ਯੂਕਰੇਨ ਵੱਲੋਂ ਕਰੀਮੀਆ ’ਚ ਸ਼ਿਪਯਾਰਡ ’ਤੇ ਹਮਲਾ

ਯੂਕਰੇਨ ਵੱਲੋਂ ਕਰੀਮੀਆ ’ਚ ਸ਼ਿਪਯਾਰਡ ’ਤੇ ਹਮਲਾ

ਮਾਸਕੋ- ਰੂਸ ਦੀ ਫੌਜ ਨੇ ਦੱਸਿਆ ਕਿ ਯੂਕਰੇਨ ਨੇ ਕਰੀਮੀਆ ਦੇ ਇਕ ਸ਼ਿਪਯਾਰਡ ਉਤੇ ਮਜਿ਼ਾਈਲ ਹਮਲਾ ਕੀਤਾ ਹੈ, ਜਿਸ ਵਿਚ ਰੂਸ ਦਾ ਇਕ ਸਮੁੰਦਰੀ ਜਹਾਜ਼ ਨੁਕਸਾਨਿਆ ਗਿਆ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਸ਼ਨਿਚਰਵਾਰ ਦੇਰ ਰਾਤ ਕਿਹਾ ਕਿ ਯੂਕਰੇਨ ਦੇ ਬਲਾਂ ਨੇ ਕਰੀਮੀਆ ਦੇ ਪੂਰਬੀ ਸ਼ਹਿਰ ਕਰਚ ਵਿਚ ਜ਼ਾਲੀਵ ਸ਼ਿਪਯਾਰਡ ਵਿਚ 15 ਕਰੂਜ਼ ਮਜਿ਼ਾਈਲਾਂ ਸੁੱਟੀਆਂ ਹਨ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀ ਨੇ 13 ਮਜਿ਼ਾਈਲਾਂ ਡੇਗ ਦਿੱਤੀਆਂ, ਪਰ ਇਕ ਹੋਰ ਸ਼ਿਪਯਾਰਡ ਉਤੇ ਡਿੱਗ ਗਈ ਤੇ ਇਕ ਜਹਾਜ਼ ਦਾ ਨੁਕਸਾਨ ਕੀਤਾ। ਯੂਕਰੇਨ ਦੀ ਹਵਾਈ ਸੈਨਾ ਦੇ ਕਮਾਂਡਰ ਨੇ ਦੱਸਿਆ ਕਿ ਹਮਲੇ ਵੇਲੇ ਸ਼ਿਪਯਾਰਡ ਵਿਚ ਕਾਲੇ ਸਾਗਰ ’ਚ ਰੂਸ ਦੇ ਬੇੜੇ ਦਾ ਇਕ ਆਧੁਨਿਕ ਜਹਾਜ਼ ਮੌਜੂਦ ਸੀ, ਜਿਸ ’ਤੇ ਕੈਲੀਬਰ ਕਰੂਜ਼ ਮਜਿ਼ਾਈਲ ਹੁੰਦੀ ਹੈ। ਜ਼ਿਕਰਯੋਗ ਹੈ ਕਿ ਰੂਸ ਨੇ 2014 ਵਿਚ ਗੈਰਕਾਨੂੰਨੀ ਰੂਪ ’ਚ ਕਰੀਮੀਆ ਦਾ ਆਪਣੇ ’ਚ ਰਲੇਵਾਂ ਕਰ ਲਿਆ ਸੀ। ਗੌਰਤਲਬ ਹੈ ਕਿ ਯੂਕਰੇਨ ਨੇ ਹਾਲ ਦੇ ਮਹੀਨਿਆਂ ਵਿਚ ਕਰੀਮੀਆ ਦੇ ਜਲ ਸੈਨਾ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਹੈ।