ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਵਧਿਆ

ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਵਧਿਆ

ਯਮੁਨਾ ਬਾਜ਼ਾਰ, ਪ੍ਰਗਤੀ ਮੈਦਾਨ, ਬਰਦਪੁਰ ਖਾਦਰ ਤੇ ਓਖਲਾ ਦੇ ਕਈ ਇਲਾਕਿਆਂ ’ਚ ਪਾਣੀ ਭਰਿਆ
ਨਵੀਂ ਦਿੱਲੀ- ਹਰਿਆਣਾ ਦੇ ਹਥਨੀਕੁੰਡ ਤੋਂ 3 ਲੱਖ ਕਿਊਸਿਕ ਤੋਂ ਵੱਧ ਪਾਣੀ ਛੱਡੇ ਜਾਣ ਮਗਰੋਂ ਯਮੁਨਾ ਦਿੱਲੀ ਵਿੱਚ ਕੰਢੇ ਤੋੜਨ ਨੂੰ ਉਤਾਰੂ ਹੈ। ਅੱਜ ਯਮੁਨਾ ਬਾਜ਼ਾਰ ਤੇ ਪ੍ਰਗਤੀ ਮੈਦਾਨ ਸਮੇਤ ਬਰਦਪੁਰ ਖਾਦਰ ਤੇ ਓਖਲਾ ਦੇ ਇਲਾਕਿਆਂ ਦੀਆਂ ਨੀਵੀਆਂ ਥਾਵਾਂ ਨੂੰ ਆਪਣੇ ਕਲਾਵੇ ਵਿੱਚ ਲੈ ਚੁੱਕੀ ਹੈ। ਸਿੰਜਾਈ ਤੇ ਹੜ੍ਹ ਮਹਿਕਮੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਉਪਰ ਨਜ਼ਰ ਰੱਖੀ ਜਾ ਰਹੀ ਹੈ ਤੇ ਲੋਕਾਂ ਨੂੰ ਨਦੀ ਦੇ ਪਾਣੀ ਤੋਂ ਬਚਾਉਣ ਦੀਆਂ ਕੋਸ਼ਿਸ਼ ਜਾਰੀ ਸਨ।
ਦਿੱਲੀ ਦੇ ਸੀਲਮਪੁਰ, ਸੋਨੀਆ ਵਿਹਾਰ, ਉਸਮਾਨਪੁਰ, ਬਦਰਪੁਰ ਖਾਦਰ, ਕਾਲਿੰਦੀ ਕੁੰਜ, ਓਖਲਾ ਵਿੱਚ ਯਮੁਨਾ ਦਾ ਪਾਣੀ ਆਉਣ ਦਾ ਖ਼ਤਰਾ ਬਣ ਸਕਦਾ ਹੈ। ਦਿੱਲੀ ਦੀਆਂ ਸੜਕਾਂ ਵਿੱਚ ਟੋਏ ਪੈਣ ਦੀਆਂ ਖ਼ਬਰਾਂ ਜਾਰੀ ਹਨ। ਇੰਡੀਆ ਗੇਟ ਨੇੜੇ ਨੈਸ਼ਨਲ ਆਰਟ ਗੈਲਰੀ ਕੋਲ ਸੜਕ ਹੇਠਾਂ ਧੱਸ ਗਈ ਤੇ ਗਰੇਟਰ ਕੈਲਾਸ਼ ਇਲਾਕੇ ਵਿੱਚ ਵੀ ਇੱਕ ਸੜਕ ਵਿੱਚ ਟੋਆ ਪੈ ਗਿਆ। ਯਮੁਨਾ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਤੇ 4 ਘੰਟਿਆਂ ਵਿੱਚ ਹੀ 17 ਸੈਂਟੀਮੀਟਰ ਪਾਣੀ ਦਾ ਪੱਧਰ ਹੋ ਗਿਆ। ਬੁਰਾੜੀ ਤੇ ਅਲੀਪੁਰ ਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਤੇ ਕਿਸਾਨਾਂ ਨੂੰ ਖੇਤਾਂ ਤੋਂ ਬਾਹਰ ਆ ਕੇ ਉੱਚੀਆਂ ਥਾਵਾਂ ਉਪਰ ਸ਼ਰਨ ਲੈਣੀ ਪਈ। ਹਜ਼ਾਰਾਂ ਏਕੜ ਫਸਲਾਂ ਵਿੱਚ ਗੋਡੇ-ਗੋਡੇ ਪਾਣੀ ਭਰ ਗਿਆ। ਪੁਸ਼ਤਾ ਮਾਰਗ ਦੇ ਕਨਿਾਰੇ ਬਣੀਆਂ ਬੁਰਜੀਆਂ ਮੀਂਹ ਦੇ ਪਾਣੀ ਨਾਲ ਕਮਜ਼ੋਰ ਹੋ ਕੇ ਡਿੱਗਣ ਲੱਗੀਆਂ ਹਨ। ੲਿਸੇ ਦੌਰਾਨ ਕੀਰਤੀ ਨਗਰ ਫਰਨੀਚਰ ਮਾਰਕੀਟ, ਮਯੂਰ ਵਿਹਾਰ ਫੇਜ਼ 1, ਬੁੱਧ ਨਗਰ, ਪ੍ਰੇਮ ਨਗਰ ਅਤੇ ਬੰਦਾ ਬਹਾਦਰ ਮਾਰਗ, ਆਨੰਦ ਵਿਹਾਰ ਡੀ ਬਲਾਕ, ਕੈਲਾਸ਼ ਦੇ ਪੂਰਬ, ਦਿੱਲੀ ਯੂਨੀਵਰਸਿਟੀ (ਡੀਯੂ) ਉੱਤਰੀ ਕੈਂਪਸ ਵਿੱਚ ਮਿਰਾਂਡਾ ਹਾਊਸ, ਅਸ਼ੋਕ ਨਿਕੇਤਨ ਅਤੇ ਨਰੈਣਾ ਵਰਗੇ ਖੇਤਰਾਂ ਵਿੱਚ ਪਾਣੀ ਉੱਤਰਨ ਲੱਗਾ ਹੈ ਜਿਸ ਤੋਂ ਲੋਕਾਂ ਨੂੰ ਮਾਮੂਲੀ ਰਾਹਤ ਮਿਲੀ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਨਿਾਂ ’ਚ ਮੀਂਹ ਘਟਣ ਦੀ ਉਮੀਦ ਹੈ ਜਿਸ ਨਾਲ ਹੜ੍ਹ ਵਰਗੀ ਸਥਿਤੀ ਰਾਹਤ ਮਿਲ ਸਕਦੀ ਹੈ। ਇਸ ਦੌਰਾਨ ਅੱਜ ਤਾਪਮਾਨ 25 ਤੋਂ 31 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਹੋਇਆ। ਆਈਐੱਮਡੀ ਦੇ ਖੇਤਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਅਨੁਸਾਰ ਅਗਲੇ ਕੁਝ ਦਨਿਾਂ ਵਿੱਚ ਤੇਜ਼ ਮੀਂਹ ਦੇ ਖਤਮ ਹੋਣ ਦੀ ਉਮੀਦ ਹੈ। ਅਗਲੇ ਹਫ਼ਤੇ ਰਾਸ਼ਟਰੀ ਰਾਜਧਾਨੀ ਵਿੱਚ ਬਹੁਤ ਹਲਕੀ ਤੋਂ ਹਲਕੀ ਬਾਰਿਸ਼ ਹੋ ਸਕਦੀ ਹੈ ਜਦਕਿ ਦਿੱਲੀ ਵਿੱਚ ਹਫ਼ਤੇ ਦੇ ਬਾਕੀ ਦਨਿਾਂ ਵਿੱਚ ਆਮ ਬਾਰਿਸ਼ ਹੋਣ ਦੀ ਉਮੀਦ ਹੈ।
ਇਸੇ ਦੌਰਾਨ‘ ਆਪ’ ਨੇ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਕੰਮਾਂ ਵਿੱਚ ਸਿਆਸੀ ਸ਼ਹਿ ਨਾਲ ਅੜਿੱਕੇ ਡਾਹੁਣ ਅਤੇ ਕੰਮਾਂ ਦਾ ਸਿਹਰਾ ਲੈਣ ਲਈ ਦਿੱਲੀ ਦੇ ਐੱਲ.ਜੀ. ਵਨਿੈ ਸਕਸੈਨਾ ’ਤੇ ਤਿੱਖਾ ਹਮਲਾ ਕੀਤਾ ਹੈ। ‘ਆਪ’ ਦੇ ਸੀਨੀਅਰ ਨੇਤਾ ਤੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਮੰਗਲਵਾਰ ਨੂੰ ਦਿੱਲੀ ਸਕੱਤਰੇਤ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪਿਛਲੇ 6 ਮਹੀਨਿਆਂ ਵਿੱਚ ਐੱਲਜੀ ਦਿੱਲੀ ਦੇ ਨਾਲਿਆਂ ਵਿੱਚ ਘੁੰਮਦੇ (ਜਾਇਜ਼ਾ ਲੈਂਦੇ) ਰਹੇ ਪਰ ਨਜ਼ਫਗੜ੍ਹ ਡਰੇਨ, ਸ਼ਾਹਦਰਾ ਡਰੇਨ ਅਤੇ ਯਮੁਨਾ ਦੀ ਸਫ਼ਾਈ ਦਾ ਸਿਹਰਾ ਆਪਣੇ ਸਿਰ ਬੰਨ੍ਹ ਲਿਆ। ਉਨ੍ਹਾਂ ਕਿਹਾ ਕਿ ਐੱਲ.ਜੀ. ਇਨ੍ਹਾਂ ਡਰੇਨਾਂ ਦੇ ਨਿਕਾਸ ਨਾ ਹੋਣ ਦਾ ਹਵਾਲਾ ਦੇ ਕੇ ਦਿੱਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਹੁਣ ਜਿੱਥੇ ਉੱਤਰਾਖੰਡ, ਹਿਮਾਚਲ, ਜੰਮੂ-ਕਸ਼ਮੀਰ, ਲੱਦਾਖ ਦੇ ਲੋਕ ਮੀਂਹ ਕਾਰਨ ਦੁਖੀ ਹਨ, ਅਜਿਹੇ ਸਮੇਂ ਵਿੱਚ ਉਪ ਰਾਜਪਾਲ ਸਸਤੀ ਰਾਜਨੀਤੀ ਕਰਨ ਲਈ ਦਿੱਲੀ ਦੀਆਂ ਸੜਕਾਂ ‘ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਐੱਲ.ਜੀ. ਦੇ ਚਹੇਤੇ ਅਫਸਰਾਂ ਨੇ ਦਿੱਲੀ ਸਰਕਾਰ ਦੇ ਕੰਮ ਨੂੰ ਰੋਕਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਪਿਛਲੇ ਸਾਲ ਹੀ ਦਿੱਲੀ ਜਲ ਬੋਰਡ (ਡੀਜੇਬੀ) ਦੀ ਕਰੀਬ 850 ਕਰੋੜ ਦੀ ਦੇਣਦਾਰੀ ਹੈ। ਬੋਰਡ ਨੇ ਆਪਣੇ ਵਿਕਰੇਤਾਵਾਂ ਅਤੇ ਠੇਕੇਦਾਰਾਂ ਨੂੰ 850 ਕਰੋੜ ਰੁਪਏ ਅਦਾ ਕਰਨੇ ਹਨ। ਇਸ ਸਾਲ ਦਾ ਫੰਡ ਦੇਰੀ ਨਾਲ ਦਿੱਤਾ ਗਿਆ ਜੋ ਪਿਛਲੇ ਸਾਲ ਦੀ ਦੇਣਦਾਰੀ ਵਿੱਚ ਖਰਚ ਹੋ ਗਿਆ। ਭਾਰਦਵਾਜ ਮੁਤਾਬਕ ਐੱਲਜੀ ਦੇ ਚਹੇਤੇ ਅਫਸਰਾਂ ਦੀ ਕਥਿਤ ਸ਼ਹਿ ‘ਤੇ ਸਿਹਤ ਵਿਭਾਗ ਦੇ ਸਰਕਾਰੀ ਹਸਪਤਾਲਾਂ ’ਚ ਓਪੀਡੀ ਕਾਰਡ ਬਣਾਉਣ ਵਾਲੇ ਡਾਟਾ ਐਂਟਰੀ ਅਪਰੇਟਰਾਂ ਨੂੰ ਅਚਾਨਕ ਨੌਕਰੀ ਤੋਂ ਕੱਢ ਦਿੱਤਾ ਗਿਆ, ਇੱਥੋਂ ਤੱਕ ਕਿ ਡਾਕਟਰਾਂ ਦੀ ਤਨਖਾਹ ਤੇ ਬਜ਼ੁਰਗਾਂ ਦੀ ਪੈਨਸ਼ਨ ਵੀ ਰੋਕ ਦਿੱਤੀ ਗਈ।