ਯਮੁਨਾ ਦੇ ਪਾਣੀ ਨੇ ਦਿੱਲੀ ’ਚ ਢਾਹਿਆ ਕਹਿਰ

ਯਮੁਨਾ ਦੇ ਪਾਣੀ ਨੇ ਦਿੱਲੀ ’ਚ ਢਾਹਿਆ ਕਹਿਰ

ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ ਵਿੱਚ ਪਾਣੀ ਵੜਿਆ; ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ
ਨਵੀਂ ਦਿੱਲੀ- ਯਮੁਨਾ ਨਦੀ ਦੇ ਦਿੱਲੀ ਵਿੱਚ 22 ਕਿਲੋਮੀਟਰ ਦੇ ਲੰਬੇ ਹਿੱਸੇ ਦੇ ਖੇਤਰਾਂ ਵਿੱਚ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਤੋਂ ਆਏ ਪਾਣੀ ਨੇ ਕਹਿਰ ਮਚਾ ਰੱਖਿਆ ਹੈ। ਇਸ ਪਾਣੀ ਨੂੰ ਹਰਿਆਣਾ ਦੇ ਹਥਨੀਕੁੰਡ ਬੈਰਾਜ ’ਚੋਂ ਬੀਤੇ ਦਿਨਾਂ ਦੌਰਾਨ ਲਗਾਤਾਰ ਛੱਡਿਆ ਜਾ ਰਿਹਾ ਹੈ, ਜਿਸ ਕਰ ਕੇ ਦਿੱਲੀ-ਐੱਨਸੀਆਰ ਵਿੱਚ ਯਮੁਨਾ ਆਪਣੇ ਕੰਢੇ ਤੋੜ ਕੇ ਖੇਤਰਾਂ ਵਿੱਚ ਤਬਾਹੀ ਮਚਾ ਰਹੀ ਹੈ। ਦਿੱਲੀ ਵਿੱਚ ਵਜ਼ੀਰਾਬਾਦ ਬੈਰਾਜ ਤੋਂ ਲੈ ਕੇ ਓਖਲਾ ਬੈਰਾਜ ਤੱਕ ਯਮੁਨਾ ਦਾ ਪਾਣੀ ਰਿਹਾਇਸ਼ੀ ਇਲਾਕਿਆਂ ਦੇ ਘਰਾਂ, ਖੇਤਾਂ ਤੇ ਹੋਰ ਸਰਕਾਰੀ ਇਮਾਰਤਾਂ ਵਿੱਚ ਵੜ ਚੁੱਕਾ ਹੈ। ਇਸ ਪਾਣੀ ਨੇ ਕਾਫੀ ਤਬਾਹੀ ਮਚਾਈ ਹੈ। ਆਈਟੀਓ ਵਿੱਚ ਅੱਜ ਇਕੱਠੇ ਹੋਏ ਪਾਣੀ ਨੇ ਕੌਮੀ ਅਕਾਊਂਟੈਂਟਸ ਐਸੋਸੀਏਸ਼ਨ ਦੀ ਕੰਧ ਨਾਲ ਬਣੀਆਂ ਦਰਜਨ ਤੋਂ ਵੱਧ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਹਜ਼ਾਰਾਂ ਏਕੜ ਫਸਲਾਂ ਦਿੱਲੀ-ਐੱਨਸੀਆਰ ਦੇ ਇਲਾਕੇ ਵਿੱਚ ਪ੍ਰਭਾਵਿਤ ਹੋਈਆਂ ਹਨ। ਉੱਤਰ ਪ੍ਰਦੇਸ਼ ਦੇ ਕੋਸੀ ਦਾ ਵੀ ਕੁਝ ਹਿੱਸਾ ਯਮੁਨਾ ਹੇਠ ਆ ਗਿਆ ਹੈ। ਹਜ਼ਾਰਾਂ ਲੋਕਾਂ ਨੂੰ ਹੜ੍ਹਾਂ ਕਾਰਨ ਆਪਣੇ ਟਿਕਾਣੇ ਛੱਡਣੇ ਪਏ ਹਨ। ਨੋਇਡਾ ਵਿੱਚ 5000 ਤੋਂ ਵੱਧ ਲੋਕਾਂ ਨੂੰ ਆਪਣੇ ਟਿਕਾਣੇ ਛੱਡਣੇ ਪਏ ਹਨ। ਹਾਲਾਂਕਿ ਬੀਤੇ 2 ਦਿਨ ਤੋਂ ਦਿੱਲੀ ਵਿੱਚ ਮੀਂਹ ਘੱਟ ਪਿਆ ਹੈ ਤੇ ਕੋਈ ਬਾਰਿਸ਼ ਨਹੀਂ ਹੋਈ ਪਰ ਹਥਨੀਕੁੰਡ ਦਾ ਪਾਣੀ ਲਗਾਤਾਰ ਆਉਣ ਕਰ ਕੇ ਹੇਠਾਂ ਹੌਲੀ-ਹੌਲੀ ਉੱਤਰ ਰਿਹਾ ਹੈ। ਉਖੇ ਹੀ ਜਦੋਂ ਲੋਕਾਂ ਨੇ ਪਾਣੀ ’ਚੋਂ ਆਪਣੀਆਂ ਗੱਡੀਆਂ ਕੱਢੀਆਂ ਤਾਂ ਇੰਜਣਾਂ ’ਚ ਪਾਣੀ ਜਾਣ ਕਾਰਨ ਉਨ੍ਹਾਂ ਦੇ ਵਾਹਨ ਖਰਾਬ ਹੋ ਗਏ। ਇਸ ਤੋਂ ਬਾਅਦ ਲੋਕਾਂ ਨੂੰ ਪੈਦਲ ਹੀ ਪਾਣੀ ’ਚੋਂ ਆਪਣੇ ਵਾਹਨਾਂ ਸਣੇ ਨਿਕਲਣਾ ਪਿਆ। ਇਸ ਮੌਕੇ ਲੋਕਾਂ ਦੀ ਮੁਸੀਬਤ ਦਾ ਲਾਹਾ ਲੈਂਦਿਆਂ ਮਕੈਨਿਕਾਂ ਨੇ ਆਮ ਨਾਲੋਂ ਵੱਧ ਪੈਸੇ ਵਸੂਲੇ।