ਯਮੁਨਾ ਵਿੱਚ ਹਥਨੀਕੁੰਡ ਤੋਂ ਹੋਰ ਪਾਣੀ ਛੱਡਿਆ, ਦਿੱਲੀ ’ਚ ਹਾਲਾਤ ਖ਼ਰਾਬ

ਯਮੁਨਾ ਵਿੱਚ ਹਥਨੀਕੁੰਡ ਤੋਂ ਹੋਰ ਪਾਣੀ ਛੱਡਿਆ, ਦਿੱਲੀ ’ਚ ਹਾਲਾਤ ਖ਼ਰਾਬ

ਨਵੀਂ ਦਿੱਲੀ- ਹਰਿਆਣਾ ਦੇ ਹਥਨੀਕੁੰਡ ਬੈਰਾਜ ਤੋਂ ਅੱਜ ਦਨਿ ਵੇਲੇ 2 ਲੱਖ ਤੋਂ ਵੱਧ ਕਿਊਸਿਕ ਪਾਣੀ ਛੱਡੇ ਜਾਣ ਮਗਰੋਂ ਦਿੱਲੀ ਵਿੱਚੋਂ ਲੰਘਦੀ ਯਮੁਨਾ ਦਾ ਪਾਣੀ ਕਈ ਇਲਾਕਿਆਂ ਵਿੱਚ ਵੜ ਗਿਆ। ਦਰਿਆ ’ਚ ਪਾਣੀ ਦਾ ਪੱਧਰ ਰਾਤ 8 ਵਜੇ 206.76 ਮੀਟਰ ਦਰਜ ਕੀਤਾ ਗਿਆ ਅਤੇ ਇਸ ਦੇ ਤੜਕੇ ਤਿੰਨ ਵਜੇ 207 ਮੀਟਰ ਤੇ ਪਹੁੰਚਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਪੈ ਰਹੇ ਮੀਂਹ ਕਾਰਨ ਯਮੁਨਾ ਵਿੱਚ ਹੋਰ ਪਾਣੀ ਆਉਣ ਦਾ ਖ਼ਤਰਾ ਹੈ। ਯਮੁਨਾ ਦੇ ਪਾਣੀ ਦੇ ਵਧੇ ਪੱਧਰ ਨੂੰ ਦੇਖਦਿਆਂ 100 ਸਾਲ ਤੋਂ ਪੁਰਾਣੇ ਲੋਹੇ ਦੇ ਪੁਲ ਉਪਰੋਂ ਰੇਲ ਅਤੇ ਸੜਕ ਆਵਾਜਾਈ ਆਰਜ਼ੀ ਤੌਰ ’ਤੇ ਬੰਦ ਕਰ ਦਿੱਤੀ ਗਈ ਹੈ। ਕੁੱਝ ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ ਕੁੱਝ ਨੂੰ ਆਨੰਦ ਵਿਹਾਰ, ਤਿਲਕ ਨਗਰ ਤੋਂ ਉਨ੍ਹਾਂ ਦੀਆਂ ਮੰਜ਼ਿਲਾਂ ਉਪਰ ਭੇਜਿਆ ਗਿਆ। ਸੜਕ ਆਵਾਜਾਈ ਬੰਦ ਹੋਣ ਕਰਕੇ ਪੂਰਬੀ ਦਿੱਲੀ ਅਤੇ ਬਾਕੀ ਦਿੱਲੀ ਨੂੰ ਜਾਂਦੇ ਰਸਤਿਆਂ ’ਤੇ ਟਰੈਫਿਕ ਦਾ ਦਬਾਅ ਵਧ ਗਿਆ ਹੈ। ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਹੜ੍ਹ ਪ੍ਰਭਾਵਿਤ ਯਮੁਨਾ ਬਾਜ਼ਾਰ ਦਾ ਦੌਰਾ ਕੀਤਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਦੇ ਪ੍ਰਬੰਧ ਨਹੀਂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਯਮੁਨਾ ਅਤੇ ਨਜ਼ਫਗੜ੍ਹ ਡਰੇਨ ਵਿੱਚੋਂ ਗਾਰ ਕੱਢੀ ਜਾਵੇ ਤਾਂ ਜੋ ਉਹ ਵੱਧ ਪਾਣੀ ਸਾਂਭ ਸਕਣ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇੰਨਾ ਮੀਂਹ ਕਦੇ ਨਾ ਪੈਣ ਬਾਰੇ ਦਿੱਤੇ ਗਏ ਬਿਆਨ ਦੇ ਸਵਾਲ ਦੇ ਜਵਾਬ ’ਚ ਸ੍ਰੀ ਸਕਸੈਨਾ ਨੇ ਕਿਹਾ ਕਿ ਕੁਦਰਤ ਕਦੇ ਦੱਸ ਕੇ ਨਹੀਂ ਆਉਂਦੀ ਹੈ, ਇਸ ਲਈ ਪਹਿਲਾਂ ਤਿਆਰੀ ਰੱਖਣੀ ਪੈਂਦੀ ਹੈ। ਉਧਰ ਦਿੱਲੀ ਦੇ ਮੰਤਰੀ ਸੌਰਭ ਭਾਦਰਵਾਜ ਤੇ ਨਿਗਮ ਮੇਅਰ ਸ਼ੈਲੀ ਓਬਰਾਏ ਨੇ ਪਾਣੀ ਭਰੇ ਇਲਾਕਿਆਂ ਦਾ ਦੌਰਾ ਕੀਤਾ। ਯਮੁਨਾ ਦੇ ਕੰਢਿਆਂ ਉੱਤੇ ਰਹਿੰਦੇ 7500 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।