ਰਾਘਵ-ਪਰਿਨੀਤੀ ਦੇ ਮੰਗਣੀ ਸਮਾਗਮ ’ਚ ਜਥੇਦਾਰ ਦੀ ਹਾਜ਼ਰੀ ’ਤੇ ਉੱਠੇ ਸਵਾਲ

ਰਾਘਵ-ਪਰਿਨੀਤੀ ਦੇ ਮੰਗਣੀ ਸਮਾਗਮ ’ਚ ਜਥੇਦਾਰ ਦੀ ਹਾਜ਼ਰੀ ’ਤੇ ਉੱਠੇ ਸਵਾਲ

ਅੰਮ੍ਰਿਤਸਰ – ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਅਦਾਕਾਰਾ ਪਰਿਨੀਤੀ ਚੋਪੜਾ ਦੇ ਮੰਗਣੀ ਸਮਾਗਮ ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਬੰਧੀ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ, ‘‘ਸਤਿਕਾਰਯੋਗ ਜਥੇਦਾਰ ਸਾਹਿਬ! ਮੇਰੇ ਵਰਗੇ ਨਿਮਾਣੇ ਸਿੱਖ ਨੂੰ ਅੱਜ ਦੁੱਖ ਹੋਇਆ। ਹੁਣ ਗੁਰੂ ਹੀ ਕੌਮ ਦਾ ਰਖਵਾਲਾ ਹੈ।’’ ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਲਿਖਿਆ ਜਾ ਰਿਹਾ ਹੈ ਕਿ ਆਮ ਤੌਰ ’ਤੇ ਵਿਆਹ ਵਾਲੇ ਜੋੜੇ ਅਕਾਲ ਤਖ਼ਤ ਵਿਖੇ ਆਸ਼ੀਰਵਾਦ ਲੈਣ ਜਾਂਦੇ ਹਨ ਪਰ ਇਸ ਵਾਰ ਉਲਟ ਹੋਇਆ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ ਹਾਲ ਹੀ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਤੇ ‘ਆਪ’ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਕਿੰਤੂ-ਪ੍ਰੰਤੂ ਹੋਈ ਸੀ, ਇਸ ਦੇ ਬਾਵਜੂਦ ਜਥੇਦਾਰ ਹਰਪ੍ਰੀਤ ਸਿੰਘ ਦੀ ‘ਆਪ’ ਆਗੂ ਦੇ ਸਮਾਗਮ ਵਿੱਚ ਸ਼ਮੂਲੀਅਤ ਵੱਡੇ ਸਵਾਲ ਖੜ੍ਹੇ ਕਰਦੀ ਹੈ।