ਰਾਘਵ ਤੇ ਪਰਿਨੀਤੀ ਦੀ ਮੰਗਣੀ ’ਚ ਜਥੇਦਾਰ ਦੀ ਸ਼ਮੂਲੀਅਤ ਦਾ ਮਾਮਲਾ ਮੁੜ ਭਖਿਆ

ਰਾਘਵ ਤੇ ਪਰਿਨੀਤੀ ਦੀ ਮੰਗਣੀ ’ਚ ਜਥੇਦਾਰ ਦੀ ਸ਼ਮੂਲੀਅਤ ਦਾ ਮਾਮਲਾ ਮੁੜ ਭਖਿਆ

ਅੰਮ੍ਰਿਤਸਰ – ‘ਆਪ’ ਦੇ ਸੰਸਦ ਮੈਂਬਰ ਰਾਘਵ ਚੱਢਾ ਤੇ ਅਦਾਕਾਰਾ ਪਰਿਨੀਤੀ ਚੋਪੜਾ ਨੇ ਅੱਜ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਮੰਗਣੀ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਨਾਲ ਇੱਕ ਵਾਰ ਮੁੜ ਇਸ ਸਮਾਗਮ ਵਿੱਚ ਜਥੇਦਾਰ ਦੀ ਸ਼ਮੂਲੀਅਤ ਦਾ ਮਾਮਲਾ ਭਖ਼ ਗਿਆ ਹੈ। ਵੱਡੀ ਗਿਣਤੀ ਲੋਕਾਂ ਵੱਲੋਂ ਇਨ੍ਹਾਂ ਤਸਵੀਰਾਂ ’ਤੇ ਪ੍ਰਤੀਕਿਰਿਆਵਾਂ ਦਿੱਤੀਆਂ ਗਈਆਂ ਹਨ, ਪਰ ਹਾਲ ਦੀ ਘੜੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿੱਚ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ 13 ਮਈ ਨੂੰ ਨਵੀਂ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਇਹ ਸਮਾਗਮ ਸਿੱਖ ਰੀਤੀ ਰਿਵਾਜ਼ਾਂ ਅਨੁਸਾਰ ਕਰਵਾਇਆ ਗਿਆ ਸੀ, ਜਿਸ ਵਿੱਚ ਗੁਰਬਾਣੀ ਕੀਰਤਨ ਮਗਰੋਂ ਅਰਦਾਸ ਕਰਕੇ ਕੁੜਮਾਈ ਦੀ ਰਸਮ ਸ਼ੁਰੂ ਕੀਤੀ ਗਈ ਸੀ। ਇਸ ਸਮਾਗਮ ਦੀਆਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ ’ਤੇ ਵੱਡੀ ਗਿਣਤੀ ਲੋਕਾਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ। ਰਾਘਵ ਤੇ ਪਰਿਨੀਤੀ ਵੱਲੋਂ ਅੱਜ ਆਪਣੇ ਟਵੀਟਰ ਖਾਤਿਆਂ ’ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚੋਂ ਇੱਕ ਵਿੱਚ ਦੋਵੇਂ ਹੱਥ ਜੋੜ ਕੇ ਜਥੇਦਾਰ ਹਰਪ੍ਰੀਤ ਸਿੰਘ ਦਾ ਸਵਾਗਤ ਕਰ ਰਹੇ ਹਨ। ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਆਖਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ ਉਨ੍ਹਾਂ ਲਈ ਆਸ਼ੀਰਵਾਦ ਹੈ। ਸਮਾਗਮ ’ਚ ਜਥੇਦਾਰ ਦੀ ਮੌਜੂਦਗੀ ਉਨ੍ਹਾਂ ਲਈ ਬਹੁਤ ਵੱਡੀ ਗੱਲ ਹੈ। ਇਕ ਤਸਵੀਰ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਵੀ ਹੱਥ ਜੋੜ ਕੇ ਦੋਵਾਂ ਦਾ ਸਵਾਗਤ ਕਬੂਲ ਰਹੇ ਹਨ। ਇੱਕ ਹੋਰ ਤਸਵੀਰ ਵਿੱਚ ਤਿੰਨੋਂ ਜਣੇ ਹੱਸਦੇ ਦਿਖਾਈ ਦੇ ਰਹੇ ਹਨ।