ਮੋਦੀ ਵੱਲੋਂ ਸਬੰਧਾਂ ਦੀ ਮਜ਼ਬੂਤੀ ਲਈ ਫਰਾਂਸ ਦਾ ਦੌਰਾ

ਮੋਦੀ ਵੱਲੋਂ ਸਬੰਧਾਂ ਦੀ ਮਜ਼ਬੂਤੀ ਲਈ ਫਰਾਂਸ ਦਾ ਦੌਰਾ

ਪੈਰਿਸ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਨਾਲ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੋ ਰੋਜ਼ਾ ਫੇਰੀ ਤਹਿਤ ਅੱਜ ਫਰਾਂਸ ਪਹੁੰਚ ਗਏ। ਸ੍ਰੀ ਮੋਦੀ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਵੱਖ ਵੱਖ ਮੁੱਦਿਆਂ ’ਤੇ ਚਰਚਾ ਕਰਨ ਤੋਂ ਇਲਾਵਾ ਭਲਕੇ ਫਰਾਂਸ ਦੇ ਕੌਮੀ ਦਿਹਾੜੇ ਮੌਕੇ ਬੈਸਿਲ ਡੇਅ ਪਰੇਡ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਦੋ ਰੋਜ਼ਾ ਫੇਰੀ ਲਈ ਫਰਾਂਸ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੈੱਡ ਕਾਰਪੈੱਟ ਨਾਲ ਸਵਾਗਤ ਕੀਤਾ ਗਿਆ। ਫਰੈਂਚ ਪ੍ਰਧਾਨ ਮੰਤਰੀ ਐਲਿਜ਼ਬੈਥ ਬੋਰਨ ਨੇ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ‘ਜੀ ਆਇਆਂ’ ਕਿਹਾ। ਸ੍ਰੀ ਮੋਦੀ ਨੂੰ ਹਵਾਈ ਅੱਡੇ ’ਤੇ ਹੀ ‘ਗਾਰਡ ਆਫ਼ ਆਨਰ’ ਦਿੱਤਾ ਗਿਆ ਤੇ ਇਸ ਦੌਰਾਨ ਦੋਵਾਂ ਮੁਲਕਾਂ ਦੇ ਰਾਸ਼ਟਰੀ ਗਾਣ ਵੀ ਵਜਾਏ ਗਏ। ਉਂਜ ਭਾਰਤ ਤੋਂ ਫਰਾਂਸ ਲਈ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਮੋਦੀ ਨੇ ਭਰੋਸਾ ਜ਼ਾਹਿਰ ਕੀਤਾ ਕਿ ਉਨ੍ਹਾਂ ਦੀ ਇਹ ਫੇਰੀ ਦੋਵਾਂ ਮੁਲਕਾਂ ਦੀ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਨਵੀਂ ਸ਼ਕਤੀ ਪ੍ਰਦਾਨ ਕਰੇਗੀ। ਸ੍ਰੀ ਮੋਦੀ ਨੇ ਇਕ ਬਿਆਨ ਵਿੱਚ ਕਿਹਾ ਸੀ, ‘‘ਮੈਂ ਰਾਸ਼ਟਰਪਤੀ ਮੈਕਰੋਂ ਨੂੰ ਮਿਲਣ ਅਤੇ ਇਸ ਹੰਢੀ ਵਰਤੀ ਪਿਛਲੇ 25 ਸਾਲਾਂ ਤੋਂ ਚੱਲੀ ਆ ਰਹੀ ਭਾਈਵਾਲੀ ਨੂੰ ਅੱੱਗੇ ਲਿਜਾਣ ਤੇ ਵੱਖ ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਲਈ ਉਤਸ਼ਾਹਿਤ ਹਾਂ। ਅਸੀਂ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵੀ ਕੰਮ ਕਰਾਂਗੇ।’’ ਦੱਸ ਦੇਈਏ ਕਿ ਸ੍ਰੀ ਮੋਦੀ 14 ਜੁਲਾਈ ਨੂੰ ਫਰਾਂਸ ਦੇ ਕੌਮੀ ਦਿਹਾੜੇ ਮੌਕੇ ਰਾਸ਼ਟਰਪਤੀ ਮੈਕਰੋਂ ਨਾਲ ਪੈਰਿਸ ਵਿੱਚ ਬੈਸਿਲ ਡੇਅ ਜਸ਼ਨਾਂ ਵਿੱਚ ਵਿਸ਼ੇਸ਼ ਵਜੋਂ ਸ਼ਾਮਲ ਹੋਣਗੇ। ਸ੍ਰੀ ਮੋਦੀ ਆਪਣੀ ਫੇਰੀ ਦੌਰਾਨ ਫਰਾਂਸ ਰਹਿੰਦੇ ਭਾਰਤੀ ਭਾਈਚਾਰੇ, ਸੀਈਓਜ਼ ਤੇ ਉੱਘੀਆਂ ਹਸਤੀਆਂ ਨੂੰ ਵੀ ਮਿਲਣਗੇ। ਫੇਰੀ ਦੇ ਪਹਿਲੇ ਦਿਨ ਮੋਦੀ ਨੇ ਆਪਣੇ ਫਰਾਂਸੀਸੀ ਹਮਰੁਤਬਾ ਐਲਿਜ਼ਬੈੱਥ ਬੋਰਨ ਤੇ ਸੈਨੇਟ ਮੁਖੀ ਜੇਰਾਰਡ ਲਾਰਚਰ ਨਾਲ ਬੈਠਕਾਂ ਕੀਤੀਆਂ। ਉਨ੍ਹਾਂ ਯੂਰੋਪੀਅਨ ਮੁਲਕ ਨਾਲ ਰਣਨੀਤਕ ਭਾਈਵਾਲੀ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਬਾਰੇ ਵਿਚਾਰ ਵਟਾਂਦਰਾ ਕੀਤਾ। ਮੋਦੀ ਮਗਰੋਂ ਪੈਰਿਸ ਦੇ ਹੋਟਲ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ। ਹੋਟਲ ਦੇ ਬਾਹਰ ਜੁੜੇ ਭਾਰਤੀ ਭਾਈਚਾਰੇ ਨੇ ਮੋਦੀ ਨਾਲ ਮੁਲਾਕਾਤ ਦੌਰਾਨ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਵੀ ਲਾਏ। ਮੋਦੀ ਮਗਰੋਂ ਫਰਾਂਸੀਸੀ ਲੀਡਰਸ਼ਿਪ, ਸੀਈਓ’ਜ਼ ਤੇ ਉੱਘੀਆਂ ਹਸਤੀਆਂ ਨੂੰ ਵੀ ਮਿਲੇ।