ਯਮੁਨਾ ’ਚ ਪਾਣੀ ਵਧਿਆ; ਨੀਵੇਂ ਖੇਤਰਾਂ ’ਚ ਹੜ੍ਹ ਵਰਗੇ ਹਾਲਾਤ

ਯਮੁਨਾ ’ਚ ਪਾਣੀ ਵਧਿਆ; ਨੀਵੇਂ ਖੇਤਰਾਂ ’ਚ ਹੜ੍ਹ ਵਰਗੇ ਹਾਲਾਤ

ਰਾਹਤ ਕਾਰਜਾਂ ਲਈ ਸਿਵਲ ਡਿਫੈਂਸ ਵਾਲੰਟੀਅਰ ਤਾਇਨਾਤ; ਖਾਦਰ ’ਚ ਫਸੇ 60 ਲੋਕਾਂ ਨੂੰ ਬਚਾਇਆ
ਨਵੀਂ ਦਿੱਲੀ- ਯਮੁਨਾ ਨਦੀ ਵਿੱਚ ਵਧੇ ਪੱਧਰ ਨਾਲ ਦਿੱਲੀ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਹੋ ਗਿਆ ਹੈ। ਪ੍ਰਸ਼ਾਸਨ ਨੇ ਧਾਰਾ 144 ਲਾ ਦਿੱਤੀ ਹੈ ਤਾਂ ਜੋ ਲੋਕ ਯਮੁਨਾ ਕਿਨਾਰੇ ਇੱਕਠੇ ਨਾ ਹੋ ਸਕਣ। ਦਿੱਲੀ ਦੀਆਂ ਨੀਵੀਆਂ ਥਾਵਾਂ ’ਤੇ ਹੜ੍ਹ ਨੂੰ ਲੈ ਕੇ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ।
ਪ੍ਰੀਤ ਵਿਹਾਰ ਦੇ ਐੱਸਡੀਐੱਮ ਤੇ ਹੜ੍ਹ ਨੋਡਲ ਅਫ਼ਸਰ ਰਾਜਿੰਦਰ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਹੜ੍ਹ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਖਾਦਰ ਖੇਤਰ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਐੱਸਡੀਐੱਮ ਨੇ ਕਿਹਾ ਕਿ ਪੂਰਬੀ ਦਿੱਲੀ ’ਚ ਖੇਡ ਪਿੰਡ ਨੇੜੇ ਖਾਦਰ ’ਚ ਪਾਣੀ ਦਾ ਪੱਧਰ ਵਧਣ ਕਾਰਨ ਫਸੇ 60 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਵਿੱਚ ਔਰਤਾਂ ਅਤੇ ਬੱਚੇ ਅਤੇ ਬਜ਼ੁਰਗ ਸ਼ਾਮਲ ਹਨ।
ਦਿੱਲੀ ਦੇ ਉਨ੍ਹਾਂ ਇਲਾਕਿਆਂ ’ਚ ਜਿੱਥੇ ਯਮੁਨਾ ਦੇ ਪਾਣੀ ਦਾ ਪੱਧਰ ਵਧਿਆ ਹੈ ਉੱਥੇ ਸਾਵਧਾਨੀ ਵਜੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਗੀਤਾ ਕਲੋਨੀ, ਉਸਮਾਨਪੁਰ, ਸ਼ਾਸਤਰੀ ਪਾਰਕ, ਸੋਨੀਆ ਵਿਹਾਰ, ਭਜਨਪੁਰਾ, ਖਜੂਰੀ, ਗਾਂਧੀ ਨਗਰ, ਕਿਸ਼ਨਕੁੰਜ, ਮਯੂਰ ਵਿਹਾਰ ਫੇਜ਼-1 ਸਮੇਤ ਕਈ ਕਲੋਨੀਆਂ ਪੁਸ਼ਤੇ ਨੇੜੇ ਵਸੀਆਂ ਹੋਈਆਂ ਹਨ। ਮਯੂਰ ਵਿਹਾਰ ਦੇ ਖੁੱਲ੍ਹੇ ਇਲਾਕੇ ਵਿੱਚ ਪਾਣੀ ਭਰ ਗਿਆ ਤੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਬਾਹਰ ਕੱਢਿਆ। ਲੋਕਾਂ ਦੀ ਭੀੜ ਨਾ ਹੋਵੇ ਇਸ ਲਈ ਗੀਤਾ ਕਲੋਨੀ, ਪੁਰਾਣੀ ਲੋਹਪੁਲ ਤੇ ਵਜ਼ੀਰਾਬਾਦ ਰੋਡ ਤੇ ਸਿਗਨੇਚਰ ਬ੍ਰਿਜ ’ਤੇ ਵੀ ਸਿਵਲ ਡਿਫੈਂਸ ਵਲੰਟੀਅਰ ਤਾਇਨਾਤ ਕੀਤੇ ਗਏ। ਯਮੁਨਾ ਦਾ ਪਾਣੀ ਸ਼ਹਿਰ ਵਿੱਚ ਫੈਲਣ ਲੱਗ ਪਿਆ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਸ਼ਮੀਰੀ ਗੇਟ ਤੇ ਰਿੰਗ ਰੋਡ ਨੇੜੇ ਮੱਠ ਬਾਜ਼ਾਰ ਵਿੱਚ ਪਾਣੀ ਦਾਖ਼ਲ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਮਜਬੂਰ ਹੋਣਾ ਪਿਆ। ਪਾਣੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਅਧਿਕਾਰੀਆਂ ਵੱਲੋਂ ਰੇਤ ਦੇ ਬੋਰੇ ਲਗਾਏ ਗਏ। ਲੋਕਾਂ ਨੂੰ ਬਚਾਉਣ ਲਈ ਭਾਰੀ ਮਸ਼ੀਨਰੀ ਤਾਇਨਾਤ ਕੀਤੀ ਗਈ ਹੈ।
ਮਾਲਵੀਆ ਨਗਰ ਵਿਧਾਨ ਸਭਾ ਦੇ ਵਿਧਾਇਕ ਤੇ ਦਿੱਲੀ ਜਲ ਬੋਰਡ ਦੇ ਵਾਈਸ ਚੇਅਰਮੈਨ ਸੋਮਨਾਥ ਭਾਰਤੀ ਨੇ ਮਾਲਵੀਆ ਨਗਰ ਇਲਾਕੇ ਦੇ ਕੌਂਸਲਰਾਂ ਨਾਲ ਮਾਲਵੀਆ ਨਗਰ ਵਿੱਚ ਬਰਸਾਤਾਂ ਦੇ ਮੌਸਮ ਦੌਰਾਨ ਪਾਣੀ ਭਰਨ ਦੀ ਸਮੱਸਿਆ ਨਾਲ ਨਜਿੱਠਣ ਲਈ ਇੱਕ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿੱਚ ਮਾਲਵੀਆ ਨਗਰ ਦੇ ਤਿੰਨੋਂ ਵਾਰਡਾਂ ਦੇ ਕੌਂਸਲਰਾਂ ਨੇ ਸ਼ਮੂਲੀਅਤ ਕੀਤੀ। ਸਥਾਨਕ ਵਿਧਾਇਕ ਤੇ ਕੌਂਸਲਰਾਂ ਨੇ ਮਾਲਵੀਆ ਨਗਰ ਵਿੱਚ ਸੇਮ ਦੀ ਸਮੱਸਿਆ ਨਾਲ ਨਜਿੱਠਣ ਅਤੇ ਬਰਸਾਤੀ ਪਾਣੀ ਦੇ ਪ੍ਰਬੰਧਨ ਲਈ 7-ਨੁਕਾਤੀ ਪ੍ਰੋਗਰਾਮ ਤਿਆਰ ਕੀਤਾ। ਇਸ ਪ੍ਰੋਗਰਾਮ ਤਹਿਤ ਤੂਫਾਨ ਨਾਲਿਆਂ ਅਤੇ ਸੀਵਰ ਸਿਸਟਮ ਨੂੰ ਵੱਖ ਕੀਤਾ ਜਾਵੇਗਾ। ਸੀਵਰੇਜ ਤੇ ਡਰੇਨੇਜ ਸਿਸਟਮ ਦੀ ਡੂੰਘਾਈ ਨਾਲ ਸਫਾਈ ਕੀਤੀ ਜਾਵੇਗੀ। ਡਰੇਨੇਜ ਸਿਸਟਮ ਨੂੰ ਕਬਜ਼ੇ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਘਰਾਂ ਦੀਆਂ ਛੱਤਾਂ ਤੋਂ ਬਰਸਾਤੀ ਪਾਣੀ ਨੂੰ ਪਾਰਕਾਂ ਵਿੱਚ ਜਲ ਭੰਡਾਰ ਬਣਾ ਕੇ ਇਕੱਠਾ ਕੀਤਾ ਜਾਵੇਗਾ। ਬਰਸਾਤ ਦੇ ਬਚੇ ਪਾਣੀ ਨੂੰ ਰੇਨ ਵਾਟਰ ਹਾਰਵੈਸਟਿੰਗ ਰਾਹੀਂ ਇਕੱਠਾ ਕੀਤਾ ਜਾਵੇਗਾ। ਵਾਰਡ ਨੰਬਰ 150 ਵਿੱਚ ਗਰੀਨ ਪਾਰਕ, ਵਾਰਡ ਨੰਬਰ 149 ਵਿੱਚ ਸਰਵੋਦਿਆ ਐਨਕਲੇਵ ਤੇ ਵਾਰਡ ਨੰਬਰ 148 ਚ ਉਦੈ ਪਾਰਕ ਦੀ ਪਛਾਣ ਕੀਤੀ ਗਈ ਹੈ।