ਰਾਜਪਾਲ ਨੇ ਰਾਜ ਭਵਨ ’ਚ ਟਮਾਟਰ ਦੀ ਵਰਤੋਂ ’ਤੇ ਰੋਕ ਲਗਾਈ

ਰਾਜਪਾਲ ਨੇ ਰਾਜ ਭਵਨ ’ਚ ਟਮਾਟਰ ਦੀ ਵਰਤੋਂ ’ਤੇ ਰੋਕ ਲਗਾਈ

ਚੰਡੀਗੜ੍ਹ- ਟਮਾਟਰ ਦੀਆਂ ਅਸਮਾਨ ਚੜ੍ਹੀਆਂ ਕੀਮਤਾਂ ਨੇ ਹਰ ਘਰ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਇਸ ਦਾ ਅਸਰ ਪੰਜਾਬ ਰਾਜ ਭਵਨ ਦੀ ਰਸੋਈ ’ਤੇ ਵੀ ਦੇਖਣ ਨੂੰ ਮਿਲਿਆ। ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਟਮਾਟਰ ਦੀਆਂ ਕੀਮਤਾਂ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਇਸ ਦੇ ਨਾਲ ਹੀ ਰਾਜਪਾਲ ਨੇ ਰਾਜ ਭਵਨ ਵਿੱਚ ਟਮਾਟਰਾਂ ਦੀ ਵਰਤੋਂ ’ਤੇ ਕੁਝ ਸਮੇਂ ਲਈ ਰੋਕ ਲਗਾ ਦਿੱਤੀ ਹੈ।

ਸ੍ਰੀ ਪੁਰੋਹਿਤ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ’ਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਟਮਾਟਰ ਦੀ ਕੀਮਤ ਵੱਧਣ ਕਰ ਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਰਸੋਈ ਵਿੱਚ ਟਮਾਟਰ ਦੀ ਲਾਜ਼ਮੀ ਵਰਤੋਂ ਕੀਤੀ ਜਾਂਦੀ ਹੈ ਪਰ ਟਮਾਟਰ ਦੀਆਂ ਕੀਮਤਾਂ ਵਧਣ ਕਰ ਕੇ ਲੋਕਾਂ ਦੀ ਰਸੋਈ ਦੇ ਬਜਟ ’ਤੇ ਕਾਫੀ ਅਸਰ ਪਿਆ ਹੈ। ਉਨ੍ਹਾਂ ਨੇ ਟਮਾਟਰ ਦੀਆਂ ਵਧੀਆਂ ਕੀਮਤਾਂ ਕਰ ਕੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ’ਤੇ ਚਿੰਤਾ ਜ਼ਾਹਿਰ ਕੀਤੀ।

ਸ੍ਰੀ ਪੁਰੋਹਿਤ ਨੇ ਟਮਾਟਰ ਦੀਆਂ ਵਧੀਆਂ ਕੀਮਤਾਂ ਕਰ ਕੇ ਲੋਕਾਂ ਨੂੰ ਪੇਸ਼ ਆ ਰਹੀ ਸਮੱਸਿਆਵਾਂ ਦੇ ਚੱਲਦਿਆਂ ਰਾਜ ਭਵਨ ’ਚ ਟਮਾਟਰ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵਸਤੂ ਦੀ ਖਪਤ ਨੂੰ ਰੋਕਣਾ ਜਾਂ ਘਟਾਉਣਾ, ਇਸ ਦੀ ਕੀਮਤ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ’ਚ ਟਮਾਟਰ ਦੀ ਮੰਗ ਘੱਟਣ ਨਾਲ ਕੀਮਤ ਵੀ ਹੇਠਾਂ ਆ ਜਾਵੇਗੀ। ਰਾਜਪਾਲ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਟਮਾਟਰ ਦੀ ਥਾਂ ਹੋਰ ਵਿਕਲਪਾਂ ਦੀ ਵਰਤੋਂ ਕਰਨ। ਇਸ ਨਾਲ ਟਮਾਟਰ ਦੀ ਮੰਗ ਘਟੇਗੀ ਤੇ ਉਸ ਦਾ ਅਸਰ ਟਮਾਟਰ ਦੀਆਂ ਕੀਮਤਾਂ ’ਤੇ ਵੀ ਪਵੇਗਾ।