ਯੂਐੱਸ ਓਪਨ: ਕੋਕੋ ਗੌਫ ਨੇ ਪਹਿਲਾ ਗਰੈਂਡਸਲੈਮ ਖਿਤਾਬ ਜਿੱਤਿਆ

ਯੂਐੱਸ ਓਪਨ: ਕੋਕੋ ਗੌਫ ਨੇ ਪਹਿਲਾ ਗਰੈਂਡਸਲੈਮ ਖਿਤਾਬ ਜਿੱਤਿਆ

ਸਬਾਲੇਂਕਾ ਨੂੰ 2-6, 6-3, 6-2 ਨਾਲ ਹਰਾਇਆ
ਨਿਊਯਾਰਕ- ਅਮਰੀਕਾ ਦੀ ਟੈਨਿਸ ਖਿਡਾਰਨ ਕੋਕੋ ਗੌਫ ਨੇ ਅਰਿਆਨਾ ਸਬਾਲੇਂਕਾ ਖ਼ਿਲਾਫ਼ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਪਹਿਲਾ ਸੈੱਟ ਗਵਾਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਆਪਣੇ ਕਰੀਅਰ ਦਾ ਪਹਿਲਾ ਗਰੈਂਡਸਲੈਮ ਖਿਤਾਬ ਜਿੱਤ ਲਿਆ। ਫਲੋਰਿਡਾ ਦੀ ਰਹਿਣ ਵਾਲੀ 19 ਸਾਲਾ ਗੌਫ ਨੇ ਖਰਾਬ ਸ਼ੁਰੂਆਤ ਤੋਂ ਉਭਰਦਿਆਂ 2-6, 6-3, 6-2 ਨਾਲ ਜਿੱਤ ਦਰਜ ਕੀਤੀ। ਛੇਵਾਂ ਦਰਜਾ ਪ੍ਰਾਪਤ ਗੌਫ ਨੇ ਮੈਚ ਤੋਂ ਬਾਅਦ ਕਿਹਾ, ‘‘ਮੈਂ ਇਸ ਵੇਲੇ ਬਹੁਤ ਖੁਸ਼ ਹਾਂ ਅਤੇ ਥੋੜ੍ਹੀ ਰਾਹਤ ਮਹਿਸੂਸ ਕਰ ਰਹੀ ਹਾਂ। ਇਮਾਨਦਾਰੀ ਨਾਲ ਕਹਾਂ ਤਾਂ ਇਸ ਵਾਰ ਮੈਂ ਦੂਜਿਆਂ ਲਈ ਨਹੀਂ ਸਗੋਂ ਆਪਣੇ ਲਈ ਜਿੱਤਣਾ ਚਾਹੁੰਦੀ ਸੀ।’’

ਗੌਫ ਦਾ ਮੈਚ ਦੇਖਣ ਲਈ ਕਈ ਮਸ਼ਹੂਰ ਹਸਤੀਆਂ ਵੀ ਪਹੁੰਚੀਆਂ ਸਨ, ਜਿਨ੍ਹਾਂ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਸ਼ਾਮਲ ਸਨ। ਓਬਾਮਾ ਨੇ ਬਾਅਦ ਵਿੱਚ ਉਸ ਲਈ ਵਧਾਈ ਸੰਦੇਸ਼ ਵੀ ਭੇਜਿਆ। ਚੈਂਪੀਅਨ ਬਣਨ ’ਤੇ ਗੌਫ ਨੂੰ ਟਰਾਫੀ ਅਤੇ 30 ਲੱਖ ਡਾਲਰ ਦੀ ਇਨਾਮੀ ਰਾਸ਼ੀ ਮਿਲੀ। ਨੋਵਾਕ ਜੋਕੋਵਿਚ ਅਤੇ ਦਾਨਿਲ ਮੈਦਵੇਦੇਵ ਵਿਚਾਲੇ ਹੋਣ ਵਾਲੇ ਪੁਰਸ਼ ਸਿੰਗਲਜ਼ ਫਾਈਨਲ ਦੇ ਜੇਤੂ ਨੂੰ ਵੀ ਇੰਨੀ ਹੀ ਇਨਾਮੀ ਰਾਸ਼ੀ ਮਿਲੇਗੀ। ਇਸ ਜਿੱਤ ਨਾਲ ਗੌਫ ਵਿਸ਼ਵ ਰੈਂਕਿੰਗ ’ਚ ਤੀਜੇ ਸਥਾਨ ’ਤੇ ਪਹੁੰਚ ਜਾਵੇਗੀ ਜਦਕਿ ਇਸ ਟੂਰਨਾਮੈਂਟ ਵਿੱਚ ਦੂਜਾ ਦਰਜਾ ਪ੍ਰਾਪਤ ਸਬਲੇਂਕਾ ਦਾ ਹਾਰ ਦੇ ਬਾਵਜੂਦ ਭਲਕੇ ਸੋਮਵਾਰ ਨੂੰ ਜਾਰੀ ਹੋਣ ਵਾਲੀ ਡਬਲਿਊਟੀਏ ਦਰਜਾਬੰਦੀ ਵਿੱਚ ਪਹਿਲੇ ਸਥਾਨ ’ਤੇ ਆਉਣਾ ਤੈਅ ਹੈ। ਸਬਾਲੇਂਕਾ ਨੇ ਕਿਹਾ, ‘‘ਇਹ ਵੀ ਇੱਕ ਪ੍ਰਾਪਤੀ ਹੈ ਅਤੇ ਇਸੇ ਕਰਕੇ ਮੈਂ ਬਹੁਤਾ ਦੁਖੀ ਨਹੀਂ ਹਾਂ। ਮੈਂ ਯਕੀਨੀ ਤੌਰ ’ਤੇ ਇਸ ਦਾ ਜਸ਼ਨ ਮਨਾਵਾਂਗੀ।’’