ਯੂਪੀ ’ਚ ਭਾਜਪਾ ਸਿਰਫ਼ ਇੱਕ ਸੀਟ ਜਿੱਤ ਰਹੀ ਹੈ: ਰਾਹੁਲ

ਯੂਪੀ ’ਚ ਭਾਜਪਾ ਸਿਰਫ਼ ਇੱਕ ਸੀਟ ਜਿੱਤ ਰਹੀ ਹੈ: ਰਾਹੁਲ

ਪ੍ਰਯਾਗਰਾਜ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਜਪਾ ਉੱਤਰ ਪ੍ਰਦੇਸ਼ ਵਿੱਚ ਸਿਰਫ਼ ਇੱਕ ਸੀਟ ਜਿੱਤਣ ਜਾ ਰਹੀ ਹੈ। ਉਨ੍ਹਾਂ ਇੰਡੀਆ ਬਲਾਕ ਦੇ ਉਮੀਦਵਾਰ ਉਜਵਲ ਰਮਨ ਸਿੰਘ ਦੀ ਹਮਾਇਤ ਵਿੱਚ ਪ੍ਰਯਾਗਰਾਜ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਕੀ ਤੁਸੀਂ ਸੁਣਿਆ ਹੈ (ਪ੍ਰਧਾਨ ਮੰਤਰੀ) ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੇ ਕਯੋਟੋ (ਵਾਰਾਨਸੀ) ਤੋਂ ਸਿਰਫ਼ ਇੱਕ ਸੀਟ ਭਾਜਪਾ ਲਈ ਜਿੱਤ ਰਹੇ ਹਨ।’ ਰੈਲੀ ਵਿੱਚ ਉਨ੍ਹਾਂ ਨਾਲ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ ਵਾਰਾਨਸੀ ਨੂੰ ਜਪਾਨ ਦੇ ਸ਼ਹਿਰ ਕਯੋਟੋ ਦੀ ਤਰਜ਼ ’ਤੇ ਵਿਕਸਿਤ ਕਰਨਗੇ।

ਰਾਹੁਲ ਨੇ ਸੰਵਿਧਾਨ ਦੀ ਕਾਪੀ ਦਿਖਾਉਂਦਿਆਂ ਕਿਹਾ, ‘ਇਹ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ। ਭਾਜਪਾ ਤੇ ਆਰਐੱਸਐੱਸ ਇਸ ’ਤੇ ਹਮਲੇ ਕਰ ਰਹੇ ਹਨ ਅਤੇ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕੋਈ ਵੀ ਤਾਕਤ ਇਸ ਸੰਵਿਧਾਨ ਨੂੰ ਖਤਮ ਨਹੀਂ ਕਰ ਸਕਦੀ।’ ਰਾਹੁਲ ਨੇ ਕਾਂਗਰਸ ਵੱਲੋਂ ਕੀਤੇ ਵਾਅਦੇ ਦੁਹਰਾਏ ਅਤੇ ਲੋਕਾਂ ਨੂੰ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘ਅਸੀਂ ਫਸਲਾਂ ਦੀ ਖਰੀਦ ਐੱਮਐੱਸਪੀ ’ਤੇ ਕਰਨ ਸਬੰਧੀ ਕਾਨੂੰਨ ਬਣਾਵਾਂਗੇ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਮਦਦ ਕਰਾਂਗੇ। ਅਸੀਂ ਅਗਨੀਵੀਰ ਯੋਜਨਾ ਨੂੰ ਕੂੜੇਦਾਨ ਵਿੱਚ ਸੁੱਟ ਕੇ ਫੌਜ ਵਿੱਚ ਪੱਕੀ ਭਰਤੀ ਸ਼ੁਰੂ ਕਰਾਂਗੇ।’

ਉਜਵਲ ਰਮਨ ਸਿੰਘ ਅਲਾਹਾਬਾਦ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਨੀਰਜ ਤ੍ਰਿਪਾਠੀ ਨਾਲ ਹੈ। ਛੇਵੇਂ ਗੇੜ ਤਹਿਤ 25 ਮਈ ਨੂੰ ਅਲਾਹਾਬਾਦ ’ਚ ਵੋਟਾਂ ਪੈਣਗੀਆਂ। ਇਸੇ ਦੌਰਾਨ ਅਖਿਲੇਸ਼ ਯਾਦਵ ਨੇ 20 ਨੂੰ ਪੈਣ ਵਾਲੀਆਂ ਵੋਟਾਂ ’ਚ ਵੋਟਰਾਂ ਨੂੰ ਸਪਾ, ਵਿਰੋਧੀ ਪਾਰਟੀਆਂ ਦੇ ਸਮੂਹ ਇੰਡੀਆ ਗੱਠਜੋੜ ਦੇ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪਿਛਲੇ ਚਾਰ ਗੇੜਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।