ਮੌਜੂਦਾ ਹਾਲਾਤ ਵਿੱਚ ਇਕਜੁੱਟ ਹੋਣ ਦੀ ਲੋੜ: ਬਾਬਾ ਬਲਬੀਰ ਸਿੰਘ

ਮੌਜੂਦਾ ਹਾਲਾਤ ਵਿੱਚ ਇਕਜੁੱਟ ਹੋਣ ਦੀ ਲੋੜ: ਬਾਬਾ ਬਲਬੀਰ ਸਿੰਘ

ਬੁੱਢਾ ਦਲ ਦੇ ਜਥੇਦਾਰ ਦੀ ਬਰਸੀ ਸ਼ਰਧਾ ਨਾਲ ਮਨਾਈ; ਧਾਰਮਿਕ ਸ਼ਖਸੀਅਤਾਂ ਵੱਲੋਂ ਸ਼ਿਰਕਤ
ਤਲਵੰਡੀ ਸਾਬੋ- ਛਿਆਨਵੇਂ ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (ਨਿਹੰਗ ਸਿੰਘਾਂ) ਦੇ ਗਿਆਰ੍ਹਵੇਂ ਜਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ 81ਵੀਂ ਸਾਲਾਨਾ ਬਰਸੀ ਇੱਥੇ ਬੁੱਢਾ ਦਲ ਦੀ ਮੁੱਖ ਛਾਉਣੀ ਗੁਰਦੁਆਰਾ ਦੇਗਸਰ ਬੇਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ। ਬਰਸੀ ਦੇ ਗੁਰਮਤਿ ਸਮਾਗਮਾਂ ਵਿੱਚ ਉੱਚ ਧਾਰਮਿਕ ਸ਼ਖਸੀਅਤਾਂ ਨੇ ਹਾਜ਼ਰੀ ਭਰੀ।

ਬੁੱਢਾ ਦਲ ਦੇ ਮੌਜੂਦਾ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਕਰਵਾਏ ਧਾਰਮਿਕ ਸਮਾਗਮਾਂ ਮੌਕੇ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਬਾਬਾ ਸਾਹਿਬ ਸਿੰਘ ਕਲਾਧਾਰੀ ਦੇ ਜੀਵਨ ਬਾਰੇ ਜਾਣੂ ਕਰਵਾਇਆ। ਇਸ ਮੌਕੇ ਬਾਬਾ ਬਲਬੀਰ ਸਿੰਘ ਨੇ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ ਬਰਸੀ ਦੇ ਗੁਰਮਤਿ ਸਮਾਗਮ ਸਮੇਂ ਪੁੱਜੀਆਂ ਸੰਗਤਾਂ ਅਤੇ ਵਿਸ਼ੇਸ਼ ਸ਼ਖ਼ਸ਼ੀਅਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇੱਕਜੁਟਤਾ, ਇੱਕਮੁੱਠਤਾ ਤੇ ਆਪਸੀ ਸਦਭਾਵਨਾ ਦੀ ਮੰਗ ਕਰਦੇ ਹਨ। ਬਰਸੀ ਸਮਾਗਮ ਵਿੱਚ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਜੱਸਾ ਸਿੰਘ, ਬਾਬਾ ਮੇਜਰ ਸਿੰਘ ਮੁਖਤਿਆਰੇ ਆਮ, ਬਾਬਾ ਟੇਕ ਸਿੰਘ ਧਨੌਲਾ ਮੁਖੀ ਮਸਤੂਆਣਾ ਸੰਪਰਦਾ, ਬਾਬਾ ਕਾਕਾ ਸਿੰਘ ਮਸਤੂਆਣਾ ਸਾਹਿਬ ਹਾਜ਼ਰ ਸਨ।