ਯੋਗੀ ਵੱਲੋਂ ਮੀਡੀਆ ਦੀ ਆਜ਼ਾਦੀ ਦੀ ਹਮਾਇਤ

ਯੋਗੀ ਵੱਲੋਂ ਮੀਡੀਆ ਦੀ ਆਜ਼ਾਦੀ ਦੀ ਹਮਾਇਤ

ਨੋਇਡਾ ਦੀ ਸੜਕ ਦਾ ਨਾਂ ‘ਰਾਮਨਾਥ ਗੋਇਨਕਾ ਮਾਰਗ’ ਰੱਖਿਆ
ਨੋਇਡਾ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਮੀਡੀਆ ਦੀ ਆਜ਼ਾਦੀ ਦੀ ਹਮਾਇਤ ਕਰਦਿਆਂ 25 ਜੂਨ 1975 ਨੂੰ ਭਾਰਤੀ ਲੋਕਤੰਤਰ ਦੇ ਇਤਿਹਾਸ ਦੇ ਇੱਕ ਕਾਲੇ ਦਿਨ ਵਜੋਂ ਯਾਦ ਕੀਤਾ ਜਦੋਂ ਇੰਦਰਾ ਗਾਂਧੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਦੇਸ਼ ਭਰ ’ਚ ਐਮਰਜੈਂਸੀ ਲਾਗੂ ਕਰ ਦਿੱਤੀ ਸੀ। ‘ਦਿ ਇੰਡੀਅਨ ਐਕਸਪ੍ਰੈੱਸ’ ਦੇ ਬਾਨੀ ਦੇ ਨਾਂ ’ਤੇ ਨੋਇਡਾ ’ਚ ਇੱਕ ਅਹਿਮ ਸੜਕ ਦਾ ਨਾਂ ਅਧਿਕਾਰਤ ਤੌਰ ’ਤੇ ਬਦਲ ਕੇ ‘ਰਾਮਨਾਥ ਗੋਇਨਕਾ ਮਾਰਗ’ ਰੱਖਣ ਮਗਰੋਂ ਆਦਿੱਤਿਆਨਾਥ ਇਸ ਪ੍ਰਕਾਸ਼ਨ ਸੰਸਥਾ ਦੇ ਦਫ਼ਤਰ ’ਚ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਪਹਿਲਾਂ ਇਸ ਸੜਕ ਦਾ ਨਾਂ ‘ਅਮਲਤਾਸ਼ ਰੋਡ’ ਸੀ ਜੋ ਨੋਇਡਾ ਦੇ ਸੈਕਟਰ 16 ’ਚ ਰਜਨੀਗੰਧਾ ਚੌਕ ਨੂੰ ਸੈਕਟਰ 12 ਨਾਲ ਜੋੜਦਾ ਹੈ। ‘ਇੰਡੀਅਨ ਐਕਸਪ੍ਰੈੱਸ’ ਦਾ ਦਫ਼ਤਰ ਇਸੇ ਮਾਰਗ ’ਤੇ ਸਥਿਤ ਹੈ। ਮੁੱਖ ਮੰਤਰੀ ਨੇ ਉਨ੍ਹਾਂ ਲੋਕਾਂ ਨੂੰ ਵੀ ਯਾਦ ਕੀਤਾ ਤੇ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ 1977 ਤੱਕ ਚੱਲੀ ਐਮਰਜੈਂਸੀ ਦੌਰਾਨ ਲੋਕਤੰਤਰ ਨੂੰ ਬਹਾਲ ਕਰਨ ਦਾ ਕੰਮ ਕੀਤਾ। ਉਨ੍ਹਾਂ ਕਿਹਾ, ‘25 ਜੂਨ, 1975 ਦਾ ਦਿਨ ਭਾਰਤੀ ਲੋਕੰਤਰ ਦੇ ਇਤਿਹਾਸ ’ਚ ਕਾਲੇ ਦਿਨ ਵਜੋਂ ਯਾਦ ਕੀਤਾ ਜਾਂਦਾ ਹੈ। ਉਸ ਦੌਰਾਨ ਭਾਰਤ ਨੇ ਉਨ੍ਹਾਂ ਲੋਕਾਂ ਦਾ ਸੰਘਰਸ਼ ਤੇ ਕੁਰਬਾਨੀਆਂ ਦੇਖੀਆਂ ਸਨ ਜਿਨ੍ਹਾਂ ਨੇ ਲੋਕਤੰਤਰ ਤੇ ਮੀਡੀਆ ਦੀ ਆਜ਼ਾਦੀ ਨੂੰ ਬਚਾਉਣ ਲਈ ਆਪਣਾ ਸਭ ਕੁਝ ਦਾਅ ’ਤੇ ਲਗਾ ਦਿੱਤਾ ਸੀ। ਉਨ੍ਹਾਂ ਲੋਕਤੰਤਰ ਖਾਤਰ ਲੜਨ ਲਈ ਕਿਸੇ ਵੀ ਹੱਦ ਤੱਕ ਜਾਣ ਦੀ ਇੱਛਾ ਸ਼ਕਤੀ ਦਿਖਾਈ।