦਾ ਇਹ ਕਦਮ ਗ਼ੈਰ-ਅਨੁਸ਼ਾਸਨੀ ਹੈ।’’ ਉਨ੍ਹਾਂ ਕਿਹਾ ਕਿ ਗਹਿਲੋਤ ਦੀ ਸਹਿਮਤੀ ਤੋਂ ਬਾਅਦ ਮੀਟਿੰਗ ਰੱਖੀ ਗਈ ਸੀ ਅਤੇ ਵਿਧਾਇਕ ਤੇ ਮੰਤਰੀ ਪਾਰਟੀ ਲੀਡਰਸ਼ਿਪ ਅੱਗੇ ਸ਼ਰਤਾਂ ਨਹੀਂ ਰਖ ਸਕਦੇ ਹਨ ਕਿਉਂਕਿ ਇਹ ‘ਹਿੱਤਾਂ ਦੇ ਟਕਰਾਅ’ ਬਰਾਬਰ ਹੋਵੇਗਾ। ਗਹਿਲੋਤ ਪੱਖੀ ਵਿਧਾਇਕਾਂ ਨੇ ਖੜਗੇ ਅਤੇ ਮਾਕਨ ਨਾਲ ਮੀਟਿੰਗ ਨਾ ਕੀਤੀ। ਉਨ੍ਹਾਂ ਵੱਖਰੀ ਮੀਟਿੰਗ ਕਰਕੇ ਗਹਿਲੋਤ ਨੂੰ ਮੁੱਖ ਮੰਤਰੀ ਬਣਾਈ ਰਖਣ ਸਮੇਤ ਹੋਰ ਮੰਗਾਂ ਵੀ ਪੇਸ਼ ਕੀਤੀਆਂ।

ਇਸ ਨਾਟਕੀ ਘਟਨਾਕ੍ਰਮ ਨਾਲ ਇਹ ਸਵਾਲ ਵੀ ਖੜ੍ਹੇ ਹੋ ਗਏ ਹਨ ਕਿ ਕੀ ਗਹਿਲੋਤ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਲੜਨਗੇ ਜਾਂ ਉਨ੍ਹਾਂ ਦੀ ਥਾਂ ’ਤੇ ਕਿਸੇ ਹੋਰ ਉਮੀਦਵਾਰ ਦੀ ਹਮਾਇਤ ਕੀਤੀ ਜਾਵੇਗੀ। ਗਹਿਲੋਤ ਨੇ ਕਿਹਾ ਹੈ ਕਿ ‘ਇਕ ਵਿਅਕਤੀ, ਇਕ ਅਹੁਦੇ’ ਦਾ ਫਾਰਮੂਲਾ ਉਨ੍ਹਾਂ ’ਤੇ ਲਾਗੂ ਨਹੀਂ ਹੁੰਦਾ ਹੈ ਕਿਉਂਕਿ ਕਾਂਗਰਸ ਪ੍ਰਧਾਨ ਦੀ ਚੋਣ ਅੰਦਰੂਨੀ ਮਾਮਲਾ ਹੈ। ਪਾਰਟੀ ਵਿਧਾਇਕਾਂ ਦੀ ਬਗ਼ਾਵਤ ਮਗਰੋਂ ਪੈਦਾ ਹੋਏ ਹਾਲਾਤ ’ਤੇ ਚਰਚਾ ਲਈ ਏਆਈਸੀਸੀ ਜਨਰਲ ਸਕੱਤਰ (ਜਥੇਬੰਦਕ) ਕੇ ਸੀ ਵੇਣੂਗੋਪਾਲ ਵੀ ਸੋਨੀਆ ਦੀ ਰਿਹਾਇਸ਼ ’ਤੇ ਪਹੁੰਚੇ। ਰਾਜਸਥਾਨ ’ਚ ਵਿਰੋਧੀ ਧਿਰ ਦੇ ਸਾਬਕਾ ਆਗੂ ਰਾਮੇਸ਼ਵਰ ਡੂਡੀ ਨੇ ਵੀ ਸੋਨੀਆ ਨਾਲ ਮੁਲਾਕਾਤ ਕੀਤੀ। ਰਾਜਸਥਾਨ ਦੇ ਮੰਤਰੀਆਂ ਸ਼ਾਂਤੀ ਧਾਰੀਵਾਲ, ਮਹੇਸ਼ ਜੋਸ਼ੀ ਅਤੇ ਪ੍ਰਤਾਪ ਸਿੰਘ ਖਚਰੀਆਵਾਸ ਨੇ ਜੈਪੁਰ ’ਚ ਐਤਵਾਰ ਰਾਤ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਖੜਗੇ ਅਤੇ ਮਾਕਨ ਨਾਲ ਮੁਲਾਕਾਤ ਕੀਤੀ ਸੀ। ਮਾਕਨ ਨੇ ਕਿਹਾ ਕਿ ਵਫ਼ਦ ਨੇ ਤਿੰਨ ਸ਼ਰਤਾਂ ਰਖੀਆਂ ਹਨ। ਪਹਿਲੀ, ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ ਕਾਂਗਰਸ ਪ੍ਰਧਾਨ ਦੀ ਚੋਣ ਮਗਰੋਂ ਲਿਆ ਜਾਵੇ। ਦੂਜਾ, ਮੁੱਖ ਮੰਤਰੀ ਉਨ੍ਹਾਂ ਵਿਧਾਇਕਾਂ ’ਚੋਂ ਹੋਣਾ ਚਾਹੀਦਾ ਹੈ, ਜੋ 2020 ’ਚ ਸਿਆਸੀ ਸੰਕਟ ਦੌਰਾਨ ਸਰਕਾਰ ਨਾਲ ਖੜ੍ਹੇ ਰਹੇ ਸਨ ਨਾ ਕਿ ਪਾਇਲਟ ਕੈਂਪ ’ਚੋਂ ਬਣਾਇਆ ਜਾਵੇ। ਤੀਜਾ, ਏਆਈਸੀਸੀ ਨਿਗਰਾਨਾਂ ਨੂੰ ਇਕੱਲੇ-ਇਕੱਲੇ ਦੀ ਬਜਾਏ ਗਰੁੱਪਾਂ ’ਚ ਵਿਧਾਇਕਾਂ ਨਾਲ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ। ਮਾਕਨ ਨੇ ਵਿਧਾਇਕਾਂ ਨੂੰ ਦੱਸਿਆ ਕਿ ਕੋਈ ਫ਼ੈਸਲਾ ਅਜੇ ਨਹੀਂ ਲਿਆ ਗਿਆ ਹੈ ਅਤੇ ਉਹ ਹਰ ਕਿਸੇ ਦੀ ਗੱਲ ਸੁਣਨਗੇ। ਆਜ਼ਾਦ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਸੰਯਮ ਲੋਧਾ ਨੇ ਕਿਹਾ ਸੀ ਕਿ ਜੇਕਰ ਵਿਧਾਇਕਾਂ ਦੀਆਂ ਭਾਵਨਾਵਾਂ ਨੂੰ ਧਿਆਨ ’ਚ ਰਖ ਕੇ ਫ਼ੈਸਲਾ ਨਾ ਲਿਆ ਗਿਆ ਤਾਂ ਸਰਕਾਰ ਖ਼ਤਰੇ ’ਚ ਆ ਜਾਵੇਗੀ।

ਕੋਈ ਵੀ ਕਾਂਗਰਸੀ ਆਗੂ ਕੌਮੀ ਪ੍ਰਧਾਨ ਨਹੀਂ ਬਣਨਾ ਚਾਹੁੰਦੈ: ਭਾਜਪਾ

ਨਵੀਂ ਦਿੱਲੀ:
ਭਾਜਪਾ ਆਗੂ ਸਤੀਸ਼ ਪੂਨੀਆ ਨੇ ਰਾਜਸਥਾਨ ’ਚ ਚੱਲ ਰਹੇ ਸਿਆਸੀ ਸੰਕਟ ਲਈ ਕਾਂਗਰਸ ਨੂੰ ਘੇਰਦਿਆਂ ਕਿਹਾ ਹੈ ਕਿ ਪਾਰਟੀ ਦਾ ਕੋਈ ਵੀ ਆਗੂ ਕੌਮੀ ਪ੍ਰਧਾਨ ਨਹੀਂ ਬਣਨਾ ਚਾਹੁੰਦਾ ਹੈ ਅਤੇ ਉਹ ਸੂਬੇ ਦੇ ਮੁੱਖ ਮੰਤਰੀ ਜਾਂ ਖੇਤਰੀ ਆਗੂ ਬਣਨ ਦੇ ਇੱਛੁਕ ਹਨ। ਪੂਨੀਆ ਨੇ ਕਿਹਾ,‘‘ਰਾਜਸਥਾਨ ’ਚ ਕਿੱਸਾ ਕੁਰਸੀ ਦਾ ਨਾਟਕ 2018 ’ਚ ਸ਼ੁਰੂ ਹੋਇਆ ਸੀ ਜਦੋਂ ਗਹਿਲੋਤ ਅਤੇ ਸਚਿਨ ਪਾਇਲਟ ਲਈ ਨਾਅਰੇ ਲੱਗੇ ਸਨ। ਪਹਿਲਾਂ ਉਹ ਮੰਤਰੀ ਮੰਡਲ ਦੇ ਅਹੁਦਿਆਂ ਅਤੇ ਫਿਰ ਜੈਪੁਰ ’ਚ ਸਕੱਤਰੇਤ ਦੇ ਕਮਰਿਆਂ ਲਈ ਲੜਦੇ ਰਹੇ ਸਨ।’’ ਭਾਜਪਾ ਦੇ ਇਕ ਹੋਰ ਆਗੂ ਰਾਜਵਰਧਨ ਸਿੰਘ ਰਾਠੌੜ ਨੇ ਕਿਹਾ ਕਿ ਹੁਣ ਇਹ ਨਾਟਕਬਾਜ਼ੀ ਖ਼ਤਮ ਹੋਣੀ ਚਾਹੀਦੀ ਹੈ ਕਿਉਂਕਿ ਕਾਂਗਰਸ ਨੂੰ ਸੱਤਾ ’ਚ ਰਹਿਣ ਦਾ ਕੋਈ ਹੱਕ ਨਹੀਂ ਰਿਹਾ ਹੈ।