ਮੱਲਕੇ ਬੇਅਦਬੀ ਮਾਮਲਾ – ਤਿੰਨ ਡੇਰਾ ਪ੍ਰੇਮੀਆਂ ਨੂੰ ਤਿੰਨ-ਤਿੰਨ ਸਾਲ ਦੀ ਕੈਦ

ਮੱਲਕੇ ਬੇਅਦਬੀ ਮਾਮਲਾ – ਤਿੰਨ ਡੇਰਾ ਪ੍ਰੇਮੀਆਂ ਨੂੰ ਤਿੰਨ-ਤਿੰਨ ਸਾਲ ਦੀ ਕੈਦ

ਮੋਗਾ ਅਦਾਲਤ ਨੇ ਦੋ ਡੇਰਾ ਪ੍ਰੇਮੀ ਬਰੀ ਕੀਤੇ; ਤਿੰਨ ਨੂੰ ਭਗੌੜਾ ਐਲਾਨਿਆ
ਨਿਹਾਲ ਸਿੰਘ ਵਾਲਾ (ਮੋਗਾ) – ਜ਼ਿਲ੍ਹੇ ਦੇ ਪਿੰਡ ਮੱਲਕੇ ਵਿੱਚ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਮਾਮਲੇ ਵਿੱਚ ਮੋਗਾ ਅਦਾਲਤ ਨੇ ਤਿੰਨ ਡੇਰਾ ਪ੍ਰੇਮੀਆਂ ਨੂੰ ਤਿੰਨ-ਤਿੰਨ ਸਾਲ ਦੀ ਕੈਦ ਅਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਫ਼ੈਸਲਾ ਸੁਣਾਉਣ ਤੋਂ ਪਹਿਲਾਂ ਮੋਗਾ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।
ਪਿੰਡ ਮੱਲਕੇ ਦੇ ਗੁਰਸੇਵਕ ਸਿੰਘ ਵੱਲੋਂ ਥਾਣਾ ਸਮਾਲਸਰ ਵਿੱਚ ਦਿੱਤੀ ਗਈ ਦਰਖ਼ਾਸਤ ਦੇ ਆਧਾਰ ’ਤੇ ਚੱਲ ਰਹੇ ਕੇਸ ਦਾ ਅਦਾਲਤ ਨੇ ਨਿਬੇੜਾ ਕਰਦਿਆਂ ਡੇਰਾ ਸਟੇਟ ਕਮੇਟੀ ਮੈਂਬਰ ਅਤੇ ਬਾਘਾਪੁਰਾਣਾ ਨਿਵਾਸੀ ਪ੍ਰਿਥੀ ਸਿੰਘ, ਮਿੱਠੂ ਸਿੰਘ ਅਤੇ ਰਮਨਦੀਪ ਸਿੰਘ ਨੂੰ ਸਜ਼ਾ ਸੁਣਾਈ ਹੈ ਜਦਕਿ ਸਤਨਾਮ ਸਿੰਘ ਅਤੇ ਦਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਹੈ। ਇਸੇ ਤਰ੍ਹਾਂ ਤਿੰਨ ਹੋਰ ਡੇਰਾ ਪ੍ਰੇਮੀਆਂ ਨੂੰ ਅਦਾਲਤ ਨੇ ਭਗੌੜੇ ਕਰਾਰ ਦਿੱਤਾ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਕੇਸ ਦੁਬਾਰਾ ਮੋਗਾ ਅਦਾਲਤ ਹਵਾਲੇ ਕਰ ਦਿੱਤਾ ਸੀ। ਸ਼ਿਕਾਇਤਕਰਤਾ ਗੁਰਸੇਵਕ ਸਿੰਘ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਵਿੱਚ ਦੇਰ ਜ਼ਰੂਰ ਹੋਈ ਹੈ ਪਰ ਉਨ੍ਹਾਂ ਨੂੰ ਇਨਸਾਫ਼ ਮਿਲ ਗਿਆ ਹੈ। ਉਸ ਨੇ ਪੁਲੀਸ ਤੋਂ ਸੁਰੱਖਿਆ ਵਧਾਉਣ ਦੀ ਮੰਗ ਕਰਦਿਆਂ ਦੱਸਿਆ ਕਿ ਉਸ ਕੋਲ ਸਿਰਫ਼ ਇੱਕ ਹੀ ਗੰਨਮੈਨ ਹੈ। ਗੁਰਸੇਵਕ ਸਿੰਘ ਅਤੇ ਉਸ ਦੇ ਸਾਥੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ 295ਏ ਦੇ ਨਾਲ ਧਾਰਾ 302 ਵੀ ਜੋੜੇ ਅਤੇ ਭਗੌੜੇ ਦੋਸ਼ੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿਵਾਏ।