ਮੋਰਬੀ ਹਾਦਸਾ: ਮੋਦੀ ਨੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ

ਮੋਰਬੀ ਹਾਦਸਾ: ਮੋਦੀ ਨੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ

ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾਂ ਕੀਤਾ ਹਸਪਤਾਲ ’ਚ ਰੰਗ-ਰੋਗਨ
ਮੋਰਬੀ (ਗੁਜਰਾਤ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਪਿੱਤਰੀ ਰਾਜ ਗੁਜਰਾਤ ਵਿੱਚ ਮੋਰਬੀ ’ਚ ਤਾਰਾਂ ਵਾਲਾ ਪੁਲ ਡਿੱਗਣ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਪੀੜਤ ਪਰਿਵਾਰਾਂ ਨਾਲ ਰਾਬਤਾ ਬਣਾ ਕੇ ਰੱਖਣ ਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਸ੍ਰੀ ਮੋਦੀ ਹਸਪਤਾਲ ਵਿੱਚ ਹਾਦਸੇ ਦੇ ਜ਼ਖ਼ਮੀਆਂ ਨੂੰ ਵੀ ਮਿਲੇ। ਤਿੰਨ ਸੌ ਬਿਸਤਰਿਆਂ ਵਾਲੇ ਇਸ ਹਸਪਤਾਲ ਨੂੰ ਸ੍ਰੀ ਮੋਦੀ ਦੀ ਤਜਵੀਜ਼ਤ ਫੇਰੀ ਤੋਂ ਪਹਿਲਾਂ ਰਾਤੋ-ਰਾਤ ਰੰਗ ਰੋਗਨ ਕਰਕੇ ਚਮਕਾਇਆ ਗਿਆ ਸੀ। ਪੁਲ ਹਾਦਸੇ ਦੇ ਜ਼ਖ਼ਮੀਆਂ ’ਚੋਂ 6 ਜਣੇ ਇਸੇ ਹਸਪਤਾਲ ’ਚ ਇਲਾਜ ਅਧੀਨ ਹਨ। ਮੋਰਬੀ ਤ੍ਰਾਸਦੀ ਵਿੱਚ ਮਾਰੇ ਗਏ ਲੋਕਾਂ ਲਈ 2 ਨਵੰਬਰ ਨੂੰ ਗੁਜਰਾਤ ਵਿੱਚ ਰਾਜਸੀ ਸੋਗ ਮਨਾਇਆ ਜਾਵੇਗਾ। ਇਹ ਫੈਸਲਾ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਗਾਂਧੀਨਗਰ ਰਾਜ ਭਵਨ ਵਿੱਚ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ।
ਉਧਰ ਕਾਂਗਰਸ ਤੇ ‘ਆਪ’ ਨੇ ਹਸਪਤਾਲ ਦੀ ਰਾਤੋ-ਰਾਤ ਕੀਤੀ ਕਾਇਆਕਲਪ ਲਈ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫੋਟੋਸ਼ੂਟ ਦਾ ਕੋਈ ਮੌਕਾ ਨਹੀਂ ਛੱਡਦੇ। ਕਾਂਗਰਸ ਨੇ ਪ੍ਰਧਾਨ ਮੰਤਰੀ ਦੀ ਫੇਰੀ ਨੂੰ ‘ਈਵੈਂਟਬਾਜ਼ੀ’ ਕਰਾਰ ਦਿੱਤਾ। ਚੇਤੇ ਰਹੇ ਕਿ ਐਤਵਾਰ ਸ਼ਾਮੀਂ ਵਾਪਰੇ ਹਾਦਸੇ ਵਿੱਚ 135 ਲੋਕਾਂ ਦੀ ਜਾਨ ਜਾਂਦੀ ਰਹੀ ਸੀ, ਜਿਨ੍ਹਾਂ ਵਿਚ ਵੱਡੀ ਗਿਣਤੀ ਔਰਤਾਂ ਤੇ ਬੱਚੇ ਸ਼ਾਮਲ ਸਨ। ਹਾਦਸੇ ਮੌਕੇ, ਬਰਤਾਨਵੀ ਯੁੱਗ ਦੇ ਇਕ ਸਦੀ ਪੁਰਾਣੇ ਪੁਲ ’ਤੇ 500 ਤੋਂ ਵੱਧ ਲੋਕ ਮੌਜੂਦ ਸਨ, ਹਾਲਾਂਕਿ ਇਸ ਦੀ ਸਮਰੱਥਾ 100 ਤੋਂ 150 ਲੋਕਾਂ ਦਾ ਭਾਰ ਝੱਲਣ ਦੀ ਸੀ। ਇਹ ਪੁਲ ਦਰਬਾਰਗੜ੍ਹ ਪੈਲੇਸ ਨੂੰ ਮੋਰਬੀ ਕਸਬੇ ਦੇ ਸਵਾਮੀਨਰਾਇਣ ਮੰਦਿਰ ਨਾਲ ਜੋੜਦਾ ਹੈ।

ਸ੍ਰੀ ਮੋਦੀ ਨੇ ਦੌਰਾ ਕਰਨ ਤੋਂ ਪਹਿਲਾਂ ਹਾਦਸੇ ਵਾਲੀ ਥਾਂ ਦਾ ਹਵਾਈ ਸਰਵੇਖਣ ਵੀ ਕੀਤਾ। ਸ੍ਰੀ ਮੋਦੀ ਨੇ ਸਥਾਨਕ ਅਥਾਰਿਟੀਜ਼ ਨੂੰ ਕਿਹਾ ਕਿ ਉਹ ਪੀੜਤ ਪਰਿਵਾਰਾਂ ਦੇ ਸੰਪਰਕ ਵਿੱਚ ਰਹਿਣ ਤੇ ਦੁੱਖ ਦੀ ਇਸ ਘੜੀ ਵਿਚ ਉਨ੍ਹਾਂ ਤੱਕ ਹਰ ਸੰਭਵ ਸਹਾਇਤਾ ਪੁੱਜਦੀ ਯਕੀਨੀ ਬਣਾਉਣ। ਮੀਟਿੰਗ ਵਿੱਚ ਮੁੱਖ ਮੰਤਰੀ ਭੁਪੇਂਦਰ ਪਟੇਲ, ਗ੍ਰਹਿ ਮੰਤਰੀ ਹਰਸ਼ ਸਾਂਘਵੀ, ਮੰਤਰੀ ਬ੍ਰਿਜੇਸ਼ ਮੇਰਜਾ, ਸੂਬੇ ਦੇ ਮੁੱਖ ਸਕੱਤਰ, ਡੀਜੀਪੀ, ਸਥਾਨਕ ਕੁਲੈਕਟਰ, ਐੱਸਪੀ, ਆਈਜੀਪੀ, ਵਿਧਾਇਕ, ਸੰਸਦ ਮੈਂਬਰ ਤੇ ਹੋਰ ਅਧਿਕਾਰੀ ਮੌਜੂਦ ਸਨ। ਬਾਅਦ ਵਿੱਚ ਪ੍ਰਧਾਨ ਮੰਤਰੀ ਹਸਪਤਾਲ ਵੀ ਗਏ, ਜਿੱਥੇ ਉਨ੍ਹਾਂ ਜ਼ਖ਼ਮੀਆਂ ਦੀ ਖ਼ਬਰਸਾਰ ਲਈ। ਉਹ ਹਸਪਤਾਲ ਵਿੱਚ ਪੰਦਰਾਂ ਮਿੰਟ ਦੇ ਕਰੀਬ ਰੁਕੇ ਤੇ ਉਨ੍ਹਾਂ ਜ਼ੇਰੇ ਇਲਾਜ ਛੇ ਜ਼ਖ਼ਮੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰੰਤਰੀ ਦਰਬਾਰਗੜ੍ਹ ਪੈਲੇਸ ਵੀ ਗਏ, ਜਿੱਥੇ ਉਨ੍ਹਾਂ ਅਧਿਕਾਰੀਆਂ ਨੂੰ ਪੁਲ ਡਿੱਗਣ ਦੇ ਕਾਰਨਾਂ ਬਾਰੇ ਪੁੱਛਿਆ। ਸ੍ਰੀ ਮੋਦੀ ਮੋਰਬੀ ਜ਼ਿਲ੍ਹੇ ਦੇ ਐੱਸਪੀ, ਸਥਾਨਕ ਅਧਿਕਾਰੀਆਂ ਤੇ ਪੀੜਤਾਂ ਦੇ ਸਕੇ ਸਬੰਧੀਆਂ ਨੂੰ ਵੀ ਮਿਲੇ। ਉਹ ਮੋਰਬੀ ਵਿੱਚ ਇਕ ਘੰਟੇ ਦੇ ਕਰੀਬ ਰੁਕੇ ਤੇ ਮਗਰੋਂ ਹੈਲੀਕਾਪਟਰ ’ਤੇ ਅਹਿਮਾਦਾਬਾਦ ਲਈ ਰਵਾਨਾ ਹੋ ਗਏ। ਉਧਰ ਕਾਂਗਰਸ ਨੇ ਪ੍ਰਧਾਨ ਮੰਤਰੀ ਦੀ ਫੇਰੀ ਦੇ ਮੱਦੇਨਜ਼ਰ ਹਸਪਤਾਲ ਨੂੰ ਰਾਤੋ ਰਾਤ ਚਮਕਾਉਣ ਲਈ ਕੀਤੀ ਚਾਰਾਜੋਈ ਦੇ ਹਵਾਲੇ ਨਾਲ ਤਨਜ਼ ਕਰਦਿਆਂ ਮੋਰਬੀ ਹਸਪਤਾਲ ਅੰਦਰਲੀਆਂ ਕੁਝ ਤਸਵੀਰਾਂ ਟਵਿੱਟਰ ’ਤੇ ਪੋਸਟ ਕੀਤੀਆਂ ਹਨ। ਤਸਵੀਰਾਂ ਵਿੱਚ ਹਸਪਤਾਲ ’ਚ ਰਾਤ ਨੂੰ ਜਾਰੀ ਮੁਰੰਮਤ ਦੇ ਕੰਮ ਨੂੰ ਵਿਖਾਇਆ ਗਿਆ ਹੈ। ਕਿਤੇ ਪੇਂਟ ਦਾ ਨਵਾਂ ਕੋਟ ਕੀਤਾ ਜਾ ਰਿਹੈ ਤੇ ਕਿਤੇ ਕੰਧਾਂ ’ਤੇ ਟਾਈਲਾਂ ਲੱਗ ਰਹੀਆਂ ਹਨ। ਕਾਂਗਰਸ ਨੇ ‘ਈਵੈਂਟਬਾਜ਼ੀ’ ਲਈ ਭਾਜਪਾ ਨੂੰ ਭੰਡਦਿਆਂ ਕਿਹਾ ਲੋਕ ਮੌਤ ਦੇ ਮੂੰਹ ਪੈ ਗਏ, ਪਰ ਸੱਤਾਧਾਰੀ ਪਾਰਟੀ ਨੂੰ ਇਸ ਦੁਖਾਂਤ ਵਿਚ ਵੀ ਈਵੈਂਟ ਦੀ ਪਈ ਹੈ। ਪਾਰਟੀ ਨੇ ਇਸ ਨੂੰ ‘ਤ੍ਰਾਸਦੀ ਕਾ ਈਵੈਂਟ’ ਕਰਾਰ ਦਿੱਤਾ। ਕਾਂਗਰਸ ਨੇ ਦਾਅਵਾ ਕੀਤਾ ਕਿ ਇਹ ਇੰਤਜ਼ਾਮ ਹਸਪਤਾਲ ਵਿੱਚ ਪ੍ਰਧਾਨ ਮੰਤਰੀ ਦੇ ਫੋਟੋ ਸ਼ੂਟ ਲਈ ਕੀਤੇ ਗਏ ਸਨ। ਪਾਰਟੀ ਨੇ ਕਿਹਾ, ‘‘ਉਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ। ਇੰਨੇ ਸਾਰੇ ਲੋਕ ਮਰ ਗਏ ਤੇ ਉਹ ਈਵੈਂਟ ਲਈ ਤਿਆਰੀਆਂ ਕਰ ਰਹੇ ਹਨ।’’ ਉਧਰ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ, ‘‘ਮੋਰਬੀ ਸਿਵਲ ਹਸਪਤਾਲ ਨੂੰ ਰਾਤੋ ਰਾਤ ਰੰਗ ਰੋਗਨ ਕੀਤਾ ਗਿਆ, ਤਾਂ ਕਿ ਪ੍ਰਧਾਨ ਮੰਤਰੀ ਮੋਦੀ ਦੇ ਫੋਟੋ ਸ਼ੂਟ ਦੌਰਾਨ ਕਿਤੇ ਹਸਪਤਾਲ ਦੀ ਮਾੜੀ ਹਾਲਤ ਜੱਗ ਜ਼ਾਹਿਰ ਨਾ ਹੋ ਜਾਵੇ।’’

ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ੍ਰੀ ਜਿਨਪਿੰਗ ਨੇ ਭਾਰਤ ਦੀ ਆਪਣੀ ਹਮਰੁਤਬਾ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਸ਼ੋਕ ਸੁਨੇਹਿਆਂ ਵਿੱਚ ਮੋਰਬੀ ਪੁਲ ਹਾਦਸੇ ਵਿੱਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ। ਯੂਐੱਨ ਮੁਖੀ ਅੰਤੋਨੀਓ ਗੁਟੇਰੇਜ਼ ਨੇ ਵੀ ਹਾਦਸੇ ਨੂੰ ਦੁਖਦਾਈ ਕਰਾਰ ਦਿੱਤਾ ਹੈੇ