ਮੰਨਤ ਖਰੀਦਣ ਮਗਰੋਂ ਸਾਡੇ ਕੋਲ ਕੋਈ ਪੈਸਾ ਨਹੀਂ ਸੀ ਬਚਿਆ: ਸ਼ਾਹਰੁਖ ਖਾਨ

ਮੰਨਤ ਖਰੀਦਣ ਮਗਰੋਂ ਸਾਡੇ ਕੋਲ ਕੋਈ ਪੈਸਾ ਨਹੀਂ ਸੀ ਬਚਿਆ: ਸ਼ਾਹਰੁਖ ਖਾਨ

ਮੁੰਬਈ: ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦਾ ਨਾਮ ਦੇਸ਼ ਦੇ ਅਮੀਰ ਸਿਤਾਰਿਆਂ ਵਿੱਚ ਆਉਂਦਾ ਹੈ ਪਰ ਜਦੋਂ ਉਸ ਨੇ ਬੰਗਲਾ ‘ਮੰਨਤ’ ਖਰੀਦਿਆ ਸੀ ਤਾਂ ਉਨ੍ਹਾਂ ਕੋਲ ਬੰਗਲੇ ਨੂੰ ਸਜਾਉਣ ਲਈ ਸਾਮਾਨ ਅਤੇ ਫਰਨੀਚਰ ਖਰੀਦਣ ਵਾਸਤੇ ਇਕ ਧੇਲਾ ਵੀ ਨਹੀਂ ਬਚਿਆ ਸੀ। ਬੰਗਲੇ ਨੂੰ ਸਜਾਉਣ ਲਈ ਉਸ ਦੀ ਪਤਨੀ ਗੌਰੀ ਖ਼ਾਨ ਡਿਜ਼ਾਈਨਰ ਬਣੀ ਸੀ। ਸ਼ਾਹਰੁਖ ਨੇ ਇਹ ਗੱਲਾਂ ਅੱਜ ਆਪਣੀ ਪਤਨੀ ਗੌਰੀ ਖਾਨ ਦੀ ‘ਕੌਫੀ ਟੇਬਲ ਬੁੱਕ’ ‘ਮਾਇ ਲਾਈਫ ਇਨ ਡਿਜ਼ਾਈਨ’ ਦੇ ਲੋਕ ਅਰਪਣ ਸਮਾਰੋਹ ਦੌਰਾਨ ਕਹੀਆਂ। ਅਦਾਕਾਰ ਨੇ ਆਖਿਆ,‘‘ਜਦੋਂ ਅਸੀਂ ਮੰਨਤ ਖਰੀਦਿਆਂ ਸੀ ਤਾਂ ਇਹ ਸਾਡੇ ਵਿੱਤੀ ਵੱਸੋਂ ਬਾਹਰ ਸੀ। ਸਾਡੇ ਕੋਲ ਬੰਗਲੇ ਦੀ ਸਜਾਵਟ ਵਾਸਤੇ ਪੈਸੇ ਨਹੀਂ ਬਚੇ ਸਨ। ਜਦੋਂ ਅਸੀਂ ਸਜਾਵਟ ਵਾਸਤੇ ਇਕ ਡਿਜ਼ਾਈਨਰ ਲਿਆਂਦਾ ਤਾਂ ਅਹਿਸਾਸ ਹੋਇਆ ਕਿ ਅਸੀਂ ਇਸ ਖਰਚੇ ਦਾ ਭਾਰ ਨਹੀਂ ਚੁੱਕ ਸਕਦੇ। ਮੈਂ ਗੌਰੀ ਕੋਲ ਗਿਆ, ਕਿਉਂਕਿ ਉਸ ਕੋਲ ਅਜਿਹੀ ਕਲਾ ਹੈ ਅਤੇ ਉਸ ਨੂੰ ਬੰਗਲੇ ਦੀ ਸਜਾਵਟ ਲਈ ਡਿਜ਼ਾਈਨਰ ਦਾ ਕੰਮ ਕਰਨ ਲਈ ਕਿਹਾ। ਫਿਰ ਅਸੀਂ ਸਮੇਂ-ਸਮੇਂ ’ਤੇ ਆਪਣੀ ਕਮਾਈ ਵਿਚੋਂ ਘਰ ਲਈ ਥੋੜ੍ਹਾ-ਥੋੜ੍ਹਾ ਸਾਮਾਨ ਖਰੀਦਦੇ ਰਹੇ।’’ ਗੌਰੀ ਖਾਨ ਦੀ ਪੁਸਤਕ ਵਿੱਚ ਉਸ ਦੇ ਡਿਜ਼ਾਈਨਰ ਬਣਨ ਤੱਕ ਦਾ ਸਫ਼ਰ ਬਿਆਨਿਆ ਗਿਆ ਹੈ। ਇਸ ਵਿੱਚ ਗੌਰੀ ਅਤੇ ਉਸ ਦੇ ਪਰਿਵਾਰ ਦੀਆਂ ਨਵੀਆਂ ਤਸਵੀਰਾਂ ਹਨ।