ਮੋਹ ਭਿੱਜੀਆਂ ਦੀਵਾਲੀਆਂ

ਮੋਹ ਭਿੱਜੀਆਂ ਦੀਵਾਲੀਆਂ

ਪਰਮਜੀਤ ਕੌਰ ਸਰਹਿੰਦ

ਤਿਉਹਾਰ ਸ਼ਬਦ ਪੜ੍ਹਦੇ-ਸੁਣਦੇ‌ ਮਨ‌ ਵਿੱਚ ਅਨੋਖਾ ਹੁਲਾਸ ਪੈਦਾ ਹੁੰਦਾ ਹੈ। ਦੀਵਾਲੀ ਸਾਡੇ ਦੇਸ਼ ਦਾ ਸਿਰਮੌਰ ਤਿਉਹਾਰ ਹੈ। ਸਾਡੇ ਪਰਿਵਾਰਕ, ਸਮਾਜਿਕ ਤੇ ਸਿਆਸੀ ਹਾਲਾਤ ਦਾ ਤਿਉਹਾਰਾਂ ’ਤੇ ਬਹੁਤ ਅਸਰ ਪੈਂਦਾ ਹੈ। ਪਿਛਲੇ ਦੋ-ਤਿੰਨ ਸਾਲਾਂ ਦੇ ਤਿਉਹਾਰ ਇਸ ਵਰਤਾਰੇ ਦੇ ਗਵਾਹ ਹਨ। ਸਾਲ 2020-21 ਵਿੱਚ ਪੰਜਾਬ, ਹਰਿਆਣਾ ਤੇ ਯੂ.ਪੀ. ਤੋਂ ਇਲਾਵਾ ਕਿਸਾਨੀ ਕਿੱਤੇ ਵਾਲੇ ਕਈ ਸੂਬਿਆਂ ਦੇ ਵਸਨੀਕਾਂ ਦੇ ਤਿਉਹਾਰ ਫਿੱਕੇ ਰਹੇ ਕਿਉਂਕਿ ਹਕੂਮਤ ਦੇ ਸਤਾਏ ਇਹ ਕਿਰਤੀ, ਲੋਟੂ ਨਿਜ਼ਾਮ ਖ਼ਿਲਾਫ਼ ਲੜਦੇ ਦਿੱਲੀ ਦੀਆਂ ਸੜਕਾਂ ’ਤੇ ਬੈਠੇ ਸਨ। ਮੋਰਚਾ ਫ਼ਤਹਿ ਹੋਇਆ ਤੇ ਤਿਉਹਾਰਾਂ ਦੀ ਰੌਣਕ ਪਰਤ ਆਈ। ਜਿਹੜੇ ਇਸ ਸੰਘਰਸ਼ ਵਿੱਚ ਸ਼ਹਾਦਤ ਦੇ ਗਏ ਅਸੀਂ ਉਨ੍ਹਾਂ ਨੂੰ ਕਦੇ ਨਹੀਂ ‌ਭੁਲਾ ਸਕਦੇ।

ਇਤਿਹਾਸ ਵਾਚਦਿਆਂ ਦੀਵਾਲੀ ਦਾ ਪਿਛੋਕੜ ਵੀ ਪਰਿਵਾਰਕ, ਸਿਆਸੀ‌ ਤੇ‌ ਧਾਰਮਿਕ ਸਰੋਕਾਰਾਂ ਨਾਲ ਜੁੜਿਆ ਮਿਲਦਾ ਹੈ। ਪਰਿਵਾਰਕ ਪਰਿਪੇਖ ‌ਵਿੱਚ ਦੇਖਿਆ ਜਾਵੇ ਤਾਂ ਸ੍ਰੀ ਰਾਮਚੰਦਰ ਜੀ ਚੌਦਾਂ ਸਾਲਾਂ ਦਾ ਬਣਵਾਸ ਕੱਟ ਕੇ ਅਯੁੱਧਿਆ ਪਰਤੇ ਤੇ ਉਨ੍ਹਾਂ ਦੇ ਆਉਣ ’ਤੇ ਖ਼ੁਸ਼ੀ ਪ੍ਰਗਟ ਕਰਨ ਲਈ ਲੋਕਾਂ ਨੇ ਦੀਵੇ ਜਗਾਏ। ਸਿਆਸੀ ਤੇ ਧਾਰਮਿਕ ਪੱਖੋਂ ਦੇਖੀਏ ਤਾਂ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਵਿੱਚੋਂ ਰਿਹਾਅ ਹੋਏ। ਉੱਥੋਂ ਦੇ ਹੁਕਮਰਾਨ ਦੀ ਸ਼ਰਤ ਪੂਰੀ ਕਰ ਕੇ ਬਵੰਜਾ ਬੇਦੋਸ਼ੇ ਹਿੰਦੂ ਰਾਜਿਆਂ ਨੂੰ ਵੀ ਛੁਡਾ ਲਿਆਏ। ਸ਼ਰਤ ਸੀ ਕਿ ਜਿੰਨੇ ਰਾਜੇ ਗੁਰੂ ਜੀ ਦਾ ਪੱਲਾ ਫੜ ਕੇ ਜਾ ਸਕਦੇ ਹਨ ਚਲੇ ਜਾਣ। ਛੇਵੇਂ ਪਾਤਸ਼ਾਹ ਨੇ 52 ਕਲੀਆਂ ਵਾਲਾ ਚੋਲਾ ਪਹਿਨਿਆ ਤੇ 52 ਰਾਜਿਆਂ ਨੂੰ ਰਿਹਾਅ ਕਰਵਾ ਲਿਆਏ। ਗੁਰੂ ਹਰਿਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਤਾਂ ਸੰਗਤਾਂ ਨੇ ਸ਼ਰਧਾ ਨਾਲ ਦੀਪਮਾਲਾ ਕੀਤੀ। ਅੱਜ ਤੱਕ ਇਹ ਪਿਰਤ ਚੱਲੀ ਆ ਰਹੀ ਹੈ। ਕਿਹਾ ਜਾਂਦਾ ਹੈ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ’। ਗੁਰੂ ਜੀ‌ ਨੂੰ ਬੰਦੀਛੋੜ ਤੇ ਦੀਵਾਲੀ ਨੂੰ ਬੰਦੀਛੋੜ ਦਿਵਸ ਵੀ‌ਕਿਹਾ ਜਾਂਦਾ ਹੈ।

ਪਿੱਛੇ ਪਰਤ ਕੇ ਦੇਖਦਿਆਂ ਯਾਦ ਆਉਂਦਾ ਹੈ ਕਿ ਬਚਪਨ ਵਿੱਚ ਦੀਵਾਲੀ ਦਾ‌ ਮਨੋਰਥ ਇਹੋ ਲੱਗਦਾ ਸੀ ਕਿ ਘਰਾਂ ਦੀ‌ਸਾਫ਼-ਸਫ਼ਾਈ ਕੀਤੀ ਜਾਵੇ ਤੇ ਬੇਲੋੜਾ ਪੁਰਾਣਾ ਸਾਮਾਨ ਬਾਹਰ ਸੁੱਟਿਆ ਜਾਵੇ। ਟੁੱਟੇ-ਫੁੱਟੇ ਭਾਂਡੇ ਜਿਨ੍ਹਾਂ ਨੂੰ ‘ਫੁੱਟ’ ਕਿਹਾ ਜਾਂਦਾ ਹੈ, ਦੇ ਕੇ ਨਵੇਂ ਭਾਂਡੇ ਖ਼ਰੀਦੇ ਜਾਂਦੇ। ਉਂਜ ਵੀ ਦੀਵਾਲੀ ਨੂੰ ਇੱਕ ਨਵਾਂ ਭਾਂਡਾ ਜ਼ਰੂਰ ਲਿਆ ਜਾਂਦਾ। ਕਈ ਘਰਾਂ ਵਿੱਚ ਇਹ ਰੀਤ ਅੱਜ ਵੀ‌ਹੈ। ਉਸ ਸਮੇਂ ਜ਼ਿਆਦਾਤਰ ਪਿੱਤਲ ਦੇ ਬਰਤਨ ਹੁੰਦੇ ਸਨ। ਦੀਵਾਲੀ ਨੂੰ ਪਿੱਤਲ ਦੇ ਭਾਂਡੇ ਕਲੀ‌ ਕਰਵਾਏ ਜਾਂਦੇ। ਕਲੀ ਵਾਲੇ ਹਰ ਪਿੰਡ ਵਿੱਚ ਗੇੜਾ ਮਾਰਦੇ। ਇੱਕ ਥਾਂ ਬੈਠ ਕੇ ਕਈ ਘਰਾਂ ਦੇ ਭਾਂਡੇ ਕਲੀ ਕਰ ਜਾਂਦੇ। ਦੀਵਾਲੀ ਨੂੰ ਨਵੇਂ ਕੱਪੜੇ ਵੀ ਖ਼ਰੀਦੇ ਜਾਂਦੇ। ਅੱਜ ਵਾਂਗ ਨਿੱਤ ਨਵੇਂ ਕੱਪੜਿਆਂ ਦਾ ਅਤੇ ਦਿਖਾਵੇ ਦਾ ਰੁਝਾਨ ਨਹੀਂ ਸੀ। ਦੀਵਾਲੀ ਜਾਂ ਕਿਸੇ ਵਿਆਹ-ਸ਼ਾਦੀ ਨੂੰ ਹੀ ਨਵਾਂ ਜੁੱਤੀ-ਕੱਪੜਾ ਲਿਆ ਜਾਂਦਾ। ਕਿਸੇ ਵੇਲੇ ਤਾਂ ਇੱਕ-ਦੂਜੇ ਤੋਂ ਲੈ ਕੇ ਹੀ ਕੋਈ ਮੌਕਾ ਭੁਗਤਾ ਦਿੱਤਾ ਜਾਂਦਾ। ਸਿੱਧੇ-ਸਾਦੇ, ਸਬਰ-ਸਬੂਰੀ ਵਾਲੇ ਲੋਕ ਸਨ। ਕਰਜ਼ੇ ਚੁੱਕ ਕੇ ਫੋਕੀ ਸ਼ਾਨ ਨਹੀਂ ਸੀ ਬਣਾਈ‌ਜਾਂਦੀ। ਇਸੇ ਲਈ ਖ਼ੁਦਕੁਸ਼ੀ ਸ਼ਬਦ ਕਦੇ ਪੜ੍ਹਿਆ-ਸੁਣਿਆ ਨਹੀਂ ਸੀ।
ਘਰਾਂ ਨੂੰ ਹਰ ਸਾਲ ਸਫ਼ੈਦੀ ਕੀਤੀ ਜਾਂਦੀ। ਉਹ ਮਹਿੰਗੇ ਪੇਂਟ ਤੇ ਪੇਂਟਰਾਂ ਵਾਲਾ ਸਮਾਂ ਵੀ ਨਹੀਂ ਸੀ। ਪਰਿਵਾਰ ਦੇ ਜੀਅ ਤੇ ਨਾਲ ਕੋਈ ਸਾਂਝੀ-ਸੀਰੀ ਰਲ਼ ਕੇ ਘਰ ਨੂੰ ਚਮਕਾ ਲੈਂਦੇ। ਜੇ ਕਿਸੇ ਦਾ ਕੰਮ ਦੀਵਾਲੀ ਤੱਕ‌ ਖ਼ਤਮ ਹੁੰਦਾ ਨਾ ਦਿਸਦਾ ਤਾਂ ਦੋਸਤ-ਮਿੱਤਰ ਉਨ੍ਹਾਂ ਨਾਲ ਲੱਗ ਕੇ ਕੰਮ ਨਿਪਟਾ ਦਿੰਦੇ। ਇਹ ਸਾਂਝ ਜਿੱਥੇ ਮੋਹ-ਪਿਆਰ ਵਧਾਉਂਦੀ ਉੱਥੇ ਬੇਲੋੜਾ ਖ਼ਰਚਾ ਵੀ ਬਚਾਉਂਦੀ। ਅੱਜ ਦੇ ਰੰਗ-ਰੋਗਨ ਦੋ-ਚਾਰ ਸਾਲ ਖ਼ਰਾਬ ਨਹੀਂ ਹੁੰਦੇ। ਇਸ ਲਈ ਦੀਵਾਲੀ ਨੂੰ ਹਰ ਸਾਲ ਘਰਾਂ ਨੂੰ ਰੰਗ ਨਹੀਂ ਕਰਾਉਂਦਾ, ਪਰ ਬੀਤੇ ਸਮੇਂ ਇਹ ਨਿਸ਼ਚਿਤ ਤੌਰ ’ਤੇ ਕੀਤਾ ਜਾਂਦਾ ਸੀ। ਕੱਚੇ ਘਰਾਂ ਵਾਲੇ ਮਿੱਟੀ ਜਾਂ ਪਾਂਡੂ ਨਾਲ ਘਰਾਂ ਨੂੰ ਲਿੱਪਦੇ-ਪੋਚਦੇ। ਗੋਹੇ ਤੇ ਮਿੱਟੀ ਨੂੰ ਰਲਾ਼ ਕੇ ਘਰ ਨੂੰ ਅੰਦਰੋਂ-ਬਾਹਰੋਂ ਲਿੱਪਿਆ ਸੰਵਾਰਿਆ ਜਾਂਦਾ। ਕੋਈ ਕਲਾਤਮਿਕ ਰੁਚੀਆਂ ਵਾਲੀ ਸੁਆਣੀ ਪਾਂਡੂ ਵਿੱਚ ਫਿਰੋਜ਼ੀ ਤੇ ਕਿਰਮਚੀ ਰੰਗ ਪਾ ਕੇ ਕੰਧਾਂ ਉੱਤੇ ਤੋਈਆਂ ਕੱਢ ਕੇ ਮੋਰ-ਘੁੱਗੀਆਂ ਬਣਾ ਕੇ ਘਰ ਬੰਗਲੇ ਵਰਗਾ ਬਣਾ ਦਿੰਦੀ। ਦੀਵਾਲੀ ਦੇ ਦਿਨੀਂ ਪਿੰਡ ਦੇ ਖੂਹਾਂ ’ਤੇ ਬਹੁਤ ਰੌਣਕ ਹੁੰਦੀ। ਘਰਾਂ ਵਿੱਚ ਹੁਣ ਵਾਂਗ ਪਾਣੀ ਦੀਆਂ ਟੈਂਕੀਆਂ-ਟੂਟੀਆਂ ਨਹੀਂ ਸੀ ਹੁੰਦੀਆਂ। ਕਿਸੇ ਹੀ ਘਰ ਵਿੱਚ ਨਲ਼ਕਾ ਹੁੰਦਾ। ਕੁੜੀਆਂ-ਕੱਤਰੀਆਂ ਰਲ਼ ਕੇ ਖੂਹ ’ਤੇ ਜਾ ਕੇ ਮੋਟੇ-ਭਾਰੇ ਕੱਪੜੇ ਧੋ‌ ਲਿਆਉਂਦੀਆਂ। ਹੱਸਦੀਆਂ-ਖੇਡਦੀਆਂ ਨੂੰ ਥਕਾਵਟ ਨੇੜੇ ਨਾ ਲੱਗਦੀ।

ਮਸਾਂ-ਮਸਾਂ ਦੀਵਾਲੀ ਦਾ‌ਦਿਨ ਆਉਂਦਾ। ਬੱਚੇ-ਬੁੱਢੇ ਸਭ ਕੇਸੀਂ ਨਹਾਉਂਦੇ। ਵਾਹ ਲੱਗਦੀ ਨਵੇਂ ਜਾਂ ਧੋਤੇ ਕੱਪੜੇ ਪਹਿਨਦੇ। ਪਸ਼ੂਆਂ ਨੂੰ ਵੀ ਖੂਹ-ਟੋਭੇ ਉੱਤੇ ਲਿਜਾ ਕੇ ਜਾਂ ਘਰੇ ਨਲਕੇ ਤੋਂ ਪਾਣੀ‌ ਭਰ‌ਕੇ ਨੁਹਾਇਆ ਜਾਂਦਾ। ਸਾਰੇ ਪਸ਼ੂਆਂ ਦੇ ਸਿੰਗਾਂ ਨੂੰ ਸਰ੍ਹੋਂ ਦਾ‌ਤੇਲ ਲਾਇਆ ਜਾਂਦਾ। ਮੱਝਾਂ ਦੇ ਪੂਰੇ ਪਿੰਡੇ ਨੂੰ ਤੇਲ ਲਾ ਕੇ ਲਿਸ਼ਕਾਇਆ ਜਾਂਦਾ। ਪਸ਼ੂਆਂ ਦੇ ਸੰਗਲ- ਰੱਸੇ ਵੀ ਨਵੇਂ ਪਾਏ ਜਾਂਦੇ। ਮੱਝਾਂ ਦੀਆਂ ‘ਮੂਹਰੀਆਂ’ ਤੇ ਬਲ਼ਦਾਂ ਦੀਆਂ ਨੱਥਾਂ- ਨਕੇਲਾਂ ਬਦਲੀਆਂ ਜਾਂਦੀਆਂ। ਗਲ਼ਾਂ ਵਿੱਚ ਘੁੰਗਰੂਆਂ ਵਾਲੀਆਂ ਘੁੰਗਰਾਲਾਂ ਪਾਈਆਂ ਜਾਂਦੀਆਂ। ਪਸ਼ੂਆਂ ਦੇ ਗਲ਼ਾਂ ਵਿੱਚ ਮੋਟੇ ਮਣਕਿਆਂ ਤੇ ਪਿੱਤਲ ਦੀਆਂ ਟੱਲੀਆਂ ਵਾਲੇ ਹਾਰ ਵੀ ਪਾਏ ਜਾਂਦੇ। ਕੱਟਰੂਆਂ-ਵੱਛਰੂਆਂ ਨੂੰ ਬੱਚੇ ਸ਼ਿੰਗਾਰਦੇ। ਉਨ੍ਹਾਂ ਦੇ ਗਲ਼ਾਂ ਵਿੱਚ ‘ਸਬਜਿਆਂ’ ਦੀ ਮਾਲਾ ਪਾਉਂਦੇ। ਟੁੱਟੀਆਂ-ਤਿੜਕੀਆਂ ਵੰਗਾਂ ਸਾਂਭ ਰੱਖਦੇ, ਉਨ੍ਹਾਂ ਨੂੰ ਦੋਵੇਂ ਸਿਰਿਆਂ ਤੋਂ ਫੜ ਕੇ ਵਿਚਕਾਰੋਂ ਦੀਵੇ ਦੀ ਲਾਟ ਉੱਤੇ ਸੇਕਦੇ। ਦੋਵੇਂ ਸਿਰਿਆਂ ਤੋਂ ਵਿੱਚ ਨੂੰ ਦਬਾਉ ਪਾਉਂਦੇ ਇਸ ਤਰ੍ਹਾਂ ਦੋਵੇਂ ਸਿਰੇ ਆਪਸ ਵਿੱਚ ਜੁੜਨ ਨਾਲ ਅੰਡੇ ਦੇ ਆਕਾਰ ਦੀ ਕੁੰਡਲੀ ਬਣ ਜਾਂਦੀ। ਇਨ੍ਹਾਂ ਕੁੰਡਲੀਆਂ ਦੀ ਕਿਸੇ ਰੱਸੀ ਵਿੱਚ ਪਰੋਈ ਮਾਲਾ ਨੂੰ ‘ਸਬਜੇ’ ਕਿਹਾ ਜਾਂਦਾ। ਇਨ੍ਹਾਂ ਵਿੱਚ ਸਬਜ਼ (ਹਰਾ) ਰੰਗ ਬਹੁਤਾ ਹੁੰਦਾ।‌ ਵੱਡੀ ਉਮਰ ਦੀਆਂ ਔਰਤਾਂ ਲਾਲ ਰੰਗ ਦੀਆਂ ਵੰਗਾਂ ਘੱਟ ਪਾਉਂਦੀਆਂ। ਮੇਰੇ ਖ਼ਿਆਲ ਅਨੁਸਾਰ ਇਸੇ ਲਈ ਸਬਜੇ ਕਿਹਾ ਜਾਂਦਾ।

ਬਹੁਤਾ ਪੇਂਡੂ ਭਾਈਚਾਰਾ ਇਨ੍ਹਾਂ ਦਿਨਾਂ‌ ਵਿੱਚ ਸ਼ਰਾਬ ਜ਼ਰੂਰ ਕੱਢਦਾ। ਘਰ ਦਾ ਗੁੜ ਹੁੰਦਾ ਹੀ ਸੀ, ਉਹਨੂੰ ਕਈ ਦਿਨ ਪਹਿਲਾਂ ਹੀ ਮੱਟਾਂ-ਢੋਲਾਂ ਵਿੱਚ ਪਾ ਕੇ ਜੁਗਾੜ ਬਣਾ ਲੈਂਦੇ। ਧਾਰਮਿਕ ਬਿਰਤੀ ਵਾਲਿਆਂ ਦੇ ਘਰੀਂ ਬਾਕੀਆਂ ਵਾਂਗ ਨਾ ਸ਼ਰਾਬ ਆਉਂਦੀ ਨਾ ਮੀਟ-ਮੁਰਗੇ ਰਿੱਝਦੇ। ਮਠਿਆਈ ਦੇ ਨਾਂ ’ਤੇ ਔਰਤਾਂ ਘਰੇ ਮੱਠੀਆਂ ਤੇ ਸ਼ਕਰਪਾਰੇ ਬਣਾ ਲੈਂਦੀਆਂ। ਤਕੜੇ ਘਰੀਂ ਹਲਵਾਈ ਬੁਲਾ ਕੇ ਲੱਡੂ ਬਣਵਾਏ ਜਾਂਦੇ। ਅੱਜ ਵਾਂਗ ਮਠਿਆਈ ਵਿੱਚ ਮਿਲਾਵਟ ਨਹੀਂ ਸੀ ਹੁੰਦੀ ਨਾ ਹੀ ਦਿਲ ਲੁਭਾਉਣੀਆਂ ਪੈਕਿੰਗਾਂ ਵਿੱਚ ਜ਼ਹਿਰ ਪਰੋਸਿਆ ਜਾਂਦਾ ਸੀ। ਨੇੜਲੇ ਸ਼ਹਿਰ ਤੋਂ ਖੰਡ ਦੇ ਖੇਲਣੇ, ਜੌਆਂ ਦੀਆਂ ਖਿੱਲਾਂ, ਲੱਡੂ, ਜਲੇਬੀਆਂ ਤੇ ਅੰਮ੍ਰਿਤੀਆਂ ਨਾਲ ਅਖਰੋਟ ਵੀ ਲਿਆਂਦੇ ਜਾਂਦੇ। ਘਰ ਖੀਰ-ਕੜਾਹ ਬਣਦਾ। ਬਣੇ ਪਕਵਾਨ ਸ਼ਰਧਾ ਮੁਤਾਬਕ ਕਿਸੇ ਧਾਰਮਿਕ ਸਥਾਨ ’ਤੇ ਭੇਜੇ ਜਾਂਦੇ। ਉੱਥੇ ਦੀਵੇ ਵੀ ਜਗਾਉਂਦੇ। ਘਰ‌ਦੇ ਸਾਂਝੀ-ਸੀਰੀ‌ਤੇ ਬਾਕੀ ਕਾਮਿਆਂ ਨੂੰ ਮਠਿਆਈ ਤੇ ਘਰ ਬਣੇ ਪਕਵਾਨ ਦਿੱਤੇ ਜਾਂਦੇ। ਅਜੋਕੇ ਸਮੇਂ ਵਾਂਗ ‘ਵੱਡੇ ਲੋਕਾਂ’ ਨੂੰ ਤੋਹਫ਼ੇ ਜਾਂ ਨਕਦ ਨਾਰਾਇਣ‌ਨਹੀਂ ਸੀ ਦਿੱਤਾ ਜਾਂਦਾ। ਰਾਤ ਨੂੰ ਕੁਝ ਲੋਕ ਮਿੱਟੀ ਦੀ ਬਣੀ ਹੱਟ-ਹੱਟੜੀ ਉੱਤੇ ਦੀਵੇ ਜਗਾ ਕੇ ਕੋਲ ਮਠਿਆਈ ਤੇ ਪੈਸੇ ਰੱਖ ਕੇ ਮੱਥਾ ਟੇਕਦੇ। ਇਸ ਨੂੰ ‘ਘਰੂੰਡੀ’ ਵੀ ਕਿਹਾ ਜਾਂਦਾ ਹੈ। ਆਤਿਸ਼ਬਾਜ਼ੀ ਦੇ ਨਾਂ ’ਤੇ ਛੋਟੇ-ਵੱਡੇ ਪਟਾਕੇ ਜਿਨ੍ਹਾਂ ਨੂੰ ਬੰਬ ਕਹਿੰਦੇ, ਚੱਕਰੀਆਂ, ਫੁੱਲਝੜੀਆਂ ਤੇ ਸ਼ੁਰਕਣੀਆਂ ਹੁੰਦੀਆਂ। ਕਿਸੇ-ਕਿਸੇ ਘਰ ‘ਅਨਾਰ’ ਲਿਆਂਦੇ ਜਾਂਦੇ ਜੋ ਰੰਗ-ਬਰੰਗੀਆਂ ਰੌਸ਼ਨੀਆਂ ਬਿਖੇਰ ਕੇ ਪਟਾਕਾ ਬਣ ਜਾਂਦੇ। ਗਲ਼ੀ-ਮੁਹੱਲੇ ਵਾਲੇ ਰਲ ਕੇ ਪਟਾਕੇ ਚਲਾਉਂਦੇ। ਕੋਈ ਅੱਜ ਵਾਂਗ ਬਾਹਰ‌ ਜਾ ਕੇ ਹੋਟਲਾਂ-ਰੈਸਤਰਾਂ ਵਿੱਚ ਦੀਵਾਲੀ ਨਹੀਂ ਸੀ ਮਨਾਉਣ ਜਾਂਦਾ। ਜੇ ਕੋਈ ਨੌਕਰੀਪੇਸ਼ਾ ਬਾਹਰ ਹੁੰਦਾ, ਉਹ ਵੀ ਛੁੱਟੀ ਲੈ ਕੇ ਘਰ ਆ ਜਾਂਦਾ।

ਤਰ੍ਹਾਂ-ਤਰ੍ਹਾਂ ਦੀਆਂ ਮੋਮਬੱਤੀਆਂ, ਦੀਵੇ ਜਾਂ ਰੰਗ-ਬਰੰਗੀਆਂ ਬਿਜਲਈ ਰੌਸ਼ਨੀਆਂ ਦਾ ਪੇਂਡੂ ਲੋਕਾਂ ਨੂੰ ਪਤਾ ਹੀ ਨਹੀਂ ਸੀ। ਨਾਲ ਦੇ ਪਿੰਡੋਂ ਬਾਈ ਉਮਰਾ ਮਿੱਟੀ ਦੇ ਦੀਵੇ, ਠੂਠੀਆਂ, ਹੱਟੜੀ ਤੇ ਕੁੱਜੀਆਂ ਦੇਣ ਆਉਂਦਾ। ਉਹ ਕਦੇ ਆਪਣੀ ਕਿਰਤ ਦਾ ਮੁੱਲ-ਭਾਅ ਨਾ ਕਰਦਾ। ਸੁਆਣੀਆਂ ਉਸ ਨੂੰ ਕਣਕ, ਮੱਕੀ ਤੇ ਗੁੜ-ਸ਼ੱਕਰ ਆਦਿ ਦਿੰਦੀਆਂ। ਕਿਸੇ ਘਰੋਂ ਪੈਸੇ‌ਵੀ ਮਿਲ ਜਾਂਦੇ। ਦੀਵੇ-ਠੂਠੀਆਂ ਪਹਿਲੇ‌ਦਿਨ ਪਾਣੀ ਵਿੱਚ ਡੁਬੋ ਕੇ ਰੱਖ‌ਦਿੱਤੇ‌ਜਾਂਦੇ। ਦੀਵਾਲੀ ਵਾਲੇ ਦਿਨ ਸਵੇਰੇ ਹੀ ਪਾਣੀ‌ ਵਿੱਚੋਂ ਕੱਢ‌ਕੇ ਮੂਧੇ ਮਾਰੇ ਜਾਂਦੇ। ਇੰਜ ਕੀਤਿਆਂ ਰਾਤੀਂ ਦੀਵੇ-ਠੂਠੀਆਂ ਵਿੱਚ ਪਾਇਆ ਤੇਲ ਦੇਰ ਤੱਕ ਰਹਿੰਦਾ। ਸਰ੍ਹੋਂ ਦਾ ਤੇਲ ਘਰ ਦਾ ਹੁੰਦਾ। ਕਿਸੇ ਕੌਲ-ਕਟੋਰੇ ਰੂੰ ਦੀਆਂ ਵੱਟੀਆਂ ਬੱਤੀਆਂ ਤੇਲ ਵਿੱਚ ਡੁਬੋ ਕੇ ਰੱਖੀਆਂ ਜਾਂਦੀਆਂ। ਤੇਲ ਰਚੀਆਂ ਬੱਤੀਆਂ ਦੇਰ‌ਰਾਤ ਤੱਕ ਜਗਦੀਆਂ ਰਹਿੰਦੀਆਂ। ਬਨੇਰਿਆਂ ਜਾਂ ਚੁਬਾਰੇ ਦੇ ਜੰਗਲਿਆਂ ’ਤੇ ਕਤਾਰਾਂ ਵਿੱਚ ਜਗਦੇ ਦੀਵੇ-ਠੂਠੀਆਂ ਦੀਵਾਲੀ ਦੇ ਚਾਅ ਨੂੰ ਚੌਗੁਣਾ ਕਰ ਦਿੰਦੇ। ਖੂਹ-ਟੋਭੇ ’ਤੇ ਵੀ ਦੀਵੇ ਜਗਾਏ ਜਾਂਦੇ।

ਪੇਂਡੂ ਸਮਾਜ ਵਿੱਚ ਦੀਵਾਲੀ ਦਾ ਇੱਕ ਹੋਰ ਪਹਿਲੂ ਜ਼ਿਕਰਯੋਗ ਹੈ। ਇਹ ਦਿਨ ਜਿੱਥੇ ਚਾਅ ਤੇ ਖ਼ੁਸ਼ੀਆਂ ਵਾਲਾ ਹੁੰਦਾ, ਉੱਥੇ ਖੁੰਦਕਾਂ ਕੱਢਣ ਲਈ ਵੀ ਇਹ ਦਿਨ ਮਿਥਿਆ ਹੁੰਦਾ। ਉਸ ਜ਼ਮਾਨੇ ਵਿੱਚ ਰੋਜ਼ ਸ਼ਰੇਆਮ ਸ਼ਰਾਬ ਨਹੀਂ ਸੀ ਪੀਤੀ ਜਾਂਦੀ। ਅੰਦਰ ਵੜ ਕੇ ਪੀਣ ਵਾਲੇ ਲੋਕ ਹੁੰਦੇ। ਇਹ ਖੁੱਲ੍ਹ ਵਿਆਹ-ਸ਼ਾਦੀ ਤੇ ਤਿਉਹਾਰਾਂ ਮੌਕੇ ਹੀ ਲਈ ਜਾਂਦੀ। ਕਿਸਾਨਾਂ ’ਚ ਮਾੜੀ-ਮੋਟੀ ਖਹਿਬਾਜ਼ੀ ਕਦੇ ਪਾਣੀ ਦੀ ਵਾਰੀ ਪਿੱਛੇ, ਕਦੇ ਖੇਤ ਦੀ ਵੱਟ ਜਾਂ ਪਹੀ ਕਾਰਨ ਚੱਲਦੀ ਰਹਿੰਦੀ ਹੈ। ਦਾਰੂ ਦੀ ਘੁੱਟ ਲਾ ਕੇ ਜੱਟ ਗਲ਼ੀ ’ਚ ਲਲਕਾਰੇ ਮਾਰਦਾ ‘‘ਹੁਣ ਵੱਢੀਂ ਮੇਰੀ ਵੱਟ… ਲੰਘਾਈਂ ਗੱਡਾ ਸਾਡੀ ਪਹੀ ਵਿੱਚੋਂ… ਤੇਰੇ ਡੱਕਰੇ ਨਾ ਕੀਤੇ ਤਾਂ ਜੱਟ ਦਾ ਪੁੱਤ ਨਾ ਜਾਣੀਂ।’’ ਅੱਗੋਂ ਅਗਲਾ ਵੀ ਪੰਗਾ ਲੈਣ ਲਈ ਤਿਆਰ ਹੁੰਦਾ ਸੀ। ਉਹ ਵੀ ਮੈਦਾਨ ਵਿੱਚ ਆ ਡਟਦਾ। ਗਾਲ੍ਹੀ-ਗਲੋਚ ਤੋਂ ਗੱਲ ਹੱਥੋ-ਪਾਈ ਤੱਕ ਪੁੱਜਦੀ ਤੇ ਇੱਕ-ਦੂਜੇ ਦਾ ਸਿਰ ਪਾੜਨ ਤੱਕ ਆ ਜਾਂਦੀ। ਰੋਕਣ ਵਾਲਿਆਂ ਦੇ ਵੀ ਗਲ ਪੈ ਜਾਂਦੇ। ਇਹ ਭੇੜੂ ਦੀਵਾਲੀ ਦੀ ਰਾਤ ਥਾਣੇ ’ਚ ਕੱਟਦੇ। ਦੀਵਾਲੀ ਦੇ ਰੰਗ ਵਿੱਚ ਭੰਗ ਪੈ ਜਾਂਦੀ। ਲੋਕ ਪਹਿਲਾਂ ਹੀ ਕਿਆਸ ਅਰਾਈਆਂ ਲਾ ਰੱਖਦੇ ਸਨ ਕਿ ਦੀਵਾਲੀ ਨੂੰ ਕੀਹਦੀ ਲੜਾਈ ਹੋਵੇਗੀ। ਸੋ ਕੋਈ ਛੋਟੀ-ਵੱਡੀ ਲੜਾਈ ਵੀ ਪੇਂਡੂ ਦੀਵਾਲੀ ਦਾ ਹਿੱਸਾ ਹੁੰਦੀ। ਇਹ ਲੜਾਈ ਆਮ ਤੌਰ ’ਤੇ ਵਕਤੀ ਹੁੰਦੀ। ਇਹ ਲੋਕ ਮੁੜ ਦੁਖ-ਸੁਖ ਵਿੱਚ ਇਕੱਠੇ ਹੋ ਜਾਂਦੇ। ਦੀਵਾਲੀ ਦੇ ਦਿਨੀਂ ਪਿੰਡ ਵਿੱਚ ਜੇ‌ਕਿਸੇ ਜਵਾਨ ਧੀ-ਪੁੱਤ ਦੀ ਮੌਤ ਹੋ ਜਾਂਦੀ ਤਾਂ‌ਸਾਰਾ ਪਿੰਡ ਸੋਗ ’ਚ‌ਦੀਵੇ‌ਨਾ ਜਗਾਉਂਦਾ। ਕੋਈ ਇੱਕ-ਦੋ‌ਦੀਵੇ ਜਗਾ‌ਕੇ ਅੰਦਰ ਵੜ ਕੇ ਮੱਥਾ ਟੇਕ ਲੈਂਦਾ। ਹੁਣ ਇਹ ਸਾਂਝਾਂ ਵੀ ਘਟ ਗਈਆਂ ਹਨ।

ਇੱਕ ਯੁੱਗ ਵਿੱਚ ਜਿਵੇਂ ਕਈ ਯੁੱਗ ਬਦਲ‌ਗਏ ਹਨ। ਅੱਜ ਪਿੰਡਾਂ ਵਿੱਚ ਬਿਜਲਈ ਰੌਸ਼ਨੀਆਂ ਜਗ-ਮਗਾਉਂਦੀਆਂ ਹਨ, ਦੀਵੇ ਗੁੰਮਦੇ ਜਾ ਰਹੇ ਹਨ। ਦੀਵਾਲੀ ਆਪਣੇ ਘਰ, ਆਪਣੀ ਚਾਰਦੀਵਾਰੀ‌ ਵਿੱਚ ਸਿਮਟ ਗਈ ਹੈ। ਕਈ ਘੁੱਗ ਵਸਦੇ ਘਰਾਂ ਵਿੱਚ ਸੁੰਨ ਪਸਰੀ ਹੋਈ ਹੈ। ਧੀਆਂ- ਪੁੱਤਾਂ ਦੇ ਪਿੱਛੇ ਮਾਪੇ ਵੀ ਪਰਦੇਸ ਤੁਰ ਗਏ ਹਨ। ਜਿਹੜੇ ਔਲਾਦ ਨੂੰ ਵਿਦੇਸ਼ ਭੇਜ, ਉਨ੍ਹਾਂ ਦੇ ਘਰਾਂ ਦਾ ਚੌਕੀਦਾਰਾ ਕਰ ਰਹੇ ਹਨ, ਉਨ੍ਹਾਂ ਲਈ ਦੀਵਾਲੀ ਕੋਈ ਅਰਥ ਨਹੀਂ ਰੱਖਦੀ। ਜਿਨ੍ਹਾਂ ਦੇ ਬੱਚੇ ਬੇਰੁਜ਼ਗਾਰੀ ਜਾਂ ਮਾੜੇ ਹਾਲਾਤ ਕਾਰਨ ਬਣਵਾਸ ਹੰਢਾ ਰਹੇ ਹਨ, ਉਹ ਚਾਰ ਦੀਵੇ ਜਗਾ ਕੇ ਅੰਦਰ ਵੜ-ਵੜ ਰੋਂਦੇ ਤੇ ਹਕੂਮਤ ਨੂੰ ਕੋਸਦੇ ਆਪਣੇ ਬੱਚਿਆਂ ਨਾਲ ਫੋਨ ’ਤੇ ਗੱਲ ਕਰ ਕੇ ਸਬਰ ਕਰ ਲੈਂਦੇ ਹਨ। ਅੰਦਰ ਹਨੇਰਾ ਤੇ ਬਾਹਰ ਬਹੁਤ ਰੌਸ਼ਨੀ ਹੈ। ਇਸ ਹਨੇਰੇ ਦੇ ਜੰਗਲ ਵਿੱਚ ਬਹੁਤ ਯਾਦ ਆਉਂਦੀਆਂ ਨੇ ਉਹ ਮੋਹ ਭਿੱਜੀਆਂ ਦੀਵਾਲੀਆਂ…!