ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਖਿੜਿਆ ਕਮਲ; ਤਿਲੰਗਾਨਾ ਵਿੱਚ ਕਾਂਗਰਸ ਜਿੱਤੀ

ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਖਿੜਿਆ ਕਮਲ; ਤਿਲੰਗਾਨਾ ਵਿੱਚ ਕਾਂਗਰਸ ਜਿੱਤੀ

ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਚ ਭਾਜਪਾ ਦੀ ਚੜ੍ਹਤ
ਨਵੀਂ ਦਿੱਲੀ – ਚਾਰ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਪਈਆਂ ਵੋਟਾਂ ਦੇ ਅੱਜ ਆਏ ਨਤੀਜਿਆਂ ’ਚ ਭਾਜਪਾ ਨੇ ਤਿੰਨ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਜਿੱਤ ਦਰਜ ਕੀਤੀ ਹੈ ਜਦਕਿ ਤਿਲੰਗਾਨਾ ਵਿੱਚ ਕਾਂਗਰਸ ਨੇ ਬੀਆਰਐੱਸ ਨੂੰ ਸੱਤਾ ’ਚੋਂ ਬਾਹਰ ਕਰ ਦਿੱਤਾ ਹੈ। ਅੱਜ ਸਵੇਰੇ ਜਿਵੇਂ ਹੀ ਚਾਰ ਵਿਧਾਨ ਸਭਾਵਾਂ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਰੁਝਾਨਾਂ ਤੇ ਜਿੱਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਛਾਪ ਦੇ ਨਾਲ ਭਾਜਪਾ ਦੀ ਹਕੂਮਤ ਵਾਲੀ ਚੋਣ ਤਸਵੀਰ ਪੇਸ਼ ਕੀਤੀ। ਚੋਣ ਨਤੀਜੇ ਸਾਹਮਣੇ ਆਉਣ ਮਗਰੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅਸਤੀਫੇ ਸੂਬਿਆਂ ਦੇ ਰਾਜਪਾਲਾਂ ਨੂੰ ਸੌਂਪ ਦਿੱਤੇ ਹਨ।
ਅੱਜ ਦੇ ਚੋਣ ਨਤੀਜਿਆਂ ’ਚ ਭਾਜਪਾ ਨੇ ਜਿੱਥੇ ਮੱਧ ਪ੍ਰਦੇਸ਼ ’ਚ ਆਪਣੀ ਸਰਕਾਰ ਕਾਇਮ ਰੱਖੀ ਹੈ ਉੱਥੇ ਹੀ ਦੋ ਸੂਬਿਆਂ ਰਾਜਸਥਾਨ ਤੇ ਛੱਤੀਸਗੜ੍ਹ ਦੀ ਸੱਤਾ ਕਾਂਗਰਸ ਤੋਂ ਖੋਹ ਲਈ ਹੈ। ਕਾਂਗਰਸ ਦੋ ਸੂਬੇ ਹਾਰ ਗਈ ਪਰ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਤੋਂ ਤਿਲੰਗਾਨਾ ਜਿੱਤ ਗਈ। ਇਸ ਦੱਖਣੀ ਸੂਬੇ ’ਚ ਮਿਲੀ ਜਿੱਤ ਨੇ ਹੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ ਅਤੇ ਕੇ ਚੰਦਰਸ਼ੇਖਰ ਰਾਓ ਦੀ ਲੀਡਰਸ਼ਿਪ ਵਾਲੀ ਬੀਆਰਐੱਸ, ਜਿਸ ਨੂੰ ਲਗਾਤਾਰ ਤੀਜੀ ਵਾਰ ਜਿੱਤਣ ਦੀ ਉਮੀਦ ਸੀ, ਨੂੰ ਆਤਮ ਚਿੰਤਨ ਲਈ ਮਜਬੂਰ ਕਰ ਦਿੱਤਾ ਹੈ। ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ 230 ਸੀਟਾਂ ’ਚੋਂ ਭਾਜਪਾ ਨੇ 163 ਸੀਟਾਂ ’ਤੇ ਜਿੱਤ ਦਰਜ ਕਰ ਲਈ ਹੈ ਜਾਂ ਲੀਡ ਹਾਸਲ ਕੀਤੀ ਹੋਈ ਜਦਕਿ ਕਾਂਗਰਸ 66 ਸੀਟਾਂ ਹਾਸਲ ਕਰ ਚੁੱਕੀ ਹੈ। ਗੁਆਂਢੀ ਸੂਬੇ ਰਾਜਸਥਾਨ ਵਿੱਚ ਲੋਕਾਂ ਨੇ ਹਰ ਪੰਜ ਸਾਲ ਮਗਰੋਂ ਸਰਕਾਰ ਬਦਲਣ ਦੀ ਰਵਾਇਤ ਕਾਇਮ ਰੱਖੀ ਹੈ ਅਤੇ ਇੱਥੋਂ ਦੀਆਂ 199 ਵਿਧਾਨ ਸਭਾ ਸੀਟਾਂ ’ਚੋਂ ਭਾਜਪਾ ਨੇ 115 ਜਦਕਿ ਕਾਂਗਰਸ ਨੇ 69 ਸੀਟਾਂ ਜਿੱਤੀਆਂ ਹਨ। ਉੱਧਰ ਛੱਤੀਸਗੜ੍ਹ ਵਿਚਲੀਆਂ 90 ਸੀਟਾਂ ’ਚੋਂ ਭਾਜਪਾ ਨੇ 54 ਤੇ ਕਾਂਗਰਸ ਨੇ 35 ਸੀਟਾਂ ਜਿੱਤੀਆਂ ਹਨ। ਤਿਲੰਗਾਨਾ ਦੀਆਂ 119 ਵਿਧਾਨ ਸਭਾ ਸੀਟਾਂ ’ਚੋਂ ਕਾਂਗਰਸ ਨੇ 64 ਸੀਟਾਂ ਜਦਕਿ ਬੀਆਰਐੱਸ 39 ਤੇ ਭਾਜਪਾ ਨੇ 8 ਸੀਟਾਂ ਹਾਸਲ ਕੀਤੀਆਂ ਹਨ। ਚੋਣ ਕਮਿਸ਼ਨ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਮੱਧ ਪ੍ਰਦੇਸ਼, ਰਾਜਸਥਾਨ ਤੇ ਤਿਲੰਗਾਨਾ ’ਚ 1 ਫੀਸਦ ਤੋਂ ਵੀ ਘੱਟ ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ ਜਦਕਿ ਛੱਤੀਸਗੜ੍ਹ ਵਿੱਚ 1.29 ਫੀਸਦ ਲੋਕਾਂ ਨੇ ਨੋਟਾ ਦੀ ਵਰਤੋਂ ਕੀਤੀ ਹੈ। ਚੋਣ ਰੁਝਾਨਾਂ ਵਿੱਚ ਅੱਗੇ ਰਹਿਣ ਤੇ ਜਿੱਤ ਦੀਆਂ ਖ਼ਬਰਾਂ ਸਾਹਮਣੇ ਆਉਣ ਮਗਰੋਂ ਭਾਜਪਾ ਵਰਕਰਾਂ ਤੇ ਆਗੂਆਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ।
ਫਿਲਹਾਲ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਜੇਤੂ ਪਾਰਟੀਆਂ ਵੱਲੋਂ ਮੁੱਖ ਮੰਤਰੀ ਕੌਣ ਬਣੇਗਾ। ਭਾਜਪਾ ਦੀ ਜਿੱਤ ਮਗਰੋਂ ਭਾਜਪਾ ਆਗੂਆਂ ਨੇ ਕਿਹਾ ਕਿ ਇਨ੍ਹਾਂ ਚੋਣ ਨਤੀਜਿਆਂ ਵਿੱਚ ਲੋਕਾਂ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ ਅਤੇ ਭਾਜਪਾ ਦੇ ਪ੍ਰਸ਼ਾਸਨ ’ਤੇ ਭਰੋਸਾ ਜ਼ਾਹਿਰ ਕੀਤਾ ਹੈ। ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਆਏ ਇਨ੍ਹਾਂ ਚਾਰ ਸੂਬਿਆਂ ਦੇ ਚੋਣ ਨਤੀਜਿਆਂ ਨੂੰ ਬਹੁਤ ਹੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਮਿਜ਼ੋਰਮ ਸਮੇਤ ਇਨ੍ਹਾਂ ਪੰਜ ਸੂਬਿਆਂ ਵਿੱਚ 84 ਲੋਕ ਸਭਾ ਹਲਕੇ ਹਨ। ਇਨ੍ਹਾਂ ’ਚੋਂ ਮੱਧ ਪ੍ਰਦੇਸ਼ ਵਿੱਚ 29, ਛੱਤੀਸਗੜ੍ਹ ’ਚ 11, ਰਾਜਸਥਾਨ ’ਚ 25, ਤਿਲੰਗਾਨਾ ’ਚ 17 ਅਤੇ ਮਿਜ਼ੋਰਮ ’ਚ ਦੋ ਲੋਕ ਸਭਾ ਹਲਕੇ ਆਉਂਦੇ ਹਨ।