ਯੂਕੇ ਹਾਈ ਕੋਰਟ ਨੇ ਨੀਰਵ ਮੋਦੀ ਦੀ ਹਵਾਲਗੀ ਬਾਰੇ ਫੈਸਲਾ ਸੁਰੱਖਿਅਤ ਰੱਖਿਆ

ਲੰਡਨ- ਯੂਕੇ ਦੀ ਇੱਕ ਅਦਾਲਤ ਨੇ ਨੀਰਵ ਮੋਦੀ ਦੀ ਹਵਾਲਗੀ ਬਾਰੇ ਫੈਸਲਾ ਸੁਰੱਖਿਅਤ ਰਖ ਲਿਆ ਹੈ। ਅਦਾਲਤ ਨੇ ਇਸ ਮਾਮਲੇ ’ਤੇ ਦੋ ਦਿਨ ਸੁਣਵਾਈ ਕਰਨ ਬਾਅਦ ਕਿਹਾ ਕਿ ਇਸ ਮਾਮਲੇ ’ਤੇ ਫੈਸਲਾ ਛੇਤੀ ਸੁਣਾਇਆ ਜਾਵੇਗਾ। ਭਗੌੜਾ ਹੀਰਾ ਵਪਾਰੀ ਇੱਥੋਂ ਦੀ ਇੱਕ ਜੇਲ੍ਹ ਵਿੱਚ ਬੰਦ ਹੈ।

ਪੰਜਾਬ ਨੇੈਸ਼ਨਲ ਬੈਂਕ ਦੇ ਦੋ ਅਰਬ ਡਾਲਰ ਦੇ ਕਰਜ਼ਾ ਘੁਟਾਲੇ ਵਿੱਚ ਭਾਰਤੀ ਅਦਾਲਤ ਵਿੱਚ ਉਸ ਖਿਲਾਫ਼ ਕੇਸ ਚਲਾਏ ਜਾਣ ਲਈ ਉਸ ਦੀ ਹਵਾਲਗੀ ਸਬੰਧੀ ਮਾਮਲੇ ਵਿੱਚ ਹਾਈ ਕੋਰਟ ਦੀ ਦੋ ਜੱਜਾਂ ਦੀ ਬੈਂਚ ਨੇ ਅੱਜ ਦਲੀਲਾਂ ਸੁਣੀਆਂ, ਜਿਸ ਵਿੱਚ ਕਿਹਾ ਗਿਆ ਹੈ ਕਿ ਇਥੇ ਬੰਦ ਹੀਰਾ ਵਪਾਰੀ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਤੇ ਉਹ ਖੁਦਕੁਸ਼ੀ ਕਰ ਸਕਦਾ ਹੈ।

ਉਸਦੀ ਬਚਾਅ ਟੀਮ ਨੇ ਦਾਅਵਾ ਕੀਤਾ ਕਿ ਜੇ ਉਸ ਨੂੰ ਭਾਰਤ ਭੇਜਿਆ ਗਿਆ ਤਾਂ ਉਸ ਦੀ ਮਾਨਸਿਕ ਹਾਲਤ ਹੋਰ ਵਿਗੜ ਜਾਵੇਗੀ ਕਿਉਂਕਿ ਉਥੋਂ ਦੇ ਲੋਕਾਂ ਵਿੱਚ ਉਸ ਖਿਲਾਫ਼ ਭਾਰੀ ਗੁੱਸਾ ਹੈ ਅਤੇ ਲੋਕ ਉਸ ਨੂੰ ਦੋਸ਼ੀ ਮੰਨਦੇ ਹਨ। ਮੀਡੀਆ ਉਸ ਦੇ ਖ਼ਿਲਾਫ਼ ਹੈ ਅਤੇ ਲੋਕਾਂ ਨੇ ਉਸ ਦੇ ਪੁਤਲੇ ਸਾੜੇ ਹਨ। ਲਾਰਡ ਜਸਟਿਸ ਜੇਰਮੀ ਸਟੂਅਰਟ ਸਮਿਥ ਨੇ ਬਚਾਅ ਪੱਖ ਦੇ ਬੈਰਿਸਟਰ ਐਡਵਰਡ ਫਿਟਜ਼ਗੇਰਾਲਡ ਨੂੰ ਕਿਹਾ, ‘‘ ਭਾਰਤ ਸਰਕਾਰ ਵੱਲੋਂ ਦਿੱਤੇ ਭਰੋਸੇ ਨੂੰ ਸਹੀ ਢੰਗ ਨਾਲ ਪੜ੍ਹਿਆ ਜਾਣਾ ਚਾਹੀਦਾ ਹੈ ਤੇ ਉਸ ਵਿੱਚ ਖਾਮੀ ਨਹੀਂ ਲੱਭਣੀ ਚਾਹੀਦੀ। ’’ ਜਸਟਿਸ ਰੌਬਰਟ ਜੇਅ ਨੇ ਕਿਹਾ, ‘‘ਭਾਰਤ ਵਿਦੇਸ਼ੀ ਦੋਸਤ ਹੈ ਤੇ ਸਾਨੂੰ ਉਸ ਨਾਲ ਕੀਤੇ ਸਮਝੌਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ’’ ਉਨ੍ਹਾਂ ਇਸ ਦੌਰਾਨ ਸਾਲ 1992 ਵਿੱਚ ਹੋਏ ਭਾਰਤ-ਬਰਤਾਨੀਆ ਹਵਾਲਗੀ ਸਮਝੌਤੇ ਦਾ ਹਵਾਲਾ ਦਿੱਤਾ।