ਮੋਦੀ ਮੰਤਰ ਦੀ ਪੂਰੇ ਵਿਸ਼ਵ ਵਿੱਚ ਗੂੰਜ: ਯੋਗੀ

ਮੋਦੀ ਮੰਤਰ ਦੀ ਪੂਰੇ ਵਿਸ਼ਵ ਵਿੱਚ ਗੂੰਜ: ਯੋਗੀ

2024 ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਭਾਜਪਾ ਵਰਕਰਾਂ ਨੂੰ ਨਸੀਹਤਾਂ ਦਿੱਤੀਆਂ
ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ‘ਮੋਦੀ ਹੈ ਤੋੋਂ ਮੁਮਕਿਨ ਹੈ’ ਦਾ ਮੰਤਰ ਹੁਣ ਸਿਰਫ਼ ਭਾਰਤ ਤੱਕ ਸੀਮਤ ਨਹੀਂ ਬਲਕਿ ਆਲਮੀ ਪੱਧਰ ਤੱਕ ਫੈਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਮਿਲੀ ਜੀ-20 ਸਮੂਹ ਦੀ ਪ੍ਰਧਾਨਗੀ ਇਸ ਦਾ ਜਿਊਂਦਾ ਜਾਗਦਾ ਸਬੂਤ ਹੈ। ਸ੍ਰੀ ਯੋਗੀ 2024 ਦੀਆਂ ਆਮ ਚੋਣਾਂ ਲਈ ਹੁਣ ਤੋਂ ਹੀ ਕਮਰਕੱਸੇ ਕਰਨ ਸਬੰਧੀ ਭਾਜਪਾ ਵਰਕਰਾਂ ਨੂੰ ਨਸੀਹਤ ਦੇ ਰਹੇ ਸਨ। ਜੀ-20 ਅੰਤਰ-ਸਰਕਾਰੀ ਸਮੂਹ ਹੈ, ਜਿਸ ਦੇ 19 ਮੈਂਬਰ ਮੁਲਕਾਂ ਵਿੱਚ ਯੂਰੋਪੀਅਨ ਸੰਘ ਦੇ ਦੇਸ਼ ਵੀ ਸ਼ਾਮਲ ਹਨ। ਹਰੇਕ ਮੈਂਬਰ ਨੂੰ ਇਕ ਸਾਲ ਲਈ ਸਮੂਹ ਦੀ ਪ੍ਰਧਾਨਗੀ ਮਿਲਦੀ ਹੈ। ਭਾਰਤ ਤੋੋਂ ਪ੍ਰਧਾਨਗੀ ਦੀ ਕਮਾਨ ਅੱਗੇ ਬ੍ਰਾਜ਼ੀਲ ਹੱਥ ਜਾਵੇਗੀ।

ਆਦਿੱਤਿਆਨਾਥ ਨੇ ਕਿਹਾ, ‘‘ਵਿਸ਼ਵ ਦੇ ਕਿਸੇ ਵੀ ਹਿੱਸੇ ’ਚ ਜਦੋਂ ਕਦੇ ਕੋਈ ਸੰਕਟ ਹੁੰਦਾ ਹੈ, ਹਰ ਕੋਈ ਇਕ ਆਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਵੇਖਦਾ ਹੈ। ਸਾਲ 2019 ਵਿੱਚ ਦਿੱਤਾ ਗਿਆ ਨਾਅਰਾ- ‘ਮੋਦੀ ਹੈ ਤੋਂ ਮੁਮਕਿਨ ਹੈ’, ਅੱਜ ਸਿਰਫ਼ ਭਾਰਤ ਦਾ ਹੀ ਨਾਅਰਾ ਨਹੀਂ ਬਲਕਿ ਆਲਮੀ ਮੰਤਰ ਹੈ ਤੇ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਮਿਲਣਾ ਇਸ ਦੀ ਮਿਸਾਲ ਹੈ।’’ ਇਥੇ ਇੰਦਰਾ ਗਾਂਧੀ ਪ੍ਰਤਿਸ਼ਠਾਨ ਵਿੱਚ ਭਾਜਪਾ ਦੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਦੇ ਉਦਘਾਟਨੀ ਸੈਸ਼ਨ ਨੂੰ ਸੰਬੋੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਮੋਦੀ ਨੇ ਹਰੇਕ ਭਾਰਤੀ ਨੂੰ ਜੀ-20 ਨਾਲ ਜੋੜਿਆ ਹੈ। ਜੀ-20 ਨਾਲ ਸਬੰਧਤ 11 ਕਾਨਫਰੰਸਾਂ ਆਗਰਾ, ਲਖਨਊ, ਵਾਰਾਨਸੀ ਤੇ ਗੌਤਮਬੁੱਧ ਨਗਰ ਵਿੱਚ ਹੋਣਗੀਆਂ।’’ ਉਨ੍ਹਾਂ 10 ਤੇ 12 ਫਰਵਰੀ ਨੂੰ ਯੂਪੀ ’ਚ ਹੋਣ ਵਾਲੇ ਆਲਮੀ ਨਿਵੇਸ਼ਕ ਵਾਰਤਾ ਦੇ ਹਵਾਲੇ ਨਾਲ ਕਿਹਾ ਕਿ ਸੂਬਾ ਨਵੇਂ ਨਿਵੇਸ਼ ਦੀ ਮੰਜ਼ਿਲ ਵਜੋਂ ਉਭਰਿਆ ਹੈ ਤੇ ਹਰੇਕ ਭਾਜਪਾ ਵਰਕਰ ਨੂੰ ਅੱਗੇ ਆਉਣ ਦੀ ਲੋੜ ਹੈ। ਮੀਟਿੰਗ ਵਿੱਚ ਉਪ ਮੁੱਖ ਮੰਤਰੀਆਂ ਕੇਸ਼ਵ ਪ੍ਰਸਾਦ ਮੌਰੀਆ ਤੇ ਬ੍ਰਜੇਸ਼ ਪਾਠਕ, ਕੇਂਦਰੀ ਮੰਤਰੀ ਵੀ.ਕੇ.ਸਿੰਘ, ਸੰਜੀਵ ਬਾਲਿਆਨ, ਕੌਸ਼ਲ ਕਿਸ਼ੋਰ, ਸਾਧਵੀ ਨਿਰੰਜਨ ਜਿਓਤੀ ਤੇ ਭਾਨੂ ਪ੍ਰਤਾਪ ਵਰਮਾ ਆਦਿ ਹਾਜ਼ਰ ਸਨ।

ਇਸ ਦੌਰਾਨ ਯੂਪੀ ਭਾਜਪਾ ਵਰਕਿੰਗ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ, ਸਮਾਜਵਾਦੀ ਪਾਰਟੀ ਦੇ ਬਾਨੀ ਮੁਲਾਇਮ ਸਿੰਘ ਯਾਦਵ ਤੇ ਸਾਬਕਾ ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਦੇ ਪਿਛਲੇ ਦਿਨਾਂ ਵਿੱਚ ਹੋਏ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਸੋਗ ਮਤੇ ਵੀ ਰੱਖੇ। ਮੀਟਿੰਗ ਦੇ ਦੂਜੇ ਸੈਸ਼ਨ ਦੀ ਸ਼ੁਰੂਆਤ ਮੌਕੇ ਇਹ ਮਤੇ ਰੱਖੇ ਗਏ।