ਮੌਜੂਦਾ ਸਥਿਤੀ ਨੂੰ ਬਦਲਣ ਦੇ ਇਕਤਰਫ਼ਾ ਯਤਨਾਂ ਖਿਲਾਫ਼ ਮਿਲ ਕੇ ਆਵਾਜ਼ ਚੁੱਕਣ ਦੀ ਲੋੜ: ਮੋਦੀ

ਮੌਜੂਦਾ ਸਥਿਤੀ ਨੂੰ ਬਦਲਣ ਦੇ ਇਕਤਰਫ਼ਾ ਯਤਨਾਂ ਖਿਲਾਫ਼ ਮਿਲ ਕੇ ਆਵਾਜ਼ ਚੁੱਕਣ ਦੀ ਲੋੜ: ਮੋਦੀ

ਯੂਐੱਨ ਚਾਰਟਰ, ਕੌਮਾਂਤਰੀ ਕਾਨੂੰਨਾਂ ਤੇ ਇਕ ਦੂਜੇ ਦੀ ਪ੍ਰਭੂਸੱਤਾ ਦੇ ਸਤਿਕਾਰ ਦਾ ਦਿੱਤਾ ਸੱਦਾ
ਹੀਰੋਸ਼ੀਮਾ(ਜਾਪਾਨ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਸਿਖਰ ਵਾਰਤਾ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਯੂਕਰੇਨ ਦੇ ਮੌਜੂਦਾ ਹਾਲਾਤ ਨੂੰ ਸਿਆਸਤ ਜਾਂ ਅਰਥਚਾਰੇ ਦਾ ਨਹੀਂ ਬਲਕਿ ਮਾਨਵੀ ਕਦਰਾਂ ਕੀਮਤਾਂ ਦਾ ਮੁੱਦਾ ਮੰਨਦੇ ਹਨ। ਉਨ੍ਹਾਂ ਕਿਹਾ ਕਿ ਸੰਵਾਦ ਤੇ ਕੂਟਨੀਤੀ ਹੀ ਇਸ ਟਕਰਾਅ ਨੂੰ ਸੁਲਝਾਉਣ ਦਾ ਇਕੋ ਇਕ ਰਾਹ ਹੈ। ਸ੍ਰੀ ਮੋਦੀ ਨੇ ਕਿਹਾ ਕਿ ਸਾਰੇ ਮੁਲਕਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ, ਕੌਮਾਂਤਰੀ ਕਾਨੂੰਨ ਤੇ ਇਕ ਦੂਜੇ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਮੌਜੂਦਾ ਸਥਿਤੀ ਨੂੰ ਬਦਲਣ ਦੀਆਂ ਇਕਤਰਫ਼ਾ ਕੋਸ਼ਿਸ਼ਾਂ ਖਿਲਾਫ਼ ਮਿਲ ਕੇ ਆਵਾਜ਼ ਉਠਾਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਯੂਕਰੇਨ-ਰੂਸ ਜੰਗ ਤੇ ਪੂਰਬੀ ਲੱਦਾਖ ਵਿੱਚ ਚੀਨ ਨਾਲ ਚੱਲ ਰਹੇ ਵਿਵਾਦ ਦੇ ਪਿਛੋਕੜ ਵਿੱਚ ਆਈਆਂ ਹਨ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਗੌਤਮ ਬੁੱਧ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਆਧੁਨਿਕ ਯੁੱਗ ਵਿੱਚ ਅਜਿਹੀ ਕੋਈ ਸਮੱਸਿਆ ਨਹੀਂ, ਜਿਸ ਦਾ ਤੋੜ ਉਨ੍ਹਾਂ ਦੀਆਂ ਸਿੱਖਿਆਵਾਂ ਵਿੱਚੋਂ ਨਾ ਮਿਲੇ। ਸ੍ਰੀ ਮੋਦੀ ਨੇ ਆਪਣੇ ਭਾਸ਼ਣ ਵਿੱਚ ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਵੋਲੋਦੀਮੀਰ ਨਾਲ ਲੰਘੇ ਦਿਨ ਹੋਈ ਗੱਲਬਾਤ ਦਾ ਵੀ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਹੀਰੋਸ਼ੀਮਾ ਵਿੱਚ ਮਹਾਤਮਾ ਗਾਂਧੀ ਦਾ ਬੁੱਤ ਲੋਕਾਂ ਨੂੰ ਸਮਰਪਿਤ ਕੀਤਾ। –