ਮੋਰਚਾ ਗੁਰੂ ਕਾ ਬਾਗ

ਮੋਰਚਾ ਗੁਰੂ ਕਾ ਬਾਗ

ਸਿੱਖ ਧਰਮ ਅਤੇ ਰਾਜਨੀਤੀ ਸੰਸਾਰ ਵਿਚ ਹਮੇਸ਼ਾ ਚਰਚਾ ਦੇ ਵਿਸ਼ੇ ਰਹੇ ਹਨ, ਜਿਸ ਨੇ ਸਦਾ ਹੀ ਸਮਾਜ ਨੂੰ ਪ੍ਰਭਾਵਿਤ ਕੀਤਾ ਹੈ। ਸਿੱਖ
ਧਰਮ ਮੂਲ ਰੂਪ ਵਿਚ ਇਕ ਸਮਾਜ ਸੁਧਾਰ ਲਹਿਰ ਹੈ। ਇਕ ਮਾਨਵਵਾਦੀ ਧਰਮ ਹੈ। ਮੁਗਲਾਂ ਦੇ ਜ਼ੁਲਮਾਂ ਦਾ ਟਾਕਰੇ ਕਰਦੇ ਮਨੁੱਖੀ ਕਦਰਾਂ-ਕੀਮਤਾਂ, ਹੱਕ-ਸੱਚ, ਨਿਆਂ, ਸਵੈ-ਮਾਣ, ਸਵੈ-ਰੱਖਿਆ ਅਤੇ ਮਨੁੱਖ ਦੀ ਮੁਕੰਮਲ ਆਜ਼ਾਦੀ ਲਈ ਫੌਜੀ ਖਾਲਸਾ ਤਿਆਰ ਹੋਇਆ, ਜਿਸ ਨੇ ਹਮੇਸ਼ਾ ਜ਼ੁਲਮ ਸਹਿੰਦੇ ਵੀ
ਹੱਸ-ਹੱਸ ਕੇ ਕੁਰਬਾਨੀਆਂ ਦਿੱਤੀਆਂ। ਅਖੀਰ
ਆਪਣਾ ਖਾਲਸਾ ਰਾਜ ਸਥਾਪਿਤ ਕੀਤਾ।
ਅੰਗਰੇਜ਼ੀ ਹਕੂਮਤ ਨੇ ਆਪਣਾ ਰਾਜ ਕਾਇਮ
ਰੱਖਣ ਲਈ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾ
ਕੇ ਸਿੱਖੀ ਨੂੰ ਢਾਅ ਲਾਉਣ ਦੀ ਸਾਜ਼ਿਸ਼ ਰਚਾ ਲਈ, ਜਿਸ ਵਿਚ ਮਹੰਤਾਂ ਨੂੰ ਆਪਣੇ ਨਾਲ ਰਲਾ ਲਿਆ। ਗੁਰਦੁਆਰਿਆਂ ’ਤੇ ਮਹੰਤਾਂ ਦਾ ਕਬਜ਼ਾ ਕਰਵਾ ਲਿਆ, ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਕੇ ਅਯੈਸ਼ੀ ਦੇ ਅੱਡੇ ਬਣਾ ਲਏ। ਪਾਵਨ ਇਤਿਹਾਸਕ ਗੁਰਧਾਮਾਂ ਨੂੰ ਭ੍ਰਿਸ਼ਟ ਮਹੰਤਾਂ ਦੇ ਕਬਜ਼ੇ ਵਿਚੋਂ ਆਜ਼ਾਦ ਕਰਵਾਉਣ ਲਈ ਚੱਲੀ ਗੁਰਦੁਆਰਾ ਸੁਧਾਰ ਲਹਿਰ ਹੇਠ ਇਕ ਤੋਂ ਬਾਅਦ ਇਕ ਮੋਰਚਾ ਅੰਗਰੇਜ਼ੀ ਹਕੂਮਤ ਵਿਰੁੱਧ ਲਾਉਣਾ ਪਿਆ। ਫਿਰ ਭਾਵੇਂ ਚਾਬੀਆਂ ਦਾ ਮੋਰਚਾ, ਨਨਕਾਣਾ ਸਾਹਿਬ, ਤਰਨਤਾਰਨ, ਜੈਤੋ, ਮੋਰਚਾ ਗੁਰੂ ਕਾ ਬਾਗ ਹੋਵੇ। ਇਸ ਜਨਤਕ ਸ਼ਾਂਤਮਈ ਸੰਘਰਸ਼ ਵਿਚ ਸਿੱਖਾਂ ਨੇ ਬੜੇ ਜੋਸ਼ ਨਾਲ ਵੱਧ-ਚੜ੍ਹ ਕੇ ਹਿੱਸਾ ਲਿਆ।
ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਗੁਰਦੁਆਰਿਆਂ ਵਿਚੋਂ ਦੁਰਾਚਾਰੀ ਮਹੰਤਾਂ ਨੂੰ ਕੱਢ ਕੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾ ਕੇ ਪ੍ਰਬੰਧ ਸੰਗਤਾਂ ਦੇ ਹੱਥ ਸੌਂਪਿਆ। ਇਨ੍ਹਾਂ ਸਾਰੇ ਮੋਰਚਿਆਂ ਨੇ ਅੱਗੇ ਜਾ ਕੇ ਜਨਤਕ ਅੰਦੋਲਨਾਂ ਦਾ ਰਾਹ ਖੋਲ੍ਹਿਆ।
ਇਨ੍ਹਾਂ ਮੋਰਚਿਆਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਘੁਕੇਵਾਲੀ, ਸੰਹਿਸਰਾਂ ਆਦਿ ਦੇ ਵਿਚਕਾਰ ਸਥਿਤ ਗੁਰਦੁਆਰਾ ‘ਗੁਰੂ ਕੇ ਬਾਗ’ ਮੋਰਚਾ ਅਕਾਲੀ ਲਹਿਰ ਦਾ ਮਹੱਤਵਪੂਰਨ ਮੋਰਚਾ ਹੈ। ਅੰਮ੍ਰਿਤਸਰ ਤੋਂ 13 ਕੁ ਮੀਲ ਦੀ ਦੂਰੀ ’ਤੇ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਗੁਰਦੁਆਰਾ ਸਥਾਪਤ ਹਨ। ਇਨ੍ਹਾਂ ਗੁਰਧਾਮਾਂ ਦੇ ਨਾਉਂ ਕਾਫੀ ਜ਼ਮੀਨ ਸੀ। ਮਹੰਤ ਸੁੰਦਰ ਦਾ ਕਬਜ਼ਾ ਸੀ, ਜੋ ਇਕ ਦੁਰਚਾਰੀ ਅਤੇ ਅਯੈਸ਼ੀ ਸੀ। ਉਸ ਨੂੰ ਅੰਗਰੇਜ਼ਾਂ ਵੱਲੋਂ ਸਿੱਖਾਂ ਦੇ ਵਿਰੁੱਧ ਵਰਤਿਆ ਜਾ ਰਿਹਾ ਸੀ। ਮਹੰਤਾਂ ਨਾਲ ਸਰਕਾਰੀ ਮਿਲੀਭੁਗਤ ਨਾਲ ਹੀ 20 ਫਰਵਰੀ, 1921 ਨੂੰ ਵਾਪਰੇ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਤੋਂ ਬਾਅਦ 08 ਅਗਸਤ, 1922 ਈ. ਨੂੰ ਸਾਕਾ ਗੁਰੂ ਕਾ ਬਾਗ ਵਾਪਰਿਆ, ਜੋ ਸਿੱਖ ਕੌਮ ਦੀ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਆਪਣੇ ਧਰਮ ਪ੍ਰਤੀ ਵਿਖਾਈ ਕੁਰਬਾਨੀ ਦੀ ਮੂੰਹੋਂ ਬੋਲਦੀ ਤਸਵੀਰ ਹੈ। ਇਕ ਦਿਨ ਗੁਰੂ ਕਾ ਬਾਗ ਦੀ ਜ਼ਮੀਨ ਤੋਂ ਲੰਗਰਾਂ ਦੀ ਸੇਵਾ ਵਾਸਤੇ ਬਾਲਣ ਲੈਣ ਗਏ ਪੰਜ ਸਿੰਘਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸਿੰਘਾਂ ਨੂੰ 6 ਮਹੀਨੇ ਦੀ ਕੈਦ ਅਤੇ ਜੁਰਮਾਨਾ ਕਰ ਦਿੱਤਾ। ਇਸ ਘਟਨਾ ਦੇ ਨਾਲ ਹੀ ‘‘ਮੋਰਚਾ ਗੁਰੂ ਕਾ ਬਾਗ’’ ਆਰੰਭ ਹੁੰਦਾ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਪੁਰਅਮਨ ਸੰਘਰਸ਼ ਕਰਨ ਲਈ, ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ। ਰੋਸ ਵਜੋਂ 5 ਸਿੰਘਾਂ ਦਾ ਜੱਥਾ ਗ੍ਰਿਫ਼ਤਾਰੀ ਲਈ ਭੇਜਿਆ ਜਾਣ ਲੱਗਾ, ਜਿਸ ਨੂੰ ਪੁਲਿਸ ਫੜ ਕੇ ਦੂਰ-ਦੁਰਾਡੇ ਛੱਡ ਆਉਂਦੀ। ਜਦੋਂ ਗ੍ਰਿਫ਼ਤਾਰੀਆਂ ਦੀ ਗਿਣਤੀ ਵੱਧਦੀ ਗਈ, ਤਾਂ
ਪੁਲਿਸ ਦੀ ਸਖਤੀ ਵੀ ਵੱਧਦੀ ਗਈ। ਫਿਰ 31
ਅਗਸਤ, 1922 ਨੂੰ 200 ਅਕਾਲੀਆਂ ਦਾ ਜੱਥਾ ਅੰਮ੍ਰਿਤਸਰ ਤੋਂ ਗੁਰੂ ਕਾ ਬਾਗ ਭੇਜਿਆ
ਗਿਆ। ਪਿੰਡ ਸੰਹਿਸਰਾਂ, ਘੂਕੇਵਾਲੀ, ਲਸ਼ਕਰੀ, ਨੰਗਲ, ਜਗਦੇਵ ਕਲਾਂ ਵਿਚ ਸਿੱਖਾਂ ਦੀ ਕਾਫੀ ਕੁੱਟਮਾਰ ਕੀਤੀ ਗਈ। ਭੇਜੇ ਜਾ ਰਹੇ ਜੱਥਿਆਂ ਦੀ ਵੀ ਕੁੱਟਮਾਰ ਹੋਈ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸੇਵਾ ਵਿਚ ਬੈਠੇ ਸਿੰਘਾਂ ਨੂੰ ਕੇਸਾਂ ਤੋਂ ਧਰੂ ਕੇ ਬਾਹਰ ਸੁੱਟਿਆ। ਬੰਦੂਕਾਂ ਦੇ ਦਸਤੇ ਅਤੇ ਡਾਗਾਂ ਨਾਲ ਵੀ ਭਾਰੀ ਕੁੱਟਮਾਰ ਕੀਤੀ ਗਈ। ਮੁੱਖ ਆਗੂਆਂ ਦੀ ਗ੍ਰਿਫਤਾਰੀ ਦੇ ਵੀ ਸੰਮਨ ਜਾਰੀ ਹੋ ਗਏ। ਅੰਮ੍ਰਿਤਸਰ ਤੋਂ ਪਹਿਲਾਂ 50 ਦਾ ਜੱਥਾ, ਫਿਰ 100 ਦਾ ਜੱਥਾ ਭੇਜਿਆ ਜਾਣ ਲੱਗਾ। ਰੋਜ਼ਾਨਾ ਤੁਰਨ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਸੋਧ ਕੇ ਸ਼ਾਂਤਮਈ ਗੁਰੂ ਕਾ ਬਾਗ ਮੋਰਚੇ ਲਈ ਕੁਰਬਾਨੀਆਂ ਦੇਣ ਲੱਗੇ। ਪੁਲਿਸ ਉਨ੍ਹਾਂ ਨੂੰ ਰੋਕਦੀ ਪਰ ਉਹ ਰੱਬ ਦੇ ਭਾਣੇ ਵਿਚ ਰਹਿ ਕੇ ਜਾਪ ਕਰਦੇ ਅੱਗੇ ਵਧੀ ਜਾਂਦੇ। ਪੁਲਿਸ ਉਨ੍ਹਾਂ ’ਤੇ ਲਾਠੀਆਂ ਵਰਸਾਉਂਦੀ। ਇਹ ਸਾਰਾ ਤਸ਼ੱਦਦ ਤਨ ’ਤੇ ਹੰਢਾਉਂਦੇ ਹੋਏ ਫੱਟੜ ਹੋ ਕੇ ਡਿੱਗ ਜਾਂਦੇ। ਹੌਂਸਲਾ ਕਰਕੇ ਫਿਰ ਉਠਦੇ, ਮਾਰ ਖਾਣ ਲਈ ਛਾਤੀਆਂ ਤਾਣ ਦਿੰਦੇ। ਪੁਲਿਸ ਨੇ ਡਾਂਗਾਂ ਨਾਲ ਹੀ ਬੱਸ ਨਹੀਂ ਕੀਤੀ, ਸਗੋਂ ਫੱਟੜ ਹੋ ਕੇ ਡਿੱਗੇ ਪਏ ਸਿੰਘਾਂ ’ਤੇ ਘੋੜੇ ਵੀ ਦੁੜਾਏ ਜਾਣ ਲੱਗੇ।
ਸੰਸਾਰ ਭਰ ਵਿਚ ਸਿੰਘਾਂ ਦੇ ਸਬਰ ਅਤੇ ਸ਼ਾਂਤੀਮਈ ਵਿਰੋਧ ਦੇ ਚਰਚੇ ਹੋਣ ਲੱਗੇ। ਅੰਗਰੇਜ਼ੀ ਹਕੂਮਤ ਦੇ ਵਹਿਸ਼ੀਪੁਣੇ ਅਣਮਨੁੱਖੀ ਤਸ਼ੱਦਦ ਦੀ ਘੋਰ ਨਿਖੇਧੀ ਹੋਣ ਲੱਗੀ। ਭਾਰੀ ਗਿਣਤੀ ਵਿਚ ਜਨਤਾ ਅਤੇ ਨੇਤਾ ਗੁਰੂ ਕੇ ਬਾਗ ਪਹੁੰਚਣ ਲੱਗੇ। ਜਿਨ੍ਹਾਂ ਵਿਚ ਮਦਨ ਮੋਹਨ ਮਾਲਵੀਆ, ਸੀ.ਐਫ. ਐਂਡਰਿਊਜ਼, ਜੋਗਿੰਦਰ ਸਿੰਘ, ਸੁੰਦਰ ਸਿੰਘ ਮਜੀਠੀਆ, ਹਰਬੰਸ ਸਿੰਘ ਅਟਾਰੀ, ਲਾਲਾ ਦੁਨੀ ਚੰਦ, ਮਲਕ ਲਾਲ ਖਾਨ, ਸਯਦ ਅਤਾਉਲਾ ਸ਼ਾਹ, ਪ੍ਰੋ. ਰੁਚੀ ਰਾਮ ਸਾਹਨੀ, ਹਕੀਮ ਅਜ਼ਮਲ ਖਾਂ, ਸਵਾਮੀ ਸ਼ਰਧਾ ਨੰਦ, ਡਾ. ਅਨਸਾਰੀ, ਭਾਈ ਜੋਧ ਸਿੰਘ, ਸ਼ੰਕਰ ਅਚਾਰੀਆ, ਪੰਡਿਤ ਮੋਤੀ ਲਾਲ ਨਹਿਰੂ, ਸਰੋਜਨੀ ਨਾਇਡੂ ਆਦਿ ਤੋਂ ਇਲਾਵਾ ਅਖਬਾਰ ਨਵੀਸ ਸਨ। ਸਭ ਨੇ ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਦੀ ਘੋਰ ਨਿਖੇਧੀ ਕੀਤੀ। ਸਿੰਘਾਂ ਨੇ ਜਿਸ ਦ੍ਰਿੜ੍ਹਤਾ ਅਤੇ ਸਬਰ ਨਾਲ ਅਕਹਿ ਮੁਸੀਬਤਾਂ ਦਾ ਸਾਹਮਣਾ ਕੀਤਾ ਅਤੇ ਅਤਿ ਦੇ ਤਸ਼ੱਦਦ ਸਾਹਮਣੇ ਹੱਥ ਨਹੀਂ ਚੁੱਕੇ, ਸੀਅ ਨਾ ਕੀਤੀ। ਇਹ ਇਕ ਅਦੁੱਤੀ ਮਿਸਾਲ ਕਾਇਮ ਕੀਤੀ।
ਸੀ.ਐਫ. ਐਂਡਰਿਊਜ਼ ਜਿਸ ਨੇ ਇਕ ਮਸੀਹਾ ਸੂਲੀ ਚੜ੍ਹਦੇ ਸੁਣਿਆ ਸੀ, ਅੱਖਾਂ ਸਾਹਮਣੇ ਸੈਂਕੜੇ ਤਸੀਹੇ ਝੱਲ ਰਹੇ ਵੇਖ ਕੇ ਰੋ ਪਿਆ। ਉਸ ਨੇ ਅਖਬਾਰਾਂ ਨੂੰ ਰਿਪੋਰਟ ਭੇਜੀ ਕਿ ਇਹ ਅੰਗਰੇਜ਼ੀ ਸਰਕਾਰ ਦਾ ਅਣਮਨੁੱਖੀ ਤਸ਼ੱਦਦ ਹੈ। ਇਹ ਇਕ ਹਿਰਦੇਵੇਦਕ ਘਟਨਾ ਹੈ, ਜੋ ਇਕ ਅੰਗਰੇਜ਼ ਤੋਂ ਵੀ ਨਹੀਂ ਵੇਖੀ ਜਾ ਸਕੀ। ਰੱਬ ਅਜਿਹਾ ਸਮਾਂ ਕਿਸੇ ਨੂੰ ਵੀ ਨਾ ਵਿਖਾਵੇ। ਅੰਗਰੇਜ਼ੀ ਫਿਲਮਸਾਜ਼ ਏ.ਐਲ. ਵਰਗਸ ਨੇ ਇਸ ਦਰਦਨਾਕ ਦ੍ਰਿਸ਼ ਦੀ ਫਿਲਮ ਵੀ ਬਣਾਈ। ਸਰ ਐਡਵਰਡ ਮੱਲਾਗਮ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ ਗੁਰੂ ਕਾ ਬਾਗ ਦਾ ਦੌਰਾ ਕੀਤਾ। ਉਸ ਦੇ ਦਖਲ ਨਾਲ ਸਿੰਘਾਂ ’ਤੇ ਡਾਂਗਾਂ ਵਰਨੀਆਂ ਤਾਂ ਬੰਦ ਹੋ ਗਈ। ਪਰ ਗ੍ਰਿਫ਼ਤਾਰੀਆਂ ਦਾ ਦੌਰ 17 ਨਵੰਬਰ 1922 ਤੱਕ ਚੱਲਿਆ। ਅਕਤੂਬਰ ਦੇ ਪਹਿਲੇ ਹਫਤੇ ਗਵਰਨਰ ਜਨਰਲ ਲਾਰਡ ਰੀਡਿੰਗ ਨੇ ਪੰਜਾਬ ਦੇ ਗਵਰਨਰ ਨਾਲ ਇਸ ਮਸਲੇ ਦੇ ਹੱਲ ਲਈ
ਗੱਲਬਾਤ ਕੀਤੀ। ਅਖੀਰ ਪੰਜਾਬ ਸਰਕਾਰ ਨੇ
ਮਹੰਤ ਸੁੰਦਰ ਦਾਸ ਵੱਲੋਂ ਗੁਰਦੁਆਰਾ ਜ਼ਮੀਨ ਦਾ ਠੇਕਾ ਰਾਏ ਬਹਾਦਰ ਗੰਗਾ ਰਾਮ ਨੂੰ ਦਿਵਾ ਕੇ ਜ਼ਮੀਨ ਦਾ ਜ਼ਿੰਮਾ ਸੰਗਤਾਂ ਨੂੰ ਮਿਲ ਗਿਆ। ਅੰਤ 17 ਨਵੰਬਰ 1922 ਨੂੰ ਸਿੰਘ ਰਿਹਾਅ ਹੋ ਗਏ ਤੇ ਮੋਰਚਾ ਸਫਲ ਹੋਇਆ।
ਇਸ ਸ਼ਾਂਤਮਈ ਮੋਰਚੇ ਵਿਚ 839 ਸਿੰਘ ਜ਼ਖਮੀ ਅਤੇ 5605 ਸਿੰਘ ਗ੍ਰਿਫ਼ਤਾਰ ਹੋਏ ਸਨ, ਜਿਨ੍ਹਾਂ ਵਿਚ ਲਗਭਗ 35 ਸ਼੍ਰੋਮਣੀ ਕਮੇਟੀ ਮੈਂਬਰ ਅਤੇ 200 ਫੌਜੀ ਪੈਨਸ਼ਨੀਏ ਸਨ। ਇਸ ਮੋਰਚੇ ਨਾਲ ਗੁਰਦੁਆਰਾ ਸੁਧਾਰ ਲਹਿਰ ਨੂੰ ਬੜਾ ਬਲ ਮਿਲਿਆ। ਸਿੰਘਾਂ ਦੇ ਸਿਦਕ ਤੇ ਬਹਾਦਰੀ ’ਤੇ ਲੋਕਾਂ ਨੇ ਮਾਣ ਕੀਤਾ। ਸੂਰਬੀਰ ਸਿੰਘਾਂ ਨੇ ਅੰਗਰੇਜ਼ੀ ਪੁਲਿਸ ਦੇ ਅਣਮਨੁੱਖੀ ਤਸ਼ੱਦਦ ਨੂੰ ਸਹਿਣਸ਼ੀਲਤਾ, ਹੱਠ, ਤਿਆਗ ਦਾ ਸਬੂਤ ਦਿੰਦੇ ਹੋਏ ਆਪਣੇ ਤਨ ’ਤੇ ਜਰਿਆ। ਗੁਰਧਾਮਾਂ ਦੀ ਸ਼ਾਨ ਬਰਕਰਾਰ ਰੱਖਣ ਲਈ ਆਪਣੇ ਵਿਰਸੇ ਨੂੰ ਸੁਰਜੀਤ ਕੀਤਾ। ਮੋਰਚੇ ਦੀ ਜਿੱਤ ਨਾਲ ਜਨਤਕ ਲਹਿਰਾਂ ਲਈ ਰਾਹ ਪੱਧਰਾ ਹੋਇਆ। ਲੋਕਾਂ ਵਿਚ ਜਨਤਕ ਤੌਰ ’ਤੇ ਇਨਕਲਾਬੀ ਉਤਸ਼ਾਹ ਆਇਆ ਕਿਉਂਕਿ ਇਹ ਮੋਰਚਾ ਸਿੱਧਾ ਹੀ ਅੰਗਰੇਜ਼ੀ ਹਕੂਮਤ ਦੇ ਖਿਲਾਫ ਸੀ। ਇਸ ਮੋਰਚੇ ਨੇ ਚੜ੍ਹਦੀ ਕਲਾ, ਸਰਬੱਦ ਦਾ ਭਲਾ ਦੇ ਸਿਧਾਂਤ
ਨੂੰ ਪ੍ਰਫੁਲਿਤ ਕੀਤਾ। ਉਸ ਸਮੇਂ ਦੇ ਸਿੱਖ ਆਚਰਣ ਵਿਚ ਪ੍ਰਦਰਸ਼ਿਤ ਗੁਣਾਂ ਨੂੰ ਅਪਣਾਉਣ ਦੀ ਪ੍ਰੇਰਨਾ ਮਿਲਦੀ ਹੈ। ਇਹ ਇਕ ਗੌਰਵਮਈ ਸਫਲ ਇਤਿਹਾਸਕ ਮੋਰਚਾ ਹੋ ਨਿਬੜਿਆ।

ਪ੍ਰਮਿੰਦਰ ਸਿੰਘ ‘ਪ੍ਰਵਾਨਾ’
ਕੈਲੀਫੋਰਨੀਆ ਯੂ.ਐਸ.ਏ.)
(510) 415-9377