ਮੋਦੀ ਵੱਲੋਂ ਗੋਆ ’ਚ ਕੌਮੀ ਖੇਡਾਂ ਦਾ ਉਦਘਾਟਨ

ਮੋਦੀ ਵੱਲੋਂ ਗੋਆ ’ਚ ਕੌਮੀ ਖੇਡਾਂ ਦਾ ਉਦਘਾਟਨ

ਦੇਸ਼ ਭਰ ਵਿਚੋਂ 10,000 ਤੋਂ ਵੱਧ ਅਥਲੀਟ ਲੈ ਰਹੇ ਨੇ ਖੇਡਾਂ ਵਿੱਚ ਹਿੱਸਾ

ਮਡਗਾਓਂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਨੌਂ ਸਾਲਾਂ ਵਿਚ ਖੇਡਾਂ ਦਾ ਬੱਜਟ ਤਿੰਨ ਗੁਣਾ ਤੱਕ ਵਧਾ ਦਿੱਤਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਦੇਸ਼ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਤਿਆਰ ਹੈ। ਇੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ 37ਵੀਆਂ ਕੌਮੀ ਖੇਡਾਂ ਦੇ ਉਦਘਾਟਨੀ ਸਮਾਗਮ ਵਿਚ ਮੋਦੀ ਨੇ ਕਿਹਾ ਕਿ ਗੋਆ ਵਿਚ ਕੌਮੀ ਖੇਡਾਂ ਉਸ ਵੇਲੇ ਹੋ ਰਹੀਆਂ ਹਨ ਜਦ ਭਾਰਤੀ ਖਿਡਾਰੀ ਨਵੀਆਂ ਸਿਖ਼ਰਾਂ ਛੂਹ ਰਹੇ ਹਨ। ਕੌਮੀ ਖੇਡਾਂ ਗੋਆ ਵਿਚ 26 ਅਕਤੂਬਰ ਤੋਂ 9 ਨਵੰਬਰ ਤੱਕ ਹੋ ਰਹੀਆਂ ਹਨ। ਪੂਰੇ ਦੇਸ਼ ਵਿਚੋਂ 10,000 ਤੋਂ ਵੱਧ ਅਥਲੀਟ ਵੱਖ-ਵੱਖ ਖੇਡਾਂ ਵਿਚ ਹਿੱਸਾ ਲੈਣਗੇ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਖਿਡਾਰੀਆਂ ਦੀ ਵਿੱਤੀ ਸਹਾਇਤਾ ਵੀ ਕੀਤੀ ਜਾ ਰਹੀ ਹੈ। ਮੋਦੀ ਨੇ ਕਿਹਾ ਕਿ ਦੇਸ਼ ਵਿਚ ਖੇਡ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ, ਤੇ ਦੇਸ਼ ਨੇ ਕਈ ਖੇਡ ਚੈਂਪੀਅਨ ਪੈਦਾ ਕੀਤੇ ਹਨ। ਉਨ੍ਹਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ।