ਰਾਜਨਾਥ ਸਿੰਘ ਵੱਲੋਂ ਬਰਤਾਨਵੀ ਹਮਰੁਤਬਾ ਨਾਲ ਫੋਨ ’ਤੇ ਗੱਲਬਾਤ

ਰਾਜਨਾਥ ਸਿੰਘ ਵੱਲੋਂ ਬਰਤਾਨਵੀ ਹਮਰੁਤਬਾ ਨਾਲ ਫੋਨ ’ਤੇ ਗੱਲਬਾਤ

ਬ੍ਰਿਟਿਸ਼ ਰੱਖਿਆ ਮੰਤਰੀ ਨੇ ਰਾਜਨਾਥ ਨੂੰ ਬਰਤਾਨੀਆ ਆਉਣ ਦਾ ਸੱਦਾ ਦਿੱਤਾ
ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਪਣੇ ਬਰਤਾਨਵੀ ਹਮਰੁਤਬਾ ਗਰਾਂਟ ਸ਼ੈੱਪਸ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ ਜਿਸ ਦਾ ਮਕਸਦ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਡੂੰਘੇ ਭਾਰਤ-ਬਰਤਾਨੀਆ ਸਹਿਯੋਗ ਨੂੰ ਵਿਕਸਤ ਕਰਨ ਦੇ ਤਰੀਕਿਆਂ ’ਤੇ ਧਿਆਨ ਕੇਂਦਰਿਤ ਕਰਨਾ ਸੀ। ਇਸ ਦੌਰਾਨ ਸ਼ੈੱਪਸ ਨੇ ਰਾਜਨਾਥ ਨੂੰ ਬਰਤਾਨੀਆ ਆਉਣ ਦਾ ਸੱਦਾ ਵੀ ਦਿੱਤਾ।

ਰੱਖਿਆ ਮੰਤਰਾਲੇ ਨੇ ਕਿਹਾ ਕਿ ਰਾਜਨਾਥ ਅਤੇ ਗਰਾਂਟ ਨੇ ਮੌਜੂਦਾ ਦੁਵੱਲੇ ਰੱਖਿਆ ਸਮਝੌਤਿਆਂ ਦੀ ਸੰਖੇਪ ਸਮੀਖਿਆ ਕਰਦਿਆਂ ਨਵੇਂ ਖੇਤਰਾਂ ਵਿੱਚ ਸੰਭਾਵਿਤ ਸਹਿਯੋਗ ਬਾਰੇ ਚਰਚਾ ਕੀਤੀ। ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ ਹੈ, ‘‘ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 13 ਨਵੰਬਰ ਨੂੰ ਬਰਤਾਨੀਆ ਦੇ ਰੱਖਿਆ ਮੰਤਰੀ ਗਰਾਂਟ ਸ਼ੈੱਪਸ ਨਾਲ ਫੋਨ ’ਤੇ ਗੱਲਬਾਤ ਕੀਤੀ। ਦੋਵਾਂ ਮੰਤਰੀਆਂ ਨੇ ਹਿੰਦ ਪ੍ਰਸ਼ਾਂਤ ਖੇਤਰ ’ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਰੱਖਿਆ ਤੇ ਸੁਰੱਖਿਆ ਮੁੱਦਿਆਂ ਬਾਰੇ ਚਰਚਾ ਕੀਤੀ।’’ ਮੰਤਰਾਲੇ ਨੇ ਕਿਹਾ, ‘‘ਉਨ੍ਹਾਂ ਨੇ ਮੌਜੂਦਾ ਸਮਝੌਤਿਆਂ ਦੀ ਸੰਖੇਪ ਸਮੀਖਿਆ ਕਰਦਿਆਂ ਨਵੇਂ ਖੇਤਰਾਂ ਵਿੱਚ ਸੰਭਾਵੀ ਸਹਿਯੋਗ ਬਾਰੇ ਗੱਲਬਾਤ ਕੀਤੀ।’’ ਉਨ੍ਹਾਂ ਕਿਹਾ ਕਿ ਰਾਜਨਾਥ ਤੇ ਗਰਾਂਂਟ ਨੇ ਮਜ਼ਬੂਤ ਰੱਖਿਆ ਸਬੰਧਾਂ ਨੂੰ ਵਿਕਸਤ ਕਰਨ ਦੇ ਤਰੀਕੇ ਅਤੇ ਵਸੀਲੇ ਤਲਾਸ਼ਣ ਬਾਰੇ ਵਿਚਾਰ-ਵਟਾਂਦਰਾ ਕੀਤਾ। ਬਿਆਨ ਮੁਤਾਬਕ, ‘‘ਗਰਾਂਟ ਨੇ ਨੇੜ ਭਵਿੱਖ ਵਿੱਚ ਰੱਖਿਆ ਮੰਤਰੀ ਨੂੰ ਬਰਤਾਨੀਆ ਆਉਣ ਦਾ ਸੱਦਾ ਦਿੱਤਾ। ਰਾਜਨਾਥ ਨੇ ਸ਼ੈੱਪਸ ਨੂੰ ਰੱਖਿਆ ਮੰਤਰੀ ਬਣਨ ’ਤੇ ਵਧਾਈ ਦਿੱਤੀ।’’ ਜ਼ਿਕਰਯੋਗ ਹੈ ਕਿ ਸ਼ੈਪਸ ਨੂੰ ਅਗਸਤ ਵਿੱਚ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਬੇਨ ਵੈਲੇਸ ਦੀ ਥਾਂ ਲਈ ਸੀ। ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਦਰਮਿਆਨ ਫੋਨ ’ਤੇ ਗੱਲਬਾਤ ਅਜਿਹੇ ਸਮੇਂ ਹੋਈ ਹੈ, ਜਦੋਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਬਰਤਾਨੀਆ ਦੌਰੇ ਉੱਤੇ ਹਨ।