ਮੋਦੀ ਨੇ ਕਲਿਆਣ ਸਿੰਘ ਦਾ ਰਾਮ ਮੰਦਰ ਦਾ ਸੁਫ਼ਨਾ ਸਾਕਾਰ ਕੀਤਾ: ਸ਼ਾਹ

ਮੋਦੀ ਨੇ ਕਲਿਆਣ ਸਿੰਘ ਦਾ ਰਾਮ ਮੰਦਰ ਦਾ ਸੁਫ਼ਨਾ ਸਾਕਾਰ ਕੀਤਾ: ਸ਼ਾਹ

ਕਾਂਗਰਸ ’ਤੇ ਰਾਮ ਮੰਦਰ ਦੇ ਮੁੱਦੇ ਨੂੰ ਦਹਾਕਿਆਂ ਤੱਕ ਖਿੱਚਣ ਦਾ ਦੋਸ਼ ਲਾਇਆ
ਅਲੀਗੜ੍ਹ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕਾਂਗਰਸ ਨੇ ਆਜ਼ਾਦੀ ਤੋਂ ਬਾਅਦ ਲਗਾਤਾਰ ਕਈ ਦਹਾਕੇ ਰਾਮ ਮੰਦਰ ਦੇ ਮੁੱਦੇ ਨੂੰ ਖਿੱਚਿਆ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਇਸ ਸੁਫ਼ਨੇ ਨੂੰ ਸਾਕਾਰ ਕਰ ਕੇ ਮੰਦਰ ਨਿਰਮਾਣ ਦਾ ਰਾਹ ਪੱਧਰਾ ਕਰ ਦਿੱਤਾ। ਕਲਿਆਣ ਸਿੰਘ ਦੀ ਦੂਜੀ ਬਰਸੀ ਮੌਕੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਦੀ ਗਰੀਬਾਂ ਤੇ ਪੱਛੜਿਆਂ ਨੂੰ ਮਜ਼ਬੂਤ ਕਰਨ ਦੀ ਇੱਛਾ ਵੀ ਪੂਰੀ ਕੀਤੀ ਹੈ। ਕਲਿਆਣ ਸਿੰਘ ਦੀ ਬਰਸੀ ਨੂੰ ਭਾਜਪਾ ‘ਹਿੰਦੂ ਗੌਰਵ ਦਿਵਸ’ ਵਜੋਂ ਮਨਾਉਂਦੀ ਹੈ। ਸ਼ਾਹ ਨੇ ਇਸ ਮੌਕੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਯੂਪੀ ਦੀਆਂ ਸਾਰੀਆਂ 80 ਲੋਕ ਸਭਾ ਸੀਟਾਂ ਤੋਂ ਭਾਜਪਾ ਦੀ ਜਿੱਤ ਯਕੀਨੀ ਬਣਾਉਣ। ਉਨ੍ਹਾਂ ਕਿਹਾ, ‘ਸਤਿਕਾਰਯੋਗ ਬਾਬੂਜੀ (ਕਲਿਆਣ ਸਿੰਘ) ਨੂੰ ਇਸ ਤੋਂ ਵੱਡੀ ਹੋਰ ਕੋਈ ਸ਼ਰਧਾਂਜਲੀ ਨਹੀਂ ਦਿੱਤੀ ਜਾ ਸਕਦੀ। ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਾਓ ਤੇ ਪੂਰੇ ਦੇਸ਼ ਵਿਚ ਇਹ ਸੁਨੇਹਾ ਭੇਜੋ ਕਿ ਉੱਤਰ ਪ੍ਰਦੇਸ਼ ਭਾਜਪਾ ਦਾ ਉਹ ਕਿਲ੍ਹਾ ਹੈ ਜਿਸ ਵਿਚ ਸੰਨ੍ਹ ਨਹੀਂ ਲਾਇਆ ਜਾ ਸਕਦਾ।’ ਗ੍ਰਹਿ ਮੰਤਰੀ ਨੇ ਕਿਹਾ ਕਿ ਜਦ ਕਲਿਆਣ ਸਿੰਘ ਯੂਪੀ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਰਾਮ ਜਨਮਭੂਮੀ ਮੁਹਿੰਮ ਨੂੰ ਹੁਲਾਰਾ ਦਿੱਤਾ। ਜ਼ਿਕਰਯੋਗ ਹੈ ਕਿ ਦਸੰਬਰ 1992 ਵਿਚ ਬਾਬਰੀ ਮਸਜਿਦ ਢਾਹੇ ਜਾਣ ਵੇਲੇ ਕਲਿਆਣ ਸਿੰਘ ਮੁੱਖ ਮੰਤਰੀ ਸਨ ਤੇ ਉਨ੍ਹਾਂ ਇਸ ਘਟਨਾ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ।