ਰਾਜਪਾਲ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

ਰਾਜਪਾਲ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

ਆਮ ਆਦਮੀ ਕਲੀਨਿਕਾਂ, ਲਾਭਪਾਤਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਤੇ ਸਕੂਲਜ਼ ਆਫ ਐਮੀਨੈਂਸ ਦਾ ਕੀਤਾ ਜ਼ਿਕਰ
ਚੰਡੀਗੜ੍ਹ – ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਰਕਾਰ ਨੇ 6 ਗਜ਼ਟਿਡ ਅਫ਼ਸਰਾਂ, 79 ਨਾਨ-ਗਜ਼ਟਿਡ ਅਫ਼ਸਰਾਂ ਅਤੇ 22 ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ 83 ਟਰੈਪ ਕੇਸ ਦਰਜ ਕੀਤੇ ਹਨ। ਇਸੇ ਤਰ੍ਹਾਂ ਪਿਛਲੇ ਇਕ ਸਾਲ ਵਿੱਚ ਯੋਗ ਲਾਭਪਾਤਰੀਆਂ ਨੂੰ 26,797 ਨਿਯੁਕਤੀ ਪੱਤਰ ਵੰਡੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਿਆਰੀ ਸਿਹਤ ਸੇਵਾਵਾਂ ਦੇਣ ਲਈ 504 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਹਨ। ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ 13,769 ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 117 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ‘ਸਕੂਲਜ਼ ਆਫ਼ ਐਮੀਨੈਂਸ ਵਿੱਚ ਤਬਦੀਲ ਕਰਨ ਲਈ ਚੁਣਿਆ ਗਿਆ ਹੈ ਅਤੇ 36 ਪ੍ਰਿੰਸੀਪਲ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਿਆ ਗਿਆ। ਇਸੇ ਤਰ੍ਹਾਂ ਹੀ ਇੱਕ ਕਰੋੜ ਤੋਂ ਵੱਧ ਖਪਤਕਾਰਾਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਯਕੀਨੀ ਬਣਾਈ।

ਉਨ੍ਹਾਂ ਕਿਹਾ ਕਿ 90 ਫ਼ੀਸਦੀ ਤੋਂ ਵੱਧ ਖਪਤਕਾਰਾਂ ਦਾ ਬਿੱਲ ਪਹਿਲੀ ਵਾਰ ਜ਼ੀਰੋ ਆਇਆ ਹੈ ਅਤੇ ਘਰੇਲੂ ਖਪਤਕਾਰਾਂ ਦੇ 1298 ਕਰੋੜ ਰੁਪਏ ਦੇ ਬਕਾਏ ਮੁਆਫ਼ ਕੀਤੇ ਗਏ ਹਨ। ਸਰਕਾਰ ਨੇ ਡੀਐਸਆਰ ਹੇਠ 1,69,008 ਏਕੜ ਜ਼ਮੀਨ ਲਈ ਸਾਉਣੀ ਦੇ ਸੀਜ਼ਨ ਦੌਰਾਨ ਕੁੱਲ 25.06 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਗੰਨੇ ਦੇ ਖ਼ਰੀਦ ਮੁੱਲ ਵਿੱਚ 20 ਰੁਪਏ ਦਾ ਵੀ ਵਾਧਾ ਕੀਤਾ ਹੈ ਤੇ 492 ਕਰੋੜ ਰੁਪਏ ਦੇ ਸਾਰੇ ਬਕਾਏ ਦਾ ਵੀ ਭੁਗਤਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਰਾਹੀਂ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੀ ਇੱਛੁਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਨੇ 1766 ਪਲੇਸਮੈਂਟ ਕੈਂਪਾਂ/ਨੌਕਰੀ ਮੇਲਿਆਂ/ਸਵੈ-ਰੋਜ਼ਗਾਰ ਕੈਂਪਾਂ ਤੇ ਹੋਰ ਮਾਧਿਅਮ ਰਾਹੀਂ 20661 ਉਮੀਦਵਾਰਾਂ ਨੂੰ ਨੌਕਰੀਆਂ ਮੁਹੱਈਆ ਕਰਨ ਲਈ 29.97 ਕਰੋੜ ਰੁਪਏ ਖ਼ਰਚੇ ਹਨ।

ਰਾਜਪਾਲ ਨੇ ਕਿਹਾ ਕਿ ਸੂਬਾ ਸਰਕਾਰ ਨੂੰ 2295 ਨਿਵੇਸ਼ ਤਜਵੀਜ਼ਾਂ ਵੀ ਪ੍ਰਾਪਤ ਹੋਈਆਂ ਹਨ, ਜਿਸ ਤਹਿਤ 41,043 ਕਰੋੜ ਰੁਪਏ ਦੇ ਨਿਵੇਸ਼ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਸੱਭਿਆਚਾਰ ਨਾਲ ਪ੍ਰਭਾਵਸ਼ਾਲੀ ਤਰੀਕੇ ਲਾਲ ਸਿੱਝਣ ਅਤੇ ਕਾਨੂੰਨ-ਵਿਵਸਥਾ ਵਿੱਚ ਲੋਕਾਂ ਦਾ ਭਰੋਸਾ ਬਹਾਲ ਕਰਨ ਲਈ ਏਡੀਜੀਪੀ ਰੈਂਕ ਦੇ ਅਫ਼ਸਰ ਦੀ ਅਗਵਾਈ ਹੇਠ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ਼) ਦਾ ਗਠਨ ਕੀਤਾ ਗਿਆ ਹੈ।