ਰਤਵਾੜਾ ਸਾਹਿਬ ਵਿੱਚ ਗਤਕਾ ਚੈਂਪੀਅਨਸ਼ਿਪ ਸ਼ੁਰੂ

ਰਤਵਾੜਾ ਸਾਹਿਬ ਵਿੱਚ ਗਤਕਾ ਚੈਂਪੀਅਨਸ਼ਿਪ ਸ਼ੁਰੂ

ਮੁੱਲਾਂਪੁਰ ਗਰੀਬਦਾਸ-ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਦੇ ਖੁੱਲ੍ਹੇ ਪੰਡਾਲ ਵਿੱਚ ਦੋ ਰੋਜ਼ਾ 7ਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਦਾ ਰਸਮੀਂ ਉਦਘਾਟਨ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਕੀਤਾ। ਗਤਕਾ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਇਹ ਚੈਂਪੀਅਨਸ਼ਿਪ 25 ਨਵੰਬਰ ਤੱਕ ਚੱਲੇਗੀ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਤਕਾ ਖੇਡ ਪੰਜਾਬ ਦੀ ਇਤਿਹਾਸਕ ਖੇਡ ਹੈ ਜੋ ਕਿ ਸਾਨੂੰ ਆਪਣੇ ਗੁਰੂ ਸਹਿਬਾਨ ਤੋਂ ਅਸ਼ੀਰਵਾਦ ਵਜੋਂ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਹਰੇਕ ਖਿਡਾਰੀ ਨੂੰ ਅਨੁਸ਼ਾਸਨ ਦੀ ਪਾਲਣਾ ਕਰਦੇ ਹੋਏ ਇਹ ਖੇਡ ਖੇਡਣੀ ਚਾਹੀਦੀ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਬਾਣੀ ਤੇ ਬਾਣੇ ਨਾਲ ਜੁੜੇ ਰਹਿਣ ਲਈ ਵੀ ਪ੍ਰੇਰਿਆ। ਇਸ ਤੋਂ ਪਹਿਲਾਂ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰਸਟ ਰਤਵਾੜਾ ਸਾਹਿਬ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਨੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਦਾ ਸਵਾਗਤ ਤੇ ਸਨਮਾਨ ਕੀਤਾ। ਸ੍ਰੀ ਸੰਧਵਾਂ ਨੇ ਗਤਕਾ ਐਸੋਸੀਏਸ਼ਨ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕਰਦਿਆਂ ਗਤਕਾ ਖਿਡਾਰੀਆਂ ਨੂੰ ਪੰਜਾਬ ਵਿਧਾਨ ਸਭਾ ’ਚ ਆਉਣ ਦਾ ਸੱਦਾ ਵੀ ਦਿੱਤਾ। ਚੈਂਪੀਅਨਸ਼ਿਪ ਵਿੱਚ ਸਬ ਜੂਨੀਅਰ ਤੇ ਸੀਨੀਅਰ ਵਰਗ 14, 17, 19, 22, 25 ਤੇ 28 ਸਾਲ ਤੱਕ ਦੇ ਲੜਕੇ ਤੇ ਲੜਕੀਆਂ ਹਿੱਸਾ ਲੈ ਰਹੇ ਹਨ।