ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

ਨਵੀਂ ਦਿੱਲੀ : ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ ਲਿਆ। ਉਹ ਅਜਿਹੇ ਮੰਤਰੀ ਮੰਡਲ ਦੀ ਪ੍ਰਧਾਨਗੀ ਕਰ ਰਹੇ ਹਨ ਜਿਸ ਵੱਲੋਂ ਨਿਰੰਤਰਤਾ ਤੇ ਤਜਰਬੇ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਵਿੱਚ ਆਪਣੀਆਂ ਭਾਈਵਾਲ ਪਾਰਟੀਆਂ ਨੂੰ ਵੀ ਨੁਮਾਇੰਦਗੀ ਦਿੱਤੀ ਜਾ ਰਹੀ ਹੈ। ਇਸ ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੀ ਹਾਜ਼ਰ ਸਨ ਜਦਕਿ ਵਿਰੋਧੀ ਧਿਰ ਦੇ ਹੋਰ ਆਗੂ ਗੈਰ-ਹਾਜ਼ਰ ਰਹੇ।
ਰਾਸ਼ਟਰਪਤੀ ਭਵਨ ਵਿੱਚ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਮੋਦੀ ਦੇ ਨਾਲ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਨਿਰਮਲਾ ਸੀਤਾਰਾਮਨ ਅਤੇ ਐੱਸ ਜੈਸ਼ੰਕਰ ਸਣੇ ਸਾਰੇ ਸੀਨੀਅਰ ਭਾਜਪਾ ਆਗੂਆਂ (ਜੋ ਕਿ ਮੋਦੀ ਦੇ ਪ੍ਰਧਾਨ ਮੰਤਰੀ ਵਜੋਂ ਦੂਜੇ ਕਾਰਜਕਾਲ ਵਿੱਚ ਵੀ ਮੰਤਰੀ ਸਨ) ਨੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੋਦੀ ਅਤੇ 30 ਕੈਬਨਿਟ ਮੰਤਰੀਆਂ ਨੂੰ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸਮਾਰੋਹ ਦੌਰਾਨ ਚਿੱਟੇ ਕੁੜਤੇ ਤੇ ਚੂੜੀਦਾਰ ਪਜਾਮੀ ਦੇ ਨਾਲ ਨੀਲੀ ਜੈਕਟ ਵਿੱਚ ਮੋਦੀ (73) ਨੇ ਅਹੁਦੇ ਦੀ ਸਹੁੰ ਚੁੱਕੀ। ਸਾਬਕਾ ਪ੍ਰਧਾਨ ਮੰਤਰੀ ਮਰਹੂਮ ਜਵਾਹਰ ਲਾਲ ਨਹਿਰੂ ਤੋਂ ਬਾਅਦ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਦੂਜੇ ਆਗੂ ਹਨ। ਮੋਦੀ 3.0 ਸਰਕਾਰ ਵਿੱਚ 33 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ ਅਤੇ ਘੱਟੋ-ਘੱਟ ਛੇ ਅਜਿਹੀਆਂ ਸ਼ਖ਼ਸੀਅਤਾਂ ਹਨ ਜੋ ਕਿ ਮਸ਼ਹੂਰ ਸਿਆਸੀ ਪਰਿਵਾਰਾਂ ਨਾਲ ਸਬੰਧਤ ਹਨ।
ਹਾਲ ਹੀ ਵਿੱਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਹੀ, ਜਿਸ ਕਾਰਨ ਉਸ ਨੂੰ ਭਾਈਵਾਲ ਪਾਰਟੀਆਂ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਇਨ੍ਹਾਂ ਭਾਈਵਾਲ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਵੀ ਕੈਬਨਿਟ ਮੰਤਰੀਆਂ ਵਜੋਂ ਹਲਫ਼ ਲਿਆ। ਇਨ੍ਹਾਂ ਭਾਈਵਾਲ ਪਾਰਟੀਆਂ ਦੇ ਆਗੂਆਂ ਵਿੱਚ ਜੇਡੀ (ਐੱਸ) ਆਗੂ ਐੱਚ.ਡੀ. ਕੁਮਾਰਸਵਾਮੀ, ਐੱਚਏਐੱਮ (ਸੈਕੁਲਰ) ਦੇ ਮੁਖੀ ਜਿਤਿਨ ਰਾਮ ਮਾਂਝੀ, ਜੇਡੀ (ਯੂ) ਆਗੂ ਰਾਜੀਵ ਰੰਜਨ ਸਿੰਘ ‘ਲਲਨ’, ਟੀਡੀਪੀ ਦੇ ਕੇ ਰਾਮ ਮੋਹਨ ਨਾਇਡੂ ਅਤੇ ਐੱਲਜੇਪੀ-ਆਰਵੀ ਆਗੂ ਚਿਰਾਗ ਪਾਸਵਾਨ ਸ਼ਾਮਲ ਹਨ। ਇਨ੍ਹਾਂ ਪੰਜ ਭਾਈਵਾਲ ਪਾਰਟੀਆਂ ਨੂੰ ਇਕ ਇਕ ਕੈਬਨਿਟ ਰੈਂਕ ਮਿਲਿਆ ਹੈ।
ਭਾਜਪਾ ਪ੍ਰਧਾਨ ਜੇਪੀ ਨੱਢਾ ਦੀ ਪੰਜ ਸਾਲਾਂ ਬਾਅਦ ਮੰਤਰੀ ਮੰਡਲ ਵਿੱਚ ਵਾਪਸੀ ਹੋਈ ਹੈ ਜਦਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੋਦੀ ਮੰਤਰੀ ਮੰਡਲ ਵਿੱਚ ਨਵੇਂ ਚਿਹਰੇ ਹਨ। ਭਾਜਪਾ ਆਗੂ ਪ੍ਰਿਯੂਸ਼ ਗੋਇਲ, ਜਯੋਤਿਰਦਿੱਤਿਆ ਸਿੰਧੀਆ, ਧਰਮੇਂਦਰ ਪ੍ਰਧਾਨ ਅਤੇ ਭੁਪੇਂਦਰ ਯਾਦਵ ਜੋ ਕਿ ਪਹਿਲਾਂ ਰਾਜ ਸਭਾ ਮੈਂਬਰ ਸਨ ਪਰ ਹੁਣ ਚੁਣ ਕੇ ਲੋਕ ਸਭਾ ਵਿੱਚ ਆਏ ਹਨ, ਨੂੰ ਵੀ ਮੰਤਰੀਆਂ ਦੇ ਅਹੁਦੇ ’ਤੇ ਕਾਇਮ ਰੱਖਿਆ ਗਿਆ ਹੈ। ਇਸ ਦੌਰਾਨ ਨਵੀਂ ਬਣੀ ਐੱਨਡੀਏ ਸਰਕਾਰ ਵਿੱਚ ਕਰਨਾਟਕ ਦੇ ਪੰਜ ਮੰਤਰੀ ਬਣੇ ਹਨ ਜਦਕਿ ਪਿਛਲੀ ਸਰਕਾਰ ਵਿੱਚ ਸੂਬੇ ਤੋਂ ਤਿੰਨ ਮੰਤਰੀ ਸਨ।
ਕੈਬਨਿਟ ਮੰਤਰੀ ਵਜੋਂ ਹਲਫ਼ ਲੈਣ ਵਾਲਿਆਂ ਵਿੱਚ ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ, ਅਸ਼ਵਨੀ ਵੈਸ਼ਨਵ, ਵਿਰੇਂਦਰ ਕੁਮਾਰ, ਪ੍ਰਹਿਲਾਦ ਜੋਸ਼ੀ, ਗਿਰੀਰਾਜ ਸਿੰਘ, ਜੁਆਲ ਓਰਮ, ਗੁਜਰਾਤ ਭਾਜਪਾ ਦੇ ਪ੍ਰਧਾਨ ਸੀਆਰ ਪਾਟਿਲ, ਮਨਸੁੱਖ ਮਾਂਡਵੀਆ, ਜੀ ਕਿਸ਼ਨ ਰੈੱਡੀ, ਹਰਦੀਪ ਸਿੰਘ ਪੁਰੀ, ਕਿਰਨ ਰਿਜਿਜੂ, ਅੰਨਪੂਰਨਾ ਦੇਵੀ ਅਤੇ ਗਜੇਂਦਰ ਸਿੰਘ ਸ਼ੇਖਾਵਤ ਸ਼ਾਮਲ ਹਨ। ਇਸ ਸਮਾਰੋਹ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਖੜ, ਟੀਡੀਪੀ ਦੇ ਮੁਖੀ ਚੰਦਰਬਾਬੂ ਨਾਇਡੂ ਅਤੇ ਜੇਡੀ (ਯੂ) ਦੇ ਮੁਖੀ ਨਿਤੀਸ਼ ਕੁਮਾਰ ਵੀ ਹਾਜ਼ਰ ਸਨ। ਮੋਦੀ ਨੂੰ ਤੀਜੇ ਕਾਰਜਕਾਲ ਵਿੱਚ ਲੋਕ ਫ਼ਤਵਾ ਪਹਿਲੇ ਦੋ ਕਾਰਜਕਾਲਾਂ ਵਾਂਗ ਨਹੀਂ ਮਿਲਿਆ ਹੈ। ਇਸ ਵਾਰ ਲੋਕ ਸਭਾ ਚੋਣਾਂ ਵਿੱਚ ਭਾਜਪਾ ਆਪਣੇ ਜ਼ੋਰ ’ਤੇ ਬਹੁਮਤ ਹਸਲ ਕਰਨ ਵਿੱਚ ਅਸਫ਼ਲ ਰਹੀ। ਲੋਕ ਸਭਾ ਚੋਣਾਂ ਵਿੱਚ ਕਾਂਗਰਸ ਤੇ ‘ਇੰਡੀਆ’ ਗੱਠਜੋੜ ਦੀਆਂ ਹੋਰ ਭਾਈਵਾਲ ਪਾਰਟੀਆਂ ਵੱਲੋਂ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਰਗੇ ਸੂਬਿਆਂ ਵਿੱਚ ਕੀਤੇ ਗਏ ਪ੍ਰਦਰਸ਼ਨ ਨਾਲ ਭਾਜਪਾ ਸਦਮੇ ਵਿੱਚ ਹੈ। ਇਨ੍ਹਾਂ ਦੋਵੇਂ ਸੂਬਿਆਂ ਵਿੱਚ ਭਾਜਪਾ ਦਾ ਕਾਫੀ ਆਧਾਰ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿੱਚ ਭਾਜਪਾ ਨੂੰ ਮਿਲੀਆਂ 240 ਸੀਟਾਂ ਕਾਰਨ ਪਾਰਟੀ ਦੇ ਕੱਟੜ ਸਮਰਥਕਾਂ ਨੂੰ ਨਿਰਾਸ਼ਾ ਝੱਲਣੀ ਪਈ ਅਤੇ ਵਿਰੋਧੀ ਪਾਰਟੀਆਂ ਨੇ ਇਸ ਨੂੰ ਮੋਦੀ ਦੀ ‘ਨੈਤਿਕ ਹਾਰ’ ਕਰਾਰ ਦਿੱਤਾ। ਕਾਂਗਰਸ ਨੂੰ ਇਨ੍ਹਾਂ ਚੋਣਾਂ ਵਿੱਚ 99 ਸੀਟਾਂ ਮਿਲੀਆਂ। ਹਾਲਾਂਕਿ, ਇਹ ਭਾਜਪਾ ਦੀ ਵਿਸ਼ਾਲ ਸਿਆਸੀ ਹਾਜ਼ਰੀ ਦਾ ਹੀ ਨਤੀਜਾ ਹੈ ਕਿ ਲਗਾਤਾਰ ਤੀਜੀ ਲੋਕ ਸਭਾ ਚੋਣਾਂ ਵਿੱਚ ਉਹ 240 ਸੀਟਾਂ ਹਾਸਲ ਕਰ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ। ਭਾਜਪਾ ਦੀ ਅਗਵਾਈ ਵਿੱਚ ਕੌਮੀ ਜਮਹੂਰੀ ਗੱਠਜੋੜ ਨੇ 293 ਸੀਟਾਂ ਜਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਇਸ ਨੂੰ ਚੋਣਾਂ ਤੋਂ ਪਹਿਲਾਂ ਹੋਏ ਕਿਸੇ ਵੀ ਗੱਠਜੋੜ ਦੀ ਸਭ ਤੋਂ ਵੱਡੀ ਸਫਲਤਾ ਕਰਾਰ ਦਿੱਤਾ ਹੈ। ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਾਰੇ ਆਗੂ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਮੁਰਮੂ ਵੱਲੋਂ ਦਿੱਤੇ ਗਏ ਭੋਜ ਵਿੱਚ ਵੀ ਸ਼ਾਮਲ ਹੋਏ। ਇਸ ਹਲਫ਼ਦਾਰੀ ਸਮਾਗਮ ਦੌਰਾਨ ਕਈ ਸਿਆਸੀ ਦਿੱਗਜ, ਵੱਡੇ ਕਾਰੋਬਾਰੀ ਅਤੇ ਫਿਲਮੀ ਹਸਤੀਆਂ ਸਮੇਤ 9,000 ਤੋਂ ਜ਼ਿਆਦਾ ਲੋਕ ਹਾਜ਼ਰ ਸਨ। ਇਸ ਦੌਰਾਨ ‘ਮੋਦੀ-ਮੋਦੀ’ ਦੇ ਨਾਅਰੇ ਵੀ ਗੂੰਜੇ। ਸਮਾਗਮ ਲਈ ਸਫ਼ਾਈ ਕਾਮਿਆਂ, ਟਰਾਂਸਜੈਂਡਰਜ਼ ਅਤੇ ਸੰਸਦ ਭਵਨ ਦੀ ਨਵੀਂ ਇਮਾਰਤ ਉਸਾਰਨ ਵਾਲਿਆਂ ਨੂੰ ਵੀ ਉਚੇਚੇ ਤੌਰ ’ਤੇ ਸੱਦਾ ਦਿੱਤਾ ਗਿਆ ਸੀ।