ਯੂਨਾਨ: ਬੇੜੀ ਡੁੱਬਣ ਕਾਰਨ 79 ਪਰਵਾਸੀਆਂ ਦੀ ਮੌਤ

ਯੂਨਾਨ: ਬੇੜੀ ਡੁੱਬਣ ਕਾਰਨ 79 ਪਰਵਾਸੀਆਂ ਦੀ ਮੌਤ

ਏਥਨਸ – ਦੱਖਣੀ ਯੂਨਾਨ ਦੇ ਇੱਕ ਤੱਟ ਨੇੜੇ ਮੱਛੀਆਂ ਫੜਨ ਵਾਲੀ ਬੇੜੀ ਡੁੱਬਣ ਕਾਰਨ ਘੱਟ ਤੋਂ ਘੱਟ 79 ਪਰਵਾਸੀਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ’ਚ ਦਰਜਨਾਂ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਮੌਕੇ ’ਤੇ ਤਲਾਸ਼ੀ ਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਦੱਖਣੀ ਪੈਲੋਪੋਨੇਸ ਖੇਤਰ ਤੋਂ ਤਕਰੀਬਨ 75 ਕਿਲੋਮੀਟਰ ਦੂਰ ਦੱਖਣ-ਪੱਛਮ ਵਿੱਚ ਰਾਤ ਸਮੇਂ ਵਾਪਰੀ ਇਸ ਘਟਨਾ ਤੋਂ ਬਾਅਦ ਹੁਣ ਤੱਕ ਤਕਰੀਬਨ 104 ਲੋਕਾਂ ਨੂੰ ਬਚਾਇਆ ਗਿਆ ਹੈ। ਚਾਰ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਯੂਨਾਨ ਤੱਟ ਰੱਖਿਅਕਾਂ ਨੇ ਦੱਸਿਆ ਕਿ ਸਮੁੰਦਰ ’ਚੋਂ 79 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਤੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ ਕਿ ਕਿਸ਼ਤੀ ’ਤੇ ਸਵਾਰ ਕਿੰਨੇ ਯਾਤਰੀ ਲਾਪਤਾ ਹਨ।

ਤਲਾਸ਼ੀ ਤੇ ਬਚਾਅ ਮੁਹਿੰਮ ’ਚ ਤੱਟ ਰੱਖਿਅਕਾਂ ਦੇ ਛੇ ਬੇੜੇ, ਜਲ ਸੈਨਾ ਦਾ ਇੱਕ ਜਹਾਜ਼, ਸੈਨਾ ਦਾ ਇੱਕ ਮਾਲਵਾਹਕ ਜਹਾਜ਼ ਤੇ ਹਵਾਈ ਸੈਨਾ ਦੇ ਹੈਲੀਕਾਪਟਰ ਸਮੇਤ ਡਰੋਨ ਦੀ ਵੀ ਮਦਦ ਲਈ ਜਾ ਰਹੀ ਹੈ। ਘਟਨਾ ’ਚ ਬਚਾਏ ਗਏ ਦਰਜਨਾਂ ਪਰਵਾਸੀਆਂ ਨੂੰ ਐਂਬੂਲੈਂਸ ਸੇਵਾ ਵੱਲੋਂ ਸਥਾਪਤ ਕੈਂਪਾਂ ’ਚ ਇਲਾਜ ਲਈ ਲਿਜਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਟਲੀ ਜਾ ਰਹੀ ਇਹ ਬੇੜੀ ਲਿਬੀਆ ਦੇ ਟੋਬਰੁਕ ਇਲਾਕੇ ਤੋਂ ਰਵਾਨਾ ਹੋਈ ਸੀ।

ਜ਼ਿਕਰਯੋਗ ਹੈ ਕਿ ਸਥਾਨਕ ਤੱਟ ਰੱਖਿਅਕਾਂ ਤੋਂ ਬਚਣ ਲਈ ਤਸਕਰਾਂ ਵੱਲੋਂ ਵੱਡੇ ਬੇੜਿਆਂ ਰਾਹੀਂ ਕੌਮਾਂਤਰੀ ਜਲ ਖੇਤਰ ਨੂੰ ਪਾਰ ਕਰਨ ਦੀਆਂ ਘਟਨਾਵਾਂ ਵਧ ਰਹੀਆਂ ਹਨ।