ਮੋਦੀ ਵੱਲੋਂ ਕੀਤੀ ਲੋਕ ਭਲਾਈ ਗਾਂਧੀ ਦੇ ਆਦਰਸ਼ਾਂ ਤੋਂ ਪ੍ਰੇਰਿਤ: ਰਾਜਨਾਥ

ਮੋਦੀ ਵੱਲੋਂ ਕੀਤੀ ਲੋਕ ਭਲਾਈ ਗਾਂਧੀ ਦੇ ਆਦਰਸ਼ਾਂ ਤੋਂ ਪ੍ਰੇਰਿਤ: ਰਾਜਨਾਥ

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਵੱਲੋਂ ਕੀਤੇ ਗਏ ਸਾਰੇ ਕੰਮ ਵੱਡੀ ਪੱਧਰ ’ਤੇ ਮਹਾਤਮਾ ਗਾਂਧੀ ਦੇ ਆਦਰਸ਼ਾਂ ਤੋਂ ਪ੍ਰੇਰਿਤ ਹਨ।

ਕੌਮੀ ਰਾਜਧਾਨੀ ਵਿੱਚ ਅੱਜ ‘ਦਲਿਤ ਸਨਮਾਨ ਸਮਾਰੋਹ’ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ, ‘‘ਗਾਂਧੀ ਜੀ ਸਾਰੇ ਦੇਸ਼ ਵਾਸੀਆਂ ਦੇ ਦਿਲ ਤੇ ਦਿਮਾਗ ਵਿੱਚ ਹਨ। ਦੇਸ਼ ਤੇ ਦੁਨੀਆਂ ਵਿੱਚ ਹਰੇਕ ਵਿਅਕਤੀ ਬਾਪੂ ਦੇ ਵਿਚਾਰਾਂ, ਸਿਧਾਂਤਾਂ ਤੇ ਸੱਚ ਲਈ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਖੋਜ ਬਾਰੇ ਜਾਣਦਾ ਹੈ। ਉਹ 154 ਸਾਲ ਪਹਿਲਾਂ 2 ਅਕਤੂਬਰ ਨੂੰ ਇਸ ਦੁਨੀਆਂ ਵਿੱਚ ਆਏ ਸਨ। ਮੇਰੇ ਲਈ 2 ਅਕਤੂਬਰ ਸਿਰਫ ਇਕ ਵਿਅਕਤੀ ਦਾ ਜਨਮ ਦਿਨ ਨਹੀਂ ਹੈ ਬਲਕਿ ਸਾਡੇ ਇਤਿਹਾਸ ਦਾ ਇਕ ਅਧਿਆਏ ਹੈ। ਇਹ ਇਕ ਯੁੱਗ ਦੀ ਨਿਸ਼ਾਨਦੇਹੀ ਕਰਦਾ ਹੈ।’’ ਰਾਜਨਾਥ ਸਿੰਘ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਾਡੇ ਵੱਲੋਂ ਕੀਤੇ ਗਏ ਕੰਮ ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਪ੍ਰੇਰਿਤ ਹਨ। ਹਾਲਾਂਕਿ, ਸਾਡੇ ਬੈਂਕ ਸਾਡੇ ਸੱਤਾ ਵਿੱਚ ਆਉਣ ਤੋਂ ਕਾਫੀ ਸਮਾਂ ਪਹਿਲਾਂ ਕੌਮੀਕ੍ਰਿਤ ਹੋ ਚੁੱਕੇ ਸਨ ਪਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹਰੇਕ ਘਰ ਦਾ ਇਕ ਮੈਂਬਰ ਬੈਂਕ ਵਿੱਚ ਆਪਣਾ ਖ਼ੁਦ ਦਾ ਖਾਤਾ ਨਹੀਂ ਸੀ ਖੋਲ੍ਹ ਸਕਦਾ।’’ ਇਸ ਮੌਕੇ ਰੱਖਿਆ ਮੰਤਰੀ ਨੇ ਰਾਜਘਾਟ ਵਿੱਚ ਮਹਾਤਮਾ ਗਾਂਧੀ ਦੇ ਇਕ ਬੁੱਤ ਤੋਂ ਪਰਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾ ਕਦਮ ‘ਸਵੱਛਤਾ ਅਭਿਆਨ’ ਦੇ ਤੌਰ ’ਤੇ ਉਠਾਇਆ। ਇਹ ਸਾਰੇ ਜਾਣਦੇ ਹਨ ਕਿ ਗਾਂਧੀ ਜੀ ਸਾਰੀ ਉਮਰ ਸਫਾਈ ਪ੍ਰਤੀ ਸੁਚੇਤ ਰਹੇ। ਮੇਰਾ ਮੰਨਣਾ ਹੈ ਕਿ ਗਾਂਧੀ ਜੀ ਤੋਂ ਬਾਅਦ ਆਈਆਂ ਸਰਕਾਰਾਂ ਨੇ ਉਨ੍ਹਾਂ ਦੇ ਆਦਰਸ਼ਾਂ ਨੂੰ ਭੁਲਾ ਦਿੱਤਾ ਸੀ ਪਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਦੀ ਇਸ ਗੱਲੋਂ ਸ਼ਲਾਘਾ ਕਰਨੀ ਬਣਦੀ ਹੈ ਕਿ ਇਸ ਨੇ ਲੋਕ ਭਲਾਈ ਦੇ ਕੰਮਾਂ ਰਾਹੀਂ ਬਾਪੂ ਦੀ ਵਿਚਾਰਧਾਰਾ ਨੂੰ ਅੱਗੇ ਵਧਾਇਆ। ਇਸ ਦੌਰਾਨ ਸੀਨੀਅਰ ਭਾਜਪਾ ਆਗੂ ਨੇ ਹੋਰਾਂ ਨਾਲ ਜ਼ਮੀਨ ’ਤੇ ਬੈਠ ਕੇ ਖਾਣਾ ਖਾਧਾ।