ਰਾਜਸਥਾਨ ਨੂੰ ਵਾਧੂ ਪਾਣੀ ਦੇਣ ਖ਼ਿਲਾਫ਼ ਅਕਾਲੀ ਦਲ ਵੱਲੋਂ ਧਰਨੇ ਦਾ ਐਲਾਨ

ਰਾਜਸਥਾਨ ਨੂੰ ਵਾਧੂ ਪਾਣੀ ਦੇਣ ਖ਼ਿਲਾਫ਼ ਅਕਾਲੀ ਦਲ ਵੱਲੋਂ ਧਰਨੇ ਦਾ ਐਲਾਨ

ਪੰਥ ਅਤੇ ਪੰਜਾਬ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ: ਸੁਖਬੀਰ ਬਾਦਲ
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਰਾਜਸਥਾਨ ਨੂੰ ਦਰਿਆਈ ਪਾਣੀ ਦੇਣ ਦਾ ਦੋਸ਼ ਲਾਉਂਦਿਆਂ ਭਲਕੇ ਅਬੋਹਰ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਧਰਨਾ ਦੇਣ ਦਾ ਐਲਾਨ ਕੀਤਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ 700 ਕਿਊਸਿਕ ਪਾਣੀ ਦੀ ਥਾਂ 1200 ਕਿਊਸਿਕ ਵਾਧੂ ਦਰਿਆਈ ਪਾਣੀ ਰਾਜਸਥਾਨ ਨੂੰ ਛੱਡਿਆ ਜਾ ਰਿਹਾ ਹੈ। ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦਾ ਰਾਖਾ ਹੈ। ਇਸ ਨਾਤੇ ਉਹ ‘ਆਪ’ ਸਰਕਾਰ ਵੱਲੋਂ ਪੰਜਾਬ ਦਾ ਦਰਿਆਈ ਪਾਣੀ ਚੁੱਪਚਾਪ ਰਾਜਸਥਾਨ ਨੂੰ ਦਿੱਤੇ ਜਾਣ ਦੇ ਕੀਤੇ ਕਰਾਰ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਵੇਖੇਗਾ। ਸੁਖਬੀਰ ਨੇ ਕਿਹਾ ਕਿ ਉਨ੍ਹਾਂ ਭਗਵੰਤ ਮਾਨ ਨੂੰ ਇਸ ਸਬੰਧੀ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਿਆ ਸੀ ਪਰ ਇਕ ਦਿਨ ਬੀਤਣ ਦੇ ਬਾਵਜੂਦ ਮੁੱਖ ਮੰਤਰੀ ਨੇ ਚੁੱਪ ਵੱਟੀ ਹੋਈ ਹੈ। ਸੁਖਬੀਰ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤਾ ਗਿਆ ਫੈਸਲਾ ਪੰਜਾਬ ਅਤੇ ਪੰਥ , ਆਰਥਿਕ, ਖੇਤਰੀ ਤੇ ਦਰਿਆਈ ਪਾਣੀਆਂ ਦੇ ਮੁੱਦੇ ’ਤੇ ਕੀਤੇ ਜਾ ਰਹੇ ਧੋਖਿਆਂ ਦੀ ਲਗਾਤਾਰਤਾ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਦੀ ਅਗਵਾਈ ਕੀਤੀ ਅਤੇ ਇਹ ਪਾਣੀ ਹਰਿਆਣਾ ਤੇ ਦਿੱਲੀ ਨੂੰ ਦਿੱਤੇ। ਭਗਵੰਤ ਮਾਨ ਇਸ ਲੁੱਟ ਪ੍ਰਤੀ ਅੱਖਾਂ ਮੀਟਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਪੱਸ਼ਟ ਹੈ ਕਿ ਕੇਜਰੀਵਾਲ ਦੀ ਹਦਾਇਤ ’ਤੇ ਭਗਵੰਤ ਮਾਨ ਨੇ ਹੁਣ ਰਾਜਸਥਾਨ ਨੂੰ ਵਾਧੂ ਦਰਿਆਈ ਪਾਣੀ ਦੇਣ ਦੇ ਇਕਰਾਰ ’ਤੇ ਸਹੀ ਪਾਈ ਹੈ, ਜਿਸ ਨਾਲ ਪੰਜਾਬ ਦੇ ਪਹਿਲਾਂ ਹੀ ਕਸੂਤੇ ਫਸੇ ਕਿਸਾਨਾਂ ਦੀ ਤਬਾਹੀ ਹੋਰ ਵਧ ਜਾਵੇਗੀ ਤੇ ਸੂਬੇ ਦੇ ਅਰਥਚਾਰੇ ਨੂੰ ਵੀ ਵੱਡੀ ਸੱਟ ਵੱਜੇਗੀ।

ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਪਾਣੀ ਨੂੰ ਤਰਸ ਰਹੇ ਹਨ ਪਰ ਪੰਜਾਬ ਦੀ ‘ਆਪ’ ਸਰਕਾਰ ਬਾਹਰੀ ਸੂਬਿਆਂ ਨੂੰ ਪਾਣੀ ਲੁਟਾ ਰਹੀ ਹੈ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਹਰਿਆਣਾ ਵੱਲੋਂ ਵੱਖਰੀ ਵਿਧਾਨ ਸਭਾ ਦਾ ਵਿਰੋਧ ਕਰਨ ਦੀ ਥਾਂ ਪੰਜਾਬ ਲਈ ਹੀ ਇਸ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਥਾਂ ਮੰਗ ਕੇ ਚੰਡੀਗੜ੍ਹ ’ਤੇ ਆਪਣੇ ਦਾਅਵੇ ਦਾ ਆਤਮਸਮਰਪਣ ਕਰ ਦਿੱਤਾ ਸੀ।