ਯੂਟੀ ਅਧਿਕਾਰੀਆਂ ਦੀਆਂ ਸਹੂਲਤਾਂ ’ਤੇ ਰੋਕ

ਯੂਟੀ ਅਧਿਕਾਰੀਆਂ ਦੀਆਂ ਸਹੂਲਤਾਂ ’ਤੇ ਰੋਕ

ਲੋਕਾਂ ਦੇ ਪੈਸੇ ਦੀ ਬਰਬਾਦੀ ਤੇ ਫਜ਼ੂਲ-ਖਰਚੀ ਬਰਦਾਸ਼ਤ ਨਹੀਂ: ਪੁਰੋਹਿਤ
ਚੰਡੀਗੜ੍ਹ- ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਦਿੱਲੀ ਦੌਰੇ ’ਤੇ ਜਾਣ ਵਾਲੇ ਯੂਟੀ ਦੇ ਅਧਿਕਾਰੀਆਂ ਨੂੰ ਹਵਾਈ ਯਾਤਰਾ ਕਰਨ ਅਤੇ ਪੰਜ ਤਾਰਾ ਹੋਟਲਾਂ ਵਿੱਚ ਰਹਿਣ ਦੀ ਸੁਵਿਧਾ ਮੁਹੱਈਆ ਕਰਵਾਉਣ ’ਤੇ ਰੋਕ ਲਗਾਉਂਦਿਆਂ ਕਿਹਾ ਕਿ ਲੋਕਾਂ ਦੇ ਪੈਸੇ ਦੀ ਬਰਬਾਦੀ ਤੇ ਫਜ਼ੂਲ-ਖਰਚੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਯੂਟੀ ਦੇ ਪ੍ਰਸ਼ਾਸਕ ਨੇ ਆਪਣੇ ਸਲਾਹਕਾਰ ਸ੍ਰੀ ਧਰਮਪਾਲ ਨੂੰ ਪੱਤਰ ਲਿੱਖ ਕੇ ਉਕਤ ਆਦੇਸ਼ਾਂ ਦੀ ਤੁਰੰਤ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ।

ਯੂਟੀ ਦੇ ਪ੍ਰਸ਼ਾਸਕ ਨੇ ਕਿਹਾ ਕਿ ਲੋਕਾਂ ਦੇ ਟੈਕਸ ਦੇ ਪੈਸੇ ਦੀ ਬਰਬਾਦੀ ਨਾ ਕਰਨਾ ਜ਼ਿੰਮੇਵਾਰ ਅਧਿਕਾਰੀਆਂ ਦਾ ਨੈਤਿਕ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪੈਸੇ ਦੀ ਬਰਬਾਦੀ ਤੇ ਫਜ਼ੂਲ-ਖਰਚੀ ਨੂੰ ਕਿਸੇ ਵੀ ਕਿਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ੍ਰੀ ਪੁਰੋਹਿਤ ਨੇ ਆਦੇਸ਼ਾਂ ਵਿੱਚ ਸਪਸ਼ਟ ਤੌਰ ’ਤੇ ਕਿਹਾ ਕਿ ਦਿੱਲੀ ਜਾਣ ਵਾਲੇ ਅਧਿਕਾਰੀਆਂ ਨੂੰ ਹਵਾਈ ਯਾਤਰਾ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਹੁਣ ਤੋਂ ਦਿੱਲੀ ਜਾਣ ਵਾਲੇ ਅਧਿਕਾਰੀ ਸ਼ਤਾਬਦੀ ਜਾਂ ਵੰਦੇ ਭਾਰਤ ਰੇਲ ਗੱਡੀ ਰਾਹੀਂ ਯਾਤਰਾ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਧਿਕਾਰੀ ਦਿੱਲੀ ਵਿੱਚ ਪੰਜ ਤਾਰਾ ਹੋਟਲਾਂ ਵਿੱਚ ਰਹਿਣ ਦੀ ਥਾਂ ਯੂਟੀ ਗੈਸਟ ਹਾਊਸ, ਪੰਜਾਬ ਭਵਨ ਜਾਂ ਹਰਿਆਣਾ ਭਵਨ ਵਿੱਚ ਠਹਿਰਨਗੇ। ਗੌਰਤਲਬ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਦੇ ਅਧੀਨ ਆਉਣ ਕਰਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਲੀ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਲਈ ਜਾਣਾ ਪੈਂਦਾ ਹੈ। ਇਸ ਦੌਰਾਨ ਅਧਿਕਾਰੀਆਂ ਵੱਲੋਂ ਦਿੱਲੀ ਜਾਣ ਲਈ ਹਵਾਈ ਯਾਤਰਾ ਦੌਰਾਨ ਬਿਜ਼ਨਸ ਕਲਾਸ ਦੀ ਵਰਤੋਂ ਕੀਤੀ ਜਾਂਦੀ ਹੈ। ਕੌਮੀ ਰਾਜਧਾਨੀ ਵਿੱਚ ਉਹ ਆਲੀਸ਼ਾਨ ਪੰਜ ਤਾਰਾ ਹੋਟਲਾਂ ਵਿੱਚ ਠਹਿਰਦੇ ਹਨ। ਅਧਿਕਾਰੀਆਂ ਦੇ ਅਜਿਹੇ ਰਹਿਣ-ਸਹਿਣ ਕਰਕੇ ਯੂਟੀ ਪ੍ਰਸ਼ਾਸਨ ਦੇ ਖਜ਼ਾਨੇ ’ਤੇ ਫਜ਼ੂਲ ਦਾ ਬੋਝ ਵੱਧਦਾ ਜਾ ਰਿਹਾ ਹੈ। ਇਸ ਨੂੰ ਘੱਟ ਕਰਨ ਲਈ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਦਿੱਲੀ ਜਾਣ ਵਾਲੇ ਅਧਿਕਾਰੀਆਂ ਲਈ ਹਵਾਈ ਯਾਤਰਾ ਤੇ ਪੰਜ ਤਾਰਾ ਹੋਟਲਾਂ ’ਚ ਠਹਿਰਨ ’ਤੇ ਪਾਬੰਦੀ ਲਗਾ ਦਿੱਤੀ ਹੈ।