ਯੁਵਕ ਮੇਲਾ: ਲੋਕ ਨਾਚਾਂ ਨੇ ਵਿਦਿਆਰਥੀ ਝੂਮਣ ਲਾਏ

ਯੁਵਕ ਮੇਲਾ: ਲੋਕ ਨਾਚਾਂ ਨੇ ਵਿਦਿਆਰਥੀ ਝੂਮਣ ਲਾਏ

ਪਟਿਆਲਾ- ਪੰਜਾਬੀ ਯੂਨੀਵਰਸਿਟੀ ਵਿੱਚ ‘37ਵਾਂ ਨਾਰਥ ਜ਼ੋਨ ਅੰਤਰ ਯੂਨੀਵਰਸਿਟੀ ਯੁਵਕ ਮੇਲਾ’ ਪੂਰੇ ਜਾਹੋ-ਜਲਾਲ ਨਾਲ ਜਾਰੀ ਰਿਹਾ। ਇਸ ਦੌਰਾਨ ਅੱਜ ਚੌਥੇ ਦਿਨ ਵੀ ਯੂਨੀਵਰਸਿਟੀ ਕੈਂਪਸ ਵਿੱਚ ਵੰਨ-ਸੁਵੰਨਤਾ ਵਾਲਾ ਮਾਹੌਲ ਬਰਕਰਾਰ ਰਿਹਾ। ਉੱਤਰੀ ਭਾਰਤ ਦੇ ਵੱਖ-ਵੱਖ ਖਿੱਤਿਆਂ ਤੋਂ ਪੁੱਜੇ ਸੈਂਕੜੇ ਵਿਦਿਆਰਥੀ ਕਲਾਕਾਰਾਂ ਨੇ ਆਪੋ -ਆਪਣੇ ਖਿੱਤੇ ਦੀਆਂ ਰੰਗਾਂ ਵਾਲੀਆਂ ਕਲਾ-ਵੰਨਗੀਆਂ ਦੀ ਪੇਸ਼ਕਾਰੀ ਕੀਤੀ। ਦਰਸ਼ਕਾਂ ਨਾਲ ਭਰੇ ਗੁਰੂ ਤੇਗ ਬਹਾਦਰ ਹਾਲ ਵਿੱਚ ਹੋਏ ਲੋਕ ਨਾਚਾਂ ਦੇ ਮੁਕਾਬਲੇ ਨਾਲ ਮੇਲਾ ਸਿਖਰਾਂ ’ਤੇ ਪੁੱਜ ਗਿਆ। ਇਨ੍ਹਾਂ ਪੇਸ਼ਕਾਰੀਆਂ ਦੌਰਾਨ ਜਿਥੇ ਪੰਜਾਬ ਦੇ ਲੋਕ ਨਾਚ ਭੰਗੜਾ, ਸੰਮੀ ਤੇ ਲੁੱਡੀ ਆਦਿ ਦੇ ਰੰਗ ਵੇਖਣ ਨੂੰ ਮਿਲੇ, ਉੱਥੇ ਹੀ ਹਰਿਆਣਾ, ਹਿਮਾਚਲ, ਜੰਮੂ ਅਤੇ ਕਸ਼ਮੀਰ ਸਮੇਤ ਉੱਤਰਾਖੰਡ ਦੇ ਵੱਖ-ਵੱਖ ਲੋਕ ਨਾਚਾਂ ਨੇ ਵੀ ਸ਼ਾਨਦਾਰ ਰੰਗ ਬਿਖੇਰੇ। ਚੌਥੇ ਦਿਨ ਸਕਿੱਟ ਅਤੇ ਲੋਕ ਨਾਚਾਂ ਦੀ ਪੇਸ਼ਕਾਰੀ ਕੀਤੀ ਗਈ। ਉਂਜ ਇਸ ਦੌਰਾਨ ਹੋਰ ਮੁਕਾਬਲੇ ਵੀ ਹੋਏ ਜਿਨ੍ਹਾਂ ਵਿੱਚ ਸੰਗੀਤ ਲਾਈਟ ਵੋਕਲ, ਗਰੁੱਪ ਸੌਂਗ ਇੰਡੀਅਨ, ਮਿਮਿੱਕਰੀ, ਮੌਕੇ ਉੱਤੇ ਫ਼ੋਟੋਗਰਾਫ਼ੀ, ਕਲੇਅ ਮੌਡਲਿੰਗ, ਇਨਸਟਾਲੇਸ਼ਨ ਅਤੇ ਕੁਇਜ਼ ਮੁਕਾਬਲੇ ਆਦਿ ਵੀ ਸ਼ਾਮਿਲ ਹਨ।

ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਸਿੰਘ ਥਾਪਾ ਨੇ ਦੱਸਿਆ ਕਿ ਮੇਲੇ ਦੇ ਪੰਜਵੇਂ ਅਤੇ ਆਖਰੀ ਦਿਨ ਐਤਵਾਰ ਨੂੰ ਵਿਦਾਇਗੀ ਸੈਸ਼ਨ ਤੋਂ ਪਹਿਲਾਂ ਪਿਛਲੇ ਦਿਨੀ ਹੋਏ ਮੁਕਾਬਲਿਆਂ ਦੇ ਨਤੀਜੇ ਐਲਾਨੇ ਜਾਣਗੇ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਤੇ ਰਾਜ ਸਭਾ ਮੈਂਬਰ ਵਿਕਰਮ ਸਿੰਘ ਸਾਹਨੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।