ਮੋਦੀ ਨੇ ਸੂਡਾਨ ’ਚ ਫਸੇ ਭਾਰਤੀਆਂ ਬਾਰੇ ਲਈ ਜਾਣਕਾਰੀ

ਮੋਦੀ ਨੇ ਸੂਡਾਨ ’ਚ ਫਸੇ ਭਾਰਤੀਆਂ ਬਾਰੇ ਲਈ ਜਾਣਕਾਰੀ

ਹਿੰਸਾਗ੍ਰਸਤ ਮੁਲਕ ’ਚੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦੀ ਯੋਜਨਾ ਬਣਾਉਣ ਦੇ ਦਿੱਤੇ ਨਿਰਦੇਸ਼

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਚ ਪੱਧਰੀ ਮੀਟਿੰਗ ਕਰਕੇ ਹਿੰਸਾ ਪ੍ਰਭਾਵਿਤ ਸੂਡਾਨ ’ਚ ਭਾਰਤੀਆਂ ਦੇ ਹਾਲਾਤ ਦੀ ਸਮੀਖਿਆ ਕੀਤੀ। ਵਰਚੁਅਲੀ ਹੋਈ ਮੀਟਿੰਗ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਹਵਾਈ ਫ਼ੌਜ ਅਤੇ ਜਲ ਸੈਨਾ ਦੇ ਮੁਖੀ, ਵਿਦੇਸ਼ ਤੇ ਰੱਖਿਆ ਮੰਤਰਾਲੇ ਦੇ ਸਿਖਰਲੇ ਅਧਿਕਾਰੀ ਅਤੇ ਸੀਨੀਅਰ ਕੂਟਨੀਤਕ ਹਾਜ਼ਰ ਸਨ। ਜੈਸ਼ੰਕਰ ਇਸ ਸਮੇਂ ਗੁਆਨਾ ਦੇ ਦੌਰੇ ’ਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੂਡਾਨ ਦੇ ਹਾਲਾਤ ’ਤੇ ਨੇੜਿਉਂ ਨਜ਼ਰ ਰੱਖਣ ਅਤੇ ਚੌਕਸ ਰਹਿਣ। ਉਨ੍ਹਾਂ ਉਥੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦਾ ਮੁਲਾਂਕਣ ਕਰਨ ਲਈ ਵੀ ਕਿਹਾ। ਸ੍ਰੀ ਮੋਦੀ ਨੇ ਅਧਿਕਾਰੀਆਂ ਨੂੰ ਤੇਜ਼ੀ ਨਾਲ ਬਦਲਦੇ ਸੁਰੱਖਿਆ ਹਾਲਾਤ ਅਤੇ ਵੱਖ ਵੱਖ ਬਦਲਾਂ ਦੀ ਵਿਹਾਰਕਤਾ ਨੂੰ ਧਿਆਨ ’ਚ ਰਖਦਿਆਂ ਹੰਗਾਮੀ ਹਾਲਾਤ ’ਚ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦੀ ਯੋਜਨਾ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਬਿਆਨ ’ਚ ਕਿਹਾ ਗਿਆ ਕਿ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਸੂਡਾਨ ’ਚ ਇਕ ਭਾਰਤੀ ਨਾਗਰਿਕ ਦੇ ਮਾਰੇ ਜਾਣ ’ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਸੂਡਾਨ ਦੇ ਨਾਲ ਨਾਲ ਖ਼ਿੱਤੇ ਦੇ ਗੁਆਂਢੀ ਮੁਲਕਾਂ ਨਾਲ ਵੀ ਸੰਪਰਕ ਬਣਾਈ ਰੱਖਣ ਦੇ ਮਹੱਤਵ ’ਤੇ ਜ਼ੋਰ ਦਿੱਤਾ ਜਿਥੇ ਵੱਡੀ ਗਿਣਤੀ ’ਚ ਭਾਰਤੀ ਵਸਦੇ ਹਨ। ਭਾਰਤ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਸੂਡਾਨ ’ਚ ਭਾਰਤੀਆਂ ਦੀ ਸੁਰੱਖਿਆ ਤੇ ਸਲਾਮਤੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੂੰ ਸੂਡਾਨ ’ਚੋਂ ਸੁਰੱਖਿਅਤ ਕੱਢਣ ਬਾਰੇ ਵੀ ਵਿਚਾਰਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਸੀ ਕਿ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਮਰੀਕਾ, ਬ੍ਰਿਟੇਨ, ਸਾਊਦੀ ਅਰਬ ਅਤੇ ਮਿਸਰ ਸਮੇਤ ਵੱਖ ਵੱਖ ਮੁਲਕਾਂ ਨਾਲ ਤਾਲਮੇਲ ਬਣਾਇਆ ਹੋਇਆ ਹੈ। ਸੂਡਾਨ ਦੀ ਰਾਜਧਾਨੀ ਖਰਤੂਮ ਸਮੇਤ ਦੇਸ਼ ਦੇ ਹੋਰ ਹਿੱਸਿਆਂ ’ਚ ਹੋਈ ਹਿੰਸਾ ਦੌਰਾਨ ਇਕ ਭਾਰਤੀ ਸਮੇਤ 300 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਸੂਡਾਨ ਦੀ ਫ਼ੌਜ ਤੇ ਨੀਮ ਫ਼ੌਜੀ ਬਲ ਰੈਪਿਡ ਸਪੋਰਟ ਫੋਰਸਿਜ਼ ਵਿਚਾਲੇ ਟਕਰਾਅ ਕਾਰਨ ਦੇਸ਼ ਦੇ ਹਾਲਾਤ ਵਿਗੜੇ ਹਨ।

ਅਫ਼ਸਰਾਂ ਦੇ ਹਰੇਕ ਫ਼ੈਸਲੇ ਦਾ ਆਧਾਰ ਕੌਮੀ ਹਿੱਤ ਹੋਵੇ: ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਸਰਸ਼ਾਹੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਹਰੇਕ ਫ਼ੈਸਲੇ ਦਾ ਆਧਾਰ ਕੌਮੀ ਹਿੱਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁਲਕ ਨੇ ਅਫ਼ਸਰਾਂ ’ਤੇ ਭਰੋਸਾ ਜਤਾਇਆ ਹੁੰਦਾ ਹੈ ਅਤੇ ਉਨ੍ਹਾਂ ਨੂੰ ਇਹ ਭਰੋਸਾ ਕਾਇਮ ਰੱਖਣਾ ਚਾਹੀਦਾ ਹੈ।

ਸਿਵਲ ਸਰਵਿਸਿਜ਼ ਦਿਵਸ ਮੌਕੇ ਇਥੇ ਅਫ਼ਸਰਸ਼ਾਹੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਹਰ ਫ਼ੈਸਲੇ ਤੋਂ ਪਹਿਲਾਂ ਇਨ੍ਹਾਂ ਸਵਾਲਾਂ ਬਾਰੇ ਜ਼ਰੂਰ ਸੋਚਣ ਕਿ ਸੱਤਾ ’ਚ ਬੈਠੀਆਂ ਸਿਆਸੀ ਪਾਰਟੀਆਂ ਸਰਕਾਰੀ ਪੈਸੇ ਦੀ ਵਰਤੋਂ ਦੇਸ਼ ਦੇ ਵਿਕਾਸ ’ਚ ਕਰ ਰਹੀਆਂ ਹਨ ਜਾਂ ਆਪਣੀ ਪਾਰਟੀ ਦੇ ਵਿਸਥਾਰ ਜਾਂ ਫਿਰ ਵੋਟ ਬੈਂਕ ਬਣਾਉਣ ਦੀਆਂ ਕੋਸ਼ਿਸ਼ਾਂ ’ਚ ਉਹ ਉਸ ਨੂੰ ਲੁਟਾ ਰਹੀਆਂ ਹਨ। ਉਨ੍ਹਾਂ ਰਾਸ਼ਟਰ ਨਿਰਮਾਣ ’ਚ ਅਫ਼ਸਰਸ਼ਾਹੀ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੇਸ਼ ਦਾ ਤੇਜ਼ੀ ਨਾਲ ਵਿਕਾਸ ਉਨ੍ਹਾਂ ਦੀ ਹਿੱਸੇਦਾਰੀ ਤੋਂ ਬਿਨਾਂ ਸੰਭਵ ਨਹੀਂ ਹੋਵੇਗਾ। ਕਰੀਬ 33 ਮਿੰਟ ਦੇ ਭਾਸ਼ਨ ਦੌਰਾਨ ਸ੍ਰੀ ਮੋਦੀ ਨੇ ਕਿਹਾ,‘‘ਦੁਨੀਆ ਆਖ ਰਹੀ ਹੈ ਕਿ ਭਾਰਤ ਦਾ ਸਮਾਂ ਆ ਗਿਆ ਹੈ ਤਾਂ ਅਫ਼ਸਰਸ਼ਾਹੀ ਲਈ ਸਮਾਂ ਬਰਬਾਦ ਕਰਨ ਦਾ ਵੇਲਾ ਨਹੀਂ ਹੈ। ਤੁਹਾਡੇ ਸਾਰੇ ਫ਼ੈਸਲਿਆਂ ਦਾ ਆਧਾਰ ਹਮੇਸ਼ਾ ਕੌਮੀ ਹਿੱਤ ਹੋਣਾ ਚਾਹੀਦਾ ਹੈ।’’ ਇਸ ਵਰ੍ਹੇ ਦੇ ਸਿਵਲ ਸਰਵਿਸਿਜ਼ ਦਿਵਸ ਦੇ ਵਿਸ਼ੇ ‘ਵਿਕਸਤ ਭਾਰਤ’ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਧਾਰਨਾ ਆਧੁਨਿਕ ਬੁਨਿਆਦੀ ਢਾਂਚੇ ਤੱਕ ਸੀਮਤ ਨਹੀਂ ਹੈ।

ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਨਾਅਰਾ ‘ਰਾਸ਼ਟਰ ਪ੍ਰਥਮ, ਨਾਗਰਿਕ ਪ੍ਰਥਮ’ ਹੈ ਅਤੇ ਉਨ੍ਹਾਂ ਦੀ ਤਰਜੀਹ ਹਾਸ਼ੀਏ ’ਤੇ ਧੱਕੇ ਲੋਕਾਂ ਨੂੰ ਉਪਰ ਚੁੱਕਣਾ ਹੈ। ਇਸ ਮੌਕੇ ਮੋਦੀ ਨੇ ਲੋਕ ਪ੍ਰਸ਼ਾਸਨ ਦੇ ਖੇਤਰ ’ਚ ਮਿਸਾਲੀ ਸੇਵਾਵਾਂ ਦੇਣ ਲਈ ਅਧਿਕਾਰੀਆਂ ਨੂੰ ਪੁਰਸਕਾਰ ਵੀ ਪ੍ਰਦਾਨ ਕੀਤੇ। ਉਨ੍ਹਾਂ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਦੇ ਸ਼ਬਦਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਲੋਕ ਸੇਵਕਾਂ ਨੂੰ ‘ਸਟੀਲ ਫਰੇਮ ਆਫ਼ ਇੰਡੀਆ’ ਆਖਦੇ ਸਨ।

ਉਨ੍ਹਾਂ ਪਿਛਲੀਆਂ ਸਰਕਾਰਾਂ ਦੇ ਭ੍ਰਿਸ਼ਟਾਚਾਰ ’ਤੇ ਵਰ੍ਹਦਿਆਂ ਕਿਹਾ ਕਿ ਪਹਿਲਾਂ ਚਾਰ ਕਰੋੜ ਫਰਜ਼ੀ ਗੈਸ ਕੁਨੈਕਸ਼ਨ ਸਨ, ਚਾਰ ਕਰੋੜ ਫਰਜ਼ੀ ਰਾਸ਼ਨ ਕਾਰਡ ਅਤੇ ਇਕ ਕਰੋੜ ਮਹਿਲਾਵਾਂ ਤੇ ਬੱਚਿਆਂ ਨੂੰ ਸਹਾਇਤਾ ਮਿਲ ਰਹੀ ਸੀ। ਉਨ੍ਹਾਂ ਕਿਹਾ ਕਿ ਮਗਨਰੇਗਾ ਤਹਿਤ ਲੱਖਾਂ ਫਰਜ਼ੀ ਖਾਤੇ ਸਨ। ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਸਦਕਾ ਹੀ ਤਿੰਨ ਲੱਖ ਕਰੋੜ ਰੁਪਏ ਗਲਤ ਹੱਥਾਂ ’ਚ ਜਾਣ ਤੋਂ ਬਚ ਗਏ ਹਨ ਅਤੇ ਇਹ ਰਕਮ ਹੁਣ ਗਰੀਬਾਂ ਦੀ ਭਲਾਈ ’ਤੇ ਖ਼ਰਚੀ ਜਾ ਰਹੀ ਹੈ।