ਮੋਦੀ ਸਰਕਾਰ ਸਾਬਕਾ ਫੌਜੀਆਂ ਦੀ ਭਲਾਈ ਲਈ ਵਚਨਬੱਧ: ਰਾਜਨਾਥ

ਮੋਦੀ ਸਰਕਾਰ ਸਾਬਕਾ ਫੌਜੀਆਂ ਦੀ ਭਲਾਈ ਲਈ ਵਚਨਬੱਧ: ਰਾਜਨਾਥ

ਰੱਖਿਆ ਮੰਤਰੀ ਨੇ ਲੋਕਾਂ ਨੂੰ ਫੌਜੀਆਂ ਦੇ ਪਰਿਵਾਰਾਂ ਨੂੰ ਆਪਣੇ ਪਰਿਵਾਰ ਮੰਨਣ ਦਾ ਦਿੱਤਾ ਸੱਦਾ
ਕਾਨਪੁਰ/ਲਖਨਊ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਸਾਬਕਾ ਫੌਜੀ ਹਰ ਭਾਰਤੀ ਦੇ ਦਿਲ ’ਚ ਵਿਸ਼ੇਸ਼ ਥਾਂ ਰੱਖਦੇ ਹਨ ਅਤੇ ਨਰਿੰਦਰ ਮੋਦੀ ਸਰਕਾਰ ਉਨ੍ਹਾਂ ਦੀ ਭਲਾਈ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ‘ਇੱਕ ਰੈਂਕ ਇੱਕ ਪੈਨਸ਼ਨ’ ਯੋਜਨਾ ਲਾਗੂ ਕਰਨ ਤੋਂ ਲੈ ਕੇ ਸਿਹਤ ਸੰਭਾਲ ਤੇ ਮੁੜ ਰੁਜ਼ਗਾਰ ਮੁਹੱਈਆ ਕਰਨ ਤੱਕ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਸਾਬਕਾ ਫੌਜੀਆਂ ਦੀ ਭਲਾਈ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ।

ਰੱਖਿਆ ਮੰਤਰੀ ਨੇ ਕਿਹਾ, ‘ਸਾਡੇ ਸੈਨਿਕ ਪਰਿਵਾਰ, ਜਾਤੀ ਤੇ ਪੰਥ ਤੋਂ ਉੱਪਰ ਉਠ ਕੇ ਸਿਰਫ਼ ਦੇਸ਼ ਬਾਰੇ ਸੋਚਦੇ ਹਨ ਅਤੇ ਉਹ ਆਪਣੇ ਫਰਜ਼ ਅਸਰਦਾਰ ਢੰਗ ਨਾਲ ਨਿਭਾਉਂਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਦੇਸ਼ ਸੁਰੱਖਿਅਤ ਹੈ ਤਾਂ ਸੁਭ ਕੁਝ ਸੁਰੱਖਿਅਤ ਹੈ।’ ਉਨ੍ਹਾਂ ਕਾਨਪੁਰ ਦੇ ਏਅਰ ਫੋਰਸ ਸਟੇਸ਼ਨ ’ਤੇ ‘ਹਥਿਆਰਬੰਦ ਬਲ ਸਾਬਕਾ ਫੌਜੀ ਦਿਵਸ’ ਸਬੰਧੀ ਕਰਵਾਈ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਰੇ ਲੋਕਾਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੇ ਪਰਿਵਾਰਾਂ ਦੀ ਤਰ੍ਹਾਂ ਸਮਝਣ ਅਤੇ ਯਕੀਨੀ ਬਣਾਉਣ ਕਿ ਉਹ ਹਮੇਸ਼ਾ ਉਨ੍ਹਾਂ ਨਾਲ ਖੜ੍ਹੇ ਹਨ। ਉਨ੍ਹਾਂ ਲੋਕਾਂ ਨੂੰ ਸੇਵਾਮੁਕਤ ਤੇ ਸੇਵਾ ਅਧੀਨ ਫੌਜੀਆਂ ਦਾ ਸਨਮਾਨ ਕਰਨ ਦੀ ਆਪਣੀ ਇੱਛਾ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਰੱਖਿਆ ਮੰਤਰੀ ਨੇ ਇਸ ਮੌਕੇ ਸਾਬਕਾ ਫੌਜੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਵੱਲੋਂ ਨਿਭਾਈ ਸੇਵਾ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਰੱਖਿਆ ਮੰਤਰਾਲੇ ਵੱਲੋਂ ਵੀ ਸਾਬਕਾ ਫੌਜੀਆਂ ਦੀ ਭਲਾਈ ਲਈ ਪ੍ਰਤੀਬੱਧਤਾ ਜ਼ਾਹਿਰ ਕੀਤੀ।

ਰੱਖਿਆ ਮੰਤਰੀ ਨੇ ਇਸ ਮੌਕੇ ਜੰਗੀ ਯਾਦਗਾਰ ’ਤੇ ਜਾ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨਾਲ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਤੇ ਭਾਰਤੀ ਸੈਨਾ ਦੇ ਹੋਰ ਅਧਿਕਾਰੀ ਵੀ ਸਨ।