ਮੋਦੀ ਵੱਲੋਂ ਸਕੂਲੀ ਵਿਦਿਆਰਥੀਆਂ ਨਾਲ ਸੰਵਾਦ

ਮੋਦੀ ਵੱਲੋਂ ਸਕੂਲੀ ਵਿਦਿਆਰਥੀਆਂ ਨਾਲ ਸੰਵਾਦ

‘ਵਤਨ ਕੋ ਜਾਨੋੋ-ਯੂਥ ਐਕਸਚੇਂਜ’ ਪ੍ਰੋਗਰਾਮ ਤਹਿਤ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਦੇ ਤਜਰਬੇ ਸੁਣੇ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੰਮੂ ਕਸ਼ਮੀਰ ਦੇ ਤਕਰੀਬਨ ਹਰ ਜ਼ਿਲ੍ਹੇ ਤੋਂ ਸਹੂਲਤਾਂ ਤੋਂ ਵਾਂਝੇ 250 ਦੇ ਕਰੀਬ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਜੋ ‘ਵਤਨ ਕੋ ਜਾਨੋ-ਯੂਥ ਐਕਸਚੇਂਜ’ ਪ੍ਰੋਗਰਾਮ ਤਹਿਤ ਦੇਸ਼ ਦਾ ਦੌਰਾ ਕਰ ਰਹੇ ਹਨ। ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਰੱਖਿਆ ਗਿਆ ਇਹ ਪ੍ਰੋਗਰਾਮ ਗ਼ੈਰ-ਰਸਮੀ ਸੀ। ਇਹ ਵਿਦਿਆਰਥੀ ਕੇਂਦਰ ਸਰਕਾਰ ਦੇ ਪ੍ਰੋਗਰਾਮ ਤਹਿਤ ਜੈਪੁਰ, ਅਜਮੇਰ ਤੇ ਨਵੀਂ ਦਿੱਲੀ ਦਾ ਦੌਰਾ ਕਰ ਰਹੇ ਸਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਇੱਕ ਭਾਰਤ, ਸ੍ਰੇਸ਼ਠ ਭਾਰਤ’ ਦੀ ਭਾਵਨਾ ਵਾਲੀ ਇਸ ਯਾਤਰਾ ਦਾ ਮਕਸਦ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਦੇਸ਼ ਦੀ ਸੰਸਕ੍ਰਿਤੀ ਤੇ ਸਮਾਜਕ ਵੰਨ-ਸੁਵੰਨਤਾ ਤੋਂ ਰੂਬਰੂ ਕਰਾਉਣਾ ਹੈ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯਾਤਰਾ ਦੇ ਤਜਰਬੇ ਤੇ ਉਨ੍ਹਾਂ ਵੱਲੋਂ ਦੇਖੀਆਂ ਗਈਆਂ ਮਸ਼ਹੂਰ ਥਾਵਾਂ ਬਾਰੇ ਪੁੱਛਿਆ ਅਤੇ ਨਾਲ ਹੀ ਜੰਮੂ ਕਸ਼ਮੀਰ ਦੇ ਖੇਡ ਸੱਭਿਆਚਾਰ ਬਾਰੇ ਚਰਚਾ ਕੀਤੀ। ਬਿਆਨ ਅਨੁਸਾਰ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਖੇਡਾਂ ’ਚ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਜਾਣਨਾ ਚਾਹਿਆ ਤੇ ਜੰਮੂ ਕਸ਼ਮੀਰ ਦੀ ਨੌਜਵਾਨ ਤੀਰਅੰਦਾਜ਼ ਸ਼ੀਤਲ ਦੇਵੀ ਦੀ ਮਿਸਾਲ ਦਿੱਤੀ ਜਿਸ ਨੇ ਹਾਂਗਜ਼ੂ ’ਚ ਏਸ਼ਿਆਈ ਪੈਰਾ ਖੇਡਾਂ ’ਚ ਤਿੰਨ ਤਗਮੇ ਜਿੱਤੇ ਸਨ। ਮੋਦੀ ਨੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਦੀ ਪ੍ਰਤਿਭਾ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ’ਚ ਕਿਸੇ ਵੀ ਖੇਤਰ ’ਚ ਮੁਹਾਰਤ ਹਾਸਲ ਕਰਨ ਦੀ ਸਮਰੱਥਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਦੇ ਵਿਕਾਸ ਲਈ ਕੰਮ ਕਰਨ ਤੇ ਯੋਗਦਾਨ ਦੇਣ ਅਤੇ 2047 ਤੱਕ ਵਿਕਸਿਤ ਭਾਰਤ ਦਾ ਸੁਫਨਾ ਸਾਕਾਰ ਕਰਨ ਦੀ ਸਲਾਹ ਦਿੱਤੀ। ਜੰਮੂ ਕਸ਼ਮੀਰ ’ਚ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਦੇ ਨਿਰਮਾਣ ਬਾਰੇ ਮੋਦੀ ਨੇ ਕਿਹਾ ਕਿ ਇਸ ਨਾਲ ਖੇਤਰ ’ਚ ਸੰਪਰਕ ਸੁਧਰੇਗਾ।