ਯੂਕੇ: ਜੌਹਨਸਨ ਮੁੜ ਬਣ ਸਕਦੇ ਨੇ ਪ੍ਰਧਾਨ ਮੰਤਰੀ

ਯੂਕੇ: ਜੌਹਨਸਨ ਮੁੜ ਬਣ ਸਕਦੇ ਨੇ ਪ੍ਰਧਾਨ ਮੰਤਰੀ

ਲੰਡਨ- ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਭਾਰਤੀ ਮੂਲ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੂਨਕ ਬਰਤਾਨੀਆ ਦੇ ਅਗਲੇ ਪ੍ਰਧਾਨ ਮੰਤਰੀ ਦੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ। ਲਿਜ਼ ਟਰੱਸ ਵੱਲੋਂ ਵੀਰਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਕੰਜ਼ਰਵੇਟਿਵ ਪਾਰਟੀ ’ਚ ਸਿਆਸਤ ਭਖ ਗਈ ਹੈ। ਦਾਅਵੇਦਾਰੀ ਪੇਸ਼ ਕਰਨ ਲਈ ਆਗੂ ਕੋਲ ਸੋਮਵਾਰ ਤੱਕ ਕੰਜ਼ਰਵੇਟਿਵ ਪਾਰਟੀ ਦੇ 100 ਸੰਸਦ ਮੈਂਬਰਾਂ ਦੀ ਹਮਾਇਤ ਹੋਣੀ ਜ਼ਰੂਰੀ ਹੈ। ਜੇਤੂ ਦਾ ਐਲਾਨ ਸੋਮਵਾਰ ਨੂੰ ਕੀਤਾ ਜਾਵੇਗਾ। ਜੌਹਨਸਨ ਹਾਲੇ ਵੀ ਪਾਰਟੀ ਆਗੂਆਂ ਦੀ ਪਸੰਦ ਹਨ। ਐੱਲਬੀਸੀ ਰੇਡੀਓ ’ਤੇ ਕੰਜ਼ਰਵੇਟਿਵ ਕਾਨੂੰਨਸਾਜ਼ ਪੌਲ ਬ੍ਰਿਸਟੋਅ ਨੇ ਕਿਹਾ, ‘‘ਬੋਰਿਸ ਜੌਹਨਸਨ ਅਗਲੀਆਂ ਆਮ ਚੋਣਾਂ ਜਿੱਤ ਸਕਦੇ ਹਨ। ਉਹ ਫਿਰ ਪਾਸਾ ਬਦਲ ਸਕਦੇ ਹਨ ਅਤੇ ਇਸ ਦਾ ਮੈਨੂੰ ਪੂਰਾ ਯਕੀਨ ਹੈ।’’ ਇਸ ਦੌਰਾਨ ਯੂਕੇ ਦੇ ਕੈਬਨਿਟ ਮੰਤਰੀ ਸਾਈਮਨ ਕਲਾਰਕ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਨਵਾਂ ਪ੍ਰਧਾਨ ਮੰਤਰੀ ਬਣਾਉਣ ਦੀ ਵਕਾਲਤ ਕੀਤੀ ਹੈ। ਹਾਊਸਿੰਗ ਅਤੇ ਭਾਈਚਾਰਿਆਂ ਬਾਰੇ ਸਕੱਤਰ ਕਲਾਰਕ ਨੇ ਟਵਿੱਟਰ ’ਤੇ ਕਿਹਾ ਉਹ ਟਰੱਸ ਦੀ ਜਗ੍ਹਾ ’ਤੇ ਨਵੇਂ ਆਗੂ ਲਈ ਜੌਹਨਸਨ, ਜਿਨ੍ਹਾਂ ਇਸ ਦੌੜ ਵਿੱਚ ਸ਼ਾਮਲ ਹੋਣ ਦਾ ਅਜੇ ਤੱਕ ਜਨਤਕ ਐਲਾਨ ਨਹੀਂ ਕੀਤਾ ਹੈ, ਦੀ ਹਮਾਇਤ ਕਰਦੇ ਹਨ।

ਇਸ ਤੋਂ ਪਹਿਲਾਂ ਇਕ ਹੋਰ ਮੰਤਰੀ ਜੈਕਬ ਰੀਜ਼-ਮੌਗ ਅਤੇ ਰੱਖਿਆ ਮੰਤਰੀ ਬੈੱਨ ਵਾਲੇਸ ਵੀ ਬੌਰਿਸ ਜੌਹਨਸਨ ਦਾ ਸਮਰਥਨ ਕਰ ਚੁੱਕੇ ਹਨ। ਉਧਰ ਬਰਤਾਨਵੀ ਮੰਤਰੀ ਪੈਨੀ ਮੋਰਡੌਂਟ ਨੇ ਪ੍ਰਧਾਨ ਮੰਤਰੀ ਵਜੋਂ ਲਿਜ਼ ਟਰੱਸ ਦੀ ਥਾਂ ਲੈਣ ਲਈ ਅੱਜ ਆਪਣੀ ਮੁਹਿੰਮ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਪਹਿਲੀ ਦਾਅਵੇਦਾਰ ਬਣ ਗਈ ਹੈ। ਮੋਰਡੌਂਟ (49) ਚਾਰ ਪ੍ਰਧਾਨ ਮੰਤਰੀਆਂ ਨਾਲ ਕੰਮ ਕਰ ਚੁੱਕੀ ਹੈ।