ਯੂਨਾਨ: ਮੋਦੀ ਵੱਲੋਂ ਦੁਵੱਲੇ ਸਬੰਧ ਮਜ਼ਬੂਤ ਕਰਨ ’ਤੇ ਜ਼ੋਰ

ਯੂਨਾਨ: ਮੋਦੀ ਵੱਲੋਂ ਦੁਵੱਲੇ ਸਬੰਧ ਮਜ਼ਬੂਤ ਕਰਨ ’ਤੇ ਜ਼ੋਰ

ਏਥਨਜ਼- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਆਪਣੇ ਯੂਨਾਨ ਦੇ ਹਮਰੁਤਬਾ ਕਿਰਿਆਕੋਸ ਮਿਤਸੋਟਾਕਿਸ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਦੁਵੱਲੇ ਰਿਸ਼ਤੇ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦਾ 40 ਸਾਲਾਂ ਵਿਚ ਇਹ ਪਹਿਲਾ ਯੂਨਾਨ ਦੌਰਾ ਹੈ। ਇਸ ਤੋਂ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੰਨ 1983 ਵਿਚ ਗਰੀਸ ਗਏ ਸਨ। ਭਾਰਤ ਤੇ ਯੂਨਾਨ ਨੇ ਦੁਵੱਲੇ ਰਿਸ਼ਤਿਆਂ ਨੂੰ ਰਣਨੀਤਕ ਪੱਧਰ ਉਤੇ ਲਿਜਾਣ ਲਈ ਸਹਿਮਤੀ ਦਿੱਤੀ ਹੈ। ਦੋਵੇਂ ਮੁਲਕ ਦੁਵੱਲੇ ਵਪਾਰ ਨੂੰ 2030 ਤੱਕ ਦੁੱਗਣਾ ਕਰਨ ਲਈ ਵੀ ਸਹਿਮਤ ਹੋਏ ਹਨ। ਦੋਵਾਂ ਆਗੂਆਂ ਨੇ ਸਾਂਝੇ ਹਿੱਤਾਂ ਵਾਲੇ ਖੇਤਰੀ ਤੇ ਕੌਮਾਂਤਰੀ ਮੁੱਦਿਆਂ ਉਤੇ ਵੀ ਚਰਚਾ ਕੀਤੀ। ਭਾਰਤ-ਯੂਨਾਨ ਵਿਚਾਲੇ ਵਰਤਮਾਨ ’ਚ ਦੋ ਅਰਬ ਡਾਲਰ ਦਾ ਵਪਾਰ ਹੁੰਦਾ ਹੈ। ਪ੍ਰਧਾਨ ਮੰਤਰੀ ਮਿਤਸੋਟਾਕਿਸ ਤੇ ਮੋਦੀ ਨੇ ਰੱਖਿਆ, ਸ਼ਿਪਿੰਗ, ਵਿਗਿਆਨ ਤੇ ਤਕਨੀਕ, ਸਾਈਬਰ ਸਪੇਸ, ਸਿੱਖਿਆ, ਸਭਿਆਚਾਰ, ਸੈਰ-ਸਪਾਟਾ ਤੇ ਖੇਤੀਬਾੜੀ ਖੇਤਰਾਂ ਵਿਚ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਯੂਨਾਨ ਦੀ ਰਾਸ਼ਟਰਪਤੀ ਕਤੇਰੀਨਾ ਐੱਨ. ਸਕੇਲਾਰੋਪੋਲੂ ਨਾਲ ਵੀ ਮੁਲਾਕਾਤ ਕੀਤੀ। ਇਨ੍ਹਾਂ ਦੋਵਾਂ ਆਗੂਆਂ ਦੀ ਗੱਲਬਾਤ ਵੀ ਦੁਵੱਲੇ ਸਬੰਧਾਂ ਹੋਰ ਮਜ਼ਬੂਤ ਕਰਨ ਉਤੇ ਕੇਂਦਰਤ ਰਹੀ। ਯੂਨਾਨੀ ਰਾਸ਼ਟਰਪਤੀ ਨੇ ਭਾਰਤ ਦੇ ‘ਮੂਨ ਮਿਸ਼ਨ’ ਦੀ ਪ੍ਰਸ਼ੰਸਾ ਕੀਤੀ। ਇਸ ’ਤੇ ਮੋਦੀ ਨੇ ਕਿਹਾ ਕਿ ਚੰਦਰਯਾਨ-3 ਭਾਰਤ ਦੀ ਹੀ ਜਿੱਤ ਨਹੀਂ, ਬਲਕਿ ਪੂਰੀ ਮਨੁੱਖਤਾ ਦੀ ਸਫ਼ਲਤਾ ਹੈ। ਮੋਦੀ ਦੱਖਣੀ ਅਫਰੀਕਾ ਵਿਚ ਹੋਏ ਬਰਿਕਸ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਏਥਨਜ਼ ਪੁੱਜੇ ਸਨ।