ਮੋਬਾਈਲ ਦੇ ਆਦੀ ਹੋਣ ਤੋਂ ਕਿਵੇਂ ਬਚੀਏ?

ਮੋਬਾਈਲ ਦੇ ਆਦੀ ਹੋਣ ਤੋਂ ਕਿਵੇਂ ਬਚੀਏ?

ਕੁਲਵਿੰਦਰ ਸਿੰਘ ਦੂਹੇਵਾਲਾ

ਸ਼ੌਕ, ਲੋੜ ਤੇ ਮਜਬੂਰੀ ਤੋਂ ਹੁੰਦਾ ਹੋਇਆ ਮੋਬਾਈਲ ਅੱਜ ਅਜਿਹੀ ਆਫ਼ਤ ਬਣਦਾ ਨਜ਼ਰ ਆ ਰਿਹਾ ਹੈ, ਜੋ ਸਾਡੀ ਜ਼ਿੰਦਗੀ ਨੂੰ ਸਿੱਧਾ ਪ੍ਰਭਾਵਿਤ ਕਰ ਰਿਹਾ ਹੈ। ਕੋਈ ਸ਼ੱਕ ਨਹੀਂ ਕਿ ਮੋਬਾਈਲ ਨੇ ਜ਼ਿੰਦਗੀ ਬਹੁਤ ਸੌਖੀ ਕਰ ਦਿੱਤੀ ਹੈ। ਰੋਜ਼ਾਨਾ ਦੇ ਅਣਗਿਣਤ ਕੰਮ ਸਾਡੀਆਂ ਉਂਗਲਾਂ ’ਤੇ ਆ ਗਏ ਹਨ। ਬਿਜਲੀ ਦੇ ਬਿੱਲ ਤੋਂ ਲੈ ਕੇ ਮੋਬਾਈਲ ਬੈਂਕਿੰਗ ਤੱਕ ਸਾਰੇ ਕੰਮ ਅਸੀਂ ਮਿੰਟਾਂ ਸਕਿੰਟਾਂ ਵਿੱਚ ਕਰਨ ਲੱਗੇ ਹਾਂ, ਜਿਨ੍ਹਾਂ ਲਈ ਸਾਨੂੰ ਸਾਰਾ ਦਿਨ ਕਤਾਰਾਂ ਵਿੱਚ ਖੜ੍ਹਨਾ ਪੈਂਦਾ ਸੀ ਪਰ 2010 ਤੋਂ ਬਾਅਦ ਜਦੋਂ ਸੋਸ਼ਲ ਮੀਡੀਆ ਦਾ ਰੁਝਾਨ ਵਧਿਆ ਤਾਂ ਮੋਬਾਈਲ ਦੀ ਵਰਤੋਂ ਦਾ ਘੇਰਾ ਹੋਰ ਵੀ ਵਿਸ਼ਾਲ ਹੋ ਗਿਆ। ਸੋਸ਼ਲ ਮੀਡੀਆ ਦੀ ਚਮਕ ਦਮਕ ਵਿੱਚ ਅਸੀਂ ਇੰਨੇ ਖੋਅ ਗਏ ਕਿ ਅੱਜ ਮੋਬਾਈਲ ਨੇ ਸਾਡੇ ਕੀਮਤੀ ਸਮੇਂ ਦਾ ਵੱਡਾ ਹਿੱਸਾ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਅੱਜ ਮੋਬਾਈਲ ਦਾ ਸਿੱਧਾ ਪ੍ਰਭਾਵ ਸਾਡੀ ਸਿਹਤ, ਆਰਥਿਕਤਾ ਤੇ ਸਮਾਜਿਕ ਸਬੰਧਾਂ ’ਤੇ ਨਜ਼ਰ ਆ ਰਿਹਾ ਹੈ। ਮੋਬਾਈਲ ਚਿੜਚਿੜਾਪਣ, ਉਦਾਸੀ, ਅੱਖਾਂ ਦੀ ਕਮਜ਼ੋਰੀ, ਖਿਝੇ ਰਹਿਣਾ, ਡਿਪਰੈਸ਼ਨ ਦੀ ਸਮੱਸਿਆ ਆਦਿ ਦਾ ਕਾਰਨ ਬਣ ਰਿਹਾ ਹੈ। ਉੱਪਰੋਂ ਨਵੀਂ ਆਫ਼ਤ ਚਾਰ-ਪੰਜ ਸਾਲ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਛੋਟੇ-ਛੋਟੇ ਬੱਚੇ ਇਸ ਦੇ ਆਦੀ ਹੋ ਰਹੇ ਹਨ। ਮੋਬਾਈਲ ਉਨ੍ਹਾਂ ਦੇ ਸਿਹਤ ਵਿਕਾਸ ਤੇ ਪੜ੍ਹਾਈ ਵਿੱਚ ਰੁਕਾਵਟ ਬਣ ਰਹੇ ਹਨ। ਅਸੀਂ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਇਸ ਆਦਤ ਤੋਂ ਦੂਰ ਰੱਖਣ ਵਿੱਚ ਅਸਮਰੱਥ ਜਾਪਦੇ ਹਾਂ। ਜਦੋਂ ਅਸੀਂ ਉਨ੍ਹਾਂ ਤੋਂ ਮੋਬਾਈਲ ਛੁਡਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੇ ਸਾਹਮਣੇ ਪਹਿਲੀ ਗੱਲ ਆਉਂਦੀ ਹੈ ਕਿ ਪਹਿਲਾਂ ਖ਼ੁਦ ਮੋਬਾਈਲ ਛੱਡਣਾ ਪਵੇਗਾ ਪਰ ਛੱਡਿਆ ਕਿਵੇਂ ਜਾਵੇ? ਮੋਬਾਈਲ ਤੋਂ ਬਿਨਾਂ ਜ਼ਿੰਦਗੀ? ਸਾਨੂੰ ਕਲਪਨਾ ਵੀ ਔਖੀ ਲੱਗਦੀ ਹੈ।

ਅੱਜ ਪੂਰਨ ਰੂਪ ਵਿੱਚ ਮੋਬਾਈਲ ਤੋਂ ਬਿਨਾਂ ਜ਼ਿੰਦਗੀ ਸੰਭਵ ਨਹੀਂ ਪਰ ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਇਸ ਨੂੰ ਅਸੀਂ ਬਹੁਤ ਸੀਮਤ ਕਰ ਸਕਦੇ ਹਾਂ ਤੇ ਆਪਣੇ ਬੱਚਿਆਂ ਨੂੰ ਆਦੀ ਹੋਣ ਤੋਂ ਬਚਾ ਸਕਦੇ ਹਾਂ। ਆਓ ਕੋਸ਼ਿਸ਼ ਕਰਕੇ ਦੇਖੀਏ। ਇੱਕ ਗੱਲ ਯਾਦ ਰੱਖੋ ਤੁਸੀਂ ਮੋਬਾਈਲ ਨੂੰ ਇੱਕ-ਦੋ ਦਿਨਾਂ ਵਿੱਚ ਨਹੀਂ ਛੱਡ ਸਕਦੇ। ਜਿਸ ਤਰ੍ਹਾਂ ਤੁਹਾਨੂੰ ਇਸ ਦੇ ਆਦੀ ਹੋਣ ਵਿੱਚ ਸਮਾਂ ਲੱਗਿਆ ਹੈ, ਉਸ ਤਰ੍ਹਾਂ ਇਸ ਨੂੰ ਛੱਡਣ ਵਿੱਚ ਵੀ ਸਮਾਂ ਲੱਗੇਗਾ। ਇਸ ਨੂੰ ਛੱਡਣ ਲਈ ਘੱਟੋ-ਘੱਟ ਦੋ ਮਹੀਨਿਆਂ ਦੀ ਯੋਜਨਾ ਬਣਾਓ ਤੇ ਕਦਮ ਦਰ ਕਦਮ ਅੱਗੇ ਵਧੋ। ਤੁਸੀਂ ਜ਼ਰੂਰ ਸਫਲ ਹੋਵੋਗੇ। ਸਾਡਾ ਬਹੁਤਾ ਸਮਾਂ ਸੋਸ਼ਲ ਮੀਡੀਆ ਖ਼ਰਾਬ ਕਰਦਾ ਹੈ ਕਿਉਂਕਿ ਅਸੀਂ ਸੋਸ਼ਲ ਮੀਡੀਆ ’ਤੇ ਅਜਿਹਾ ਬਹੁਤ ਕੁਝ ਦੇਖ ਰਹੇ ਹਾਂ, ਜਿਸ ਦੀ ਸਾਡੇ ਜੀਵਨ ਵਿੱਚ ਕੋਈ ਅਹਿਮੀਅਤ ਨਹੀਂ ਹੈ ਤੇ ਇਹ ਸਾਨੂੰ ਮਾਨਸਿਕ, ਆਰਥਿਕ ਤੇ ਸਮਾਜਿਕ ਰੂਪ ਵਿੱਚ ਵੀ ਵੱਡਾ ਨੁਕਸਾਨ ਪਹੁੰਚਾ ਰਿਹਾ ਹੈ। ਵਟਸਐਪ ਤੇ ਫੇਸਬੁੱਕ ਤੋਂ ਬਿਨਾਂ ਸ਼ਾਇਦ ਬਾਕੀ ਸੋਸ਼ਲ ਮੀਡੀਆ ਹੈਂਡਲਜ਼ ਦੀ ਸਾਨੂੰ ਲੋੜ ਨਹੀਂ ਹੈ। ਜੇ ਕੋਈ ਜ਼ਿਆਦਾ ਸਰਗਰਮ ਵਿਅਕਤੀ ਹੈ ਤਾਂ ਉਹ ਵੱਧ ਤੋਂ ਵੱਧ ਟਵਿੱਟਰ ’ਤੇ ਜਾ ਸਕਦਾ ਹੈ।

ਪਹਿਲਾਂ ਗਿਣਤੀ ਕਰੋ ਕਿ ਤੁਸੀਂ ਕਿੰਨੇ ਸੋਸ਼ਲ ਮੀਡੀਆ ਹੈਂਡਲਜ਼ ਦੀ ਵਰਤੋਂ ਕਰ ਰਹੇ ਹੋ। ਉਸ ਤੋਂ ਬਾਅਦ ਆਪਣੇ ਕਿੱਤੇ ਅਨੁਸਾਰ ਦੇਖੋ ਕਿ ਉਨ੍ਹਾਂ ਵਿੱਚੋਂ ਕਿੰਨੇ ਤੁਹਾਡੀ ਲੋੜ ਦੇ ਹਨ ਤੇ ਕਿੰਨੇ ਤੁਸੀਂ ਸ਼ੌਕੀਆ ਤੌਰ ’ਤੇ ਵਰਤੀ ਜਾ ਰਹੇ ਹੋ। ਇਨ੍ਹਾਂ ਦੀ ਪਹਿਚਾਣ ਕਰਕੇ ਕੰਮ ਸ਼ੁਰੂ ਕਰੋ। ਹਰ ਹਫ਼ਤੇ ਇੱਕ-ਇੱਕ ਕਰਕੇ ਕਟੌਤੀ ਕਰਨੀ ਸ਼ੁਰੂ ਕਰੋ। ਅਖੀਰ ਛਾਂਟੀ ਕਰਦੇ ਹੋਏ ਆਪਣੇ ਉਨ੍ਹਾਂ ਸੋਸ਼ਲ ਮੀਡੀਆ ਹੈਂਡਲਜ਼ ਤੱਕ ਆ ਜਾਓ, ਜੋ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਨ ਤੇ ਤੁਹਾਨੂੰ ਸਮਾਜਿਕ ਤੇ ਆਰਥਿਕ ਲਾਭ ਪਹੁੰਚਾ ਰਹੇ ਹਨ। ਜੋ ਸੋਸ਼ਲ ਮੀਡੀਆ ਹੈਂਡਲਜ਼ ਤੁਹਾਡੇ ਕੋਲ ਅਖ਼ੀਰ ’ਤੇ ਬਚੇ ਹਨ, ਉਸ ਦੀ ਸਵੈ ਪੜਚੋਲ ਕਰੋ ਕਿ ਤੁਸੀਂ ਉਸ ਦੀ ਵਰਤੋਂ ਕਿਸ ਰੂਪ ਵਿੱਚ ਕਰ ਰਹੇ ਹੋ। ਕੀ ਤੁਸੀਂ ਇਸ ਨੂੰ ਵੀ ਛੱਡ ਸਕਦੇ ਹੋ? ਜੇ ਤੁਸੀਂ ਇਸ ਨੂੰ ਨਹੀਂ ਛੱਡ ਸਕਦੇ ਤਾਂ ਕੁਝ ਗੱਲਾਂ ਦਾ ਧਿਆਨ ਰੱਖੋ। ਜੇ ਅਸੀਂ ਫੇਸਬੁੱਕ ਦੀ ਵਰਤੋਂ ਕਰਦੇ ਹਾਂ ਤਾਂ ਉਸ ’ਤੇ ਅਸੀਂ ਬਹੁਤ ਸਾਰੇ ਅਜਿਹੇ ਪੇਜਾਂ ਅਤੇ ਲੋਕਾਂ ਨੂੰ ਫਾਲੋ ਕਰਦੇ ਹਾਂ ਜਿਨ੍ਹਾਂ ਨਾਲ ਸਾਡਾ ਕੋਈ ਮਤਲਬ ਨਹੀਂ ਹੁੰਦਾ। ਕਈ ਵਾਰ ਅਸੀਂ ਸੋਸ਼ਲ ਮੀਡੀਆ ’ਤੇ ਬਹਿਸ ਕਰਨ ਦੇ ਆਦੀ ਵੀ ਹੁੰਦੇ ਹਾਂ। ਸੋਸ਼ਲ ਮੀਡੀਆ ’ਤੇ ਘੁੰਮਦੇ ਵਿਵਾਦਤ ਮੁੱਦਿਆਂ ’ਤੇ ਟਿੱਪਣੀ ਕਰਨ ਤੋਂ ਬਚੋ। ਤੁਸੀਂ ਟਿੱਪਣੀ ਕਰੋਗੇ, ਕੋਈ ਹੋਰ ਜਵਾਬ ਦੇਵੇਗਾ, ਫੇਰ ਤੁਸੀਂ ਜਵਾਬ ਦੇਵੋਗੇ ਤੇ ਇਹ ਸਿਲਸਿਲਾ ਤੁਹਾਡੇ ਕੀਮਤੀ ਸਮੇਂ ਨੂੰ ਖਾ ਕੇ ਤੁਹਾਨੂੰ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਕਰੇਗਾ। ਸੋਸ਼ਲ ਮੀਡੀਆ ’ਤੇ ਮਿੱਤਰਾਂ ਦੀ ਗਿਣਤੀ ਸੀਮਤ ਕਰੋ। ਕਈ ਵਾਰ ਅਸੀਂ ਇਸ ਭਰਮ ਦੇ ਵੀ ਸ਼ਿਕਾਰ ਹੋ ਜਾਂਦੇ ਹਾਂ ਕਿ ਜਿੰਨੇ ਸਾਡੇ ਸੋਸ਼ਲ ਮੀਡੀਆ ’ਤੇ ਮਿੱਤਰ ਹਨ ਅਸੀਂ ਓਨੀ ਹੀ ਵਿਸ਼ਾਲ ਸ਼ਖ਼ਸੀਅਤ ਦੇ ਮਾਲਕ ਹਾਂ। ਇਸ ਭਰਮਜਾਲ ਨੂੰ ਆਪਣੀਆਂ ਅੱਖਾਂ ਤੋਂ ਲਾਹ ਸੁੱਟੋ। ਆਪਣੇ ਜਨਮ ਦਿਨ ’ਤੇ ਮਿਲੀਆਂ ਘੱਟ ਵਧਾਈਆਂ ਦੀ ਗਿਣਤੀ ਕਰਕੇ ਪ੍ਰੇਸ਼ਾਨ ਹੋਣਾ ਛੱਡ ਦਿਓ। ਤੁਹਾਡੇ ਜਨਮ ਦਿਨ, ਵਿਆਹ ਤੇ ਹੋਰ ਪ੍ਰਾਪਤੀਆਂ ਦੀ ਅਸਲੀ ਖ਼ੁਸ਼ੀ ਤੁਹਾਡੇ ਪਰਿਵਾਰ ਤੱਕ ਹੀ ਸੀਮਤ ਹੈ। ਸਿਰਫ਼ ਉਤਸ਼ਾਹ ਭਰਨ ਵਾਲੇ ਪੇਜਾਂ ਨੂੰ ਫਾਲੋ ਕਰੋ। ਵਟਸਐਪ ਦੇ ਅਜਿਹੇ ਸਾਰੇ ਗਰੁੱਪਾਂ ਨੂੰ ਛੱਡ ਦਿਓ ਜਿਨ੍ਹਾਂ ਦੀ ਤੁਹਾਡੇ ਜੀਵਨ ਵਿੱਚ ਕੋਈ ਅਹਿਮੀਅਤ ਨਹੀਂ। ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਸਿਰਫ਼ ਸਪੈਸ਼ਲ ਦਿਨਾਂ ’ਤੇ ਹੀ ਸ਼ੁਭਕਾਮਨਾਵਾਂ ਦੇਣ ਦੀ ਆਦਤ ਪਾਓ। ਸਵੇਰ-ਸ਼ਾਮ ਸ਼ੁਭਕਾਮਨਾਵਾਂ ਦੇਣੀਆਂ ਬੰਦ ਕਰ ਦਿਓ।

ਸੋਸ਼ਲ ਮੀਡੀਆ ਦੇ ਪੇਜ ’ਤੇ ਵਟਸਐਪ ਗਰੁੱਪ ਪਲ-ਪਲ ਸਾਡੇ ਮੂਡ ਨੂੰ ਬਦਲਦੇ ਹਨ, ਜੋ ਸਾਡੀ ਮਾਨਸਿਕ ਸਿਹਤ ਲਈ ਖਤਰਨਾਕ ਹਨ। ਜੇਕਰ ਤੁਸੀਂ ਮੋਬਾਈਲ ’ਤੇ ਲੰਬੀਆਂ-ਲੰਬੀਆਂ ਕਾਲਾਂ ਕਰਨ ਦੇ ਆਦੀ ਹੋ ਤਾਂ ਇਸ ਨੂੰ ਵੀ ਸੀਮਤ ਕਰਨ ਦੀ ਕੋਸ਼ਿਸ਼ ਕਰੋ। ਗੱਲ ਕਰਦੇ ਸਮੇਂ ਹੈੱਡਫੋਨ ਦੀ ਵਰਤੋਂ ਕਰੋ ਤਾਂ ਘੱਟੋ ਘੱਟ ਤੁਸੀਂ ਮੋਬਾਈਲ ਦੇ ਬੁਰੇ ਮਾਨਸਿਕ ਪ੍ਰਭਾਵ ਤੋਂ ਕੁਝ ਹੱਦ ਤੱਕ ਬਚ ਸਕਦੇ ਹੋ। ਟੀਵੀ ਤੇ ਖੇਡਾਂ, ਫਿਲਮਾਂ ਅਤੇ ਕਾਮੇਡੀ ਪ੍ਰੋਗਰਾਮਾਂ ਨੂੰ ਦੇਖਣ ਦੀ ਆਪਣੀ ਪੁਰਾਣੀ ਆਦਤ ਨੂੰ ਜਗਾਉਣ ਦੀ ਕੋਸ਼ਿਸ਼ ਕਰੋ। ਕਿਤਾਬਾਂ ਪੜ੍ਹਨ ਦੀ ਆਦਤ ਪਾਓ। ਘਰ ਵਿੱਚ ਅਖ਼ਬਾਰ ਲਗਵਾ ਲਓ। ਜੋ ਆਨੰਦ ਅਖ਼ਬਾਰਾਂ ਵਿੱਚੋਂ ਖ਼ਬਰਾਂ ਪੜ੍ਹਨ ਦਾ ਹੈ, ਉਹ ਮੋਬਾਈਲ ’ਤੇ ਖ਼ਬਰਾਂ ਪੜ੍ਹਨ ਵਿੱਚ ਬਿਲਕੁਲ ਵੀ ਨਹੀਂ ਹੈ। ਤੁਸੀਂ ਇਹ ਉਦੋਂ ਜਾਣੋਗੇ ਜਦੋਂ ਤੁਸੀਂ ਕੁਝ ਦਿਨ ਅਖ਼ਬਾਰ ਪੜ੍ਹੋਗੇ। ਜਿਵੇਂ ਅਜਿਹਾ ਕਰੋਗੇ ਤਾਂ ਤੁਸੀਂ ਹੌਲੀ-ਹੌਲੀ ਮੋਬਾਈਲ ਤੋਂ ਦੂਰ ਹੋਣਾ ਸ਼ੁਰੂ ਹੋ ਜਾਵੋਗੇ। ਮੋਬਾਈਲ ਦੀ ਵਰਤੋਂ ਨੇ ਸਾਡੇ ਸ਼ੌਕ ਨੂੰ ਦੱਬ ਲਿਆ ਹੈ। ਆਪਣੇ ਸ਼ੌਕ ਦੀ ਪਹਿਚਾਣ ਕਰੋ ਤੇ ਉਸ ਨੂੰ ਪੁਨਰ ਜਾਗ੍ਰਿਤ ਕਰਨ ਵੱਲ ਵਧਣਾ ਸ਼ੁਰੂ ਕਰੋ। ਕੁਝ ਹੀ ਦਿਨਾਂ ਵਿੱਚ ਤੁਹਾਡਾ ਸ਼ੌਕ ਮੋਬਾਈਲ ਨੂੰ ਦੱਬ ਲਵੇਗਾ। ਤੁਸੀਂ ਅਜਿਹਾ ਕਰਕੇ ਦੇਖੋ, ਤੁਸੀਂ ਨਿਰਾਸ਼ ਨਹੀਂ ਹੋਵੋਗੇ। ਯਾਦ ਰੱਖੋ! ਬੱਚੇ ਉਹੀ ਕਰਨਗੇ, ਜੋ ਘਰ ਵਿੱਚ ਦੇਖਣਗੇ। ਜੇ ਤੁਸੀਂ ਇਸ ਤਰ੍ਹਾਂ ਆਪਣੀਆਂ ਆਦਤਾਂ ’ਤੇ ਕੰਟਰੋਲ ਕਰਦੇ ਹੋਏ ਵਿਚਰਨਾ ਸ਼ੁਰੂ ਕਰੋਗੇ ਤਾਂ ਬੱਚੇ ਵੀ ਦੇਖੋ ਦੇਖੀ ਇਹ ਕੁਝ ਕਰਨ ਲੱਗਣਗੇ। ਜੋ ਸਮਾਂ ਤੁਸੀਂ ਮੋਬਾਈਲ ਨੂੰ ਦਿੰਦੇ ਹੋ, ਉਹ ਬੱਚਿਆਂ ਨੂੰ ਦੇਣਾ ਸ਼ੁਰੂ ਕਰੋ। ਤੁਸੀਂ ਕੁਝ ਹੀ ਦਿਨਾਂ ਵਿੱਚ ਉਤਸ਼ਾਹਿਤ ਅਤੇ ਮਾਨਸਿਕ ਰੂਪ ਵਿੱਚ ਖੁਸ਼ ਮਹਿਸੂਸ ਕਰੋਗੇ।