ਮੋਦੀ ਨੂੰ ਅਡਾਨੀ ਮਸਲੇ ’ਤੇ ਜਵਾਬ ਦੇਣਾ ਪਵੇਗਾ: ਸੋਰੋਸ

ਮੋਦੀ ਨੂੰ ਅਡਾਨੀ ਮਸਲੇ ’ਤੇ ਜਵਾਬ ਦੇਣਾ ਪਵੇਗਾ: ਸੋਰੋਸ

ਅਰਬਪਤੀ ਕਾਰੋਬਾਰੀ ਨੇ ਮਿਊਨਿਖ ਸੁਰੱਖਿਆ ਕਾਨਫਰੰਸ ਦੌਰਾਨ ਮੋਦੀ ਸਰਕਾਰ ਨੂੰ ਘੇਰਿਆ
ਨਵੀਂ ਦਿੱਲੀ- ਅਰਬਪਤੀ ਸਮਾਜਸੇਵੀ ਜੌਰਜ ਸੋਰੋਸ ਦਾ ਮੰਨਣਾ ਹੈ ਕਿ ਹਿੰਡਨਬਰਗ ਰਿਸਰਚ ਦੀ ਰਿਪੋਰਟ ਨਾਲ ਗੌਤਮ ਅਡਾਨੀ ਦੇ ਕਾਰੋਬਾਰੀ ਸਾਮਰਾਜ ਵਿੱਚ ਮਚੀ ਹਫੜਾ-ਦਫੜੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ’ਤੇ ਪਕੜ ਕਮਜ਼ੋਰ ਹੋਵੇਗੀ। ਸੋਰੋਸ ਨੇ ਵੀਰਵਾਰ ਨੂੰ ਮਿਊਨਿਖ ਸਕਿਓਰਿਟੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਵਿਦੇਸ਼ੀ ਨਿਵੇਸ਼ਕਾਂ ਤੇ ਦੇਸ਼ ਦੀ ਸੰਸਦ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਸੋਰੋਸ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਅਡਾਨੀ ਸਮੂਹ ਨੂੰ ਦਰਪੇਸ਼ ਸੰਕਟ ਨਾਲ ਭਾਰਤ ਵਿੱਚ ਜਮਹੂਰੀਅਤ ਦੀ ਪੁਨਰ ਸੁਰਜੀਤੀ ਲਈ ਦਰ ਖੁੱਲ੍ਹਣਗੇ। ਹੰਗਰੀ ਤੇ ਅਮਰੀਕੀ ਮੂਲ ਦੇ ਕਾਰੋਬਾਰੀ ਨੇ 42 ਮਿੰਟ ਦੀ ਤਕਰੀਰ ਵਿੱਚ ਵਾਤਾਵਰਨ ਤਬਦੀਲੀ, ਰੂਸ-ਯੂਕਰੇਨ ਜੰਗ, ਅਮਰੀਕਾ ਵਿੱਚ ਉਤਾਰ ਚੜ੍ਹਾਅ, ਤੁਰਕੀ ’ਚ ਭੂਚਾਲ ਤੇ ਚੀਨ ਦੀ ਨਾਕਾਮੀ ਜਿਹੇ ਮੁੱਦਿਆਂ ਨੂੰ ਵੀ ਛੋਹਿਆ।

ਸੋਰੋਸ ਨੇ ਕਿਹਾ, ‘‘ਮੋਦੀ ਤੇ ਕਾਰੋਬਾਰੀ ਅਡਾਨੀ ਦੀ ਕਾਫ਼ੀ ਨੇੜਤਾ ਹੈ…ਉਨ੍ਹਾਂ ਦੀ ਕਿਸਮਤ ਇਕ ਦੂਜੇ ਨਾਲ ਜੁੜੀ ਹੋਈ ਹੈ।’’ ਉਨ੍ਹਾਂ ਕਿਹਾ, ‘‘ਅਡਾਨੀ ਐਂਟਰਪ੍ਰਾਈਜ਼ਿਜ਼ ਨੇ ਸ਼ੇਅਰ ਬਾਜ਼ਾਰ ਵਿੱਚੋਂ ਫ਼ੰਡ ਜੁਟਾਉਣ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਹੀ। ਅਡਾਨੀ ’ਤੇ ਸ਼ੇਅਰ ਬਾਜ਼ਾਰ ਵਿੱਚ ਜੋੜ-ਤੋੜ ਕਰਨ ਦਾ ਦੋਸ਼ ਹੈ ਤੇ ਉਸ (ਸਮੂਹ) ਦੇ ਸ਼ੇਅਰ ਤਾਸ਼ ਦੇ ਪੱਤਿਆਂ ਵਾਂਗ ਡਿੱਗ ਗਏ। ਮੋਦੀ ਇਸ ਵਿਸ਼ੇ ’ਤੇ ਖਾਮੋਸ਼ ਹਨ, ਪਰ ਉਨ੍ਹਾਂ ਨੂੰ ਵਿਦੇਸ਼ੀ ਨਿਵੇਸ਼ਕਾਂ ਤੇ (ਦੇਸ਼ ਦੀ) ਸੰਸਦ ਵਿੱਚ ਸਵਾਲਾਂ ਦੇ ਜਵਾਬ ਦੇਣੇ ਹੋਣਗੇ।’’ ਸੋਰੋਸ ਨੇ ਆਪਣੇ ਇਸ ਦਾਅਵੇ ਬਾਰੇ ਕੋਈ ਸਬੂਤ ਪੇਸ਼ ਨਹੀਂ ਕੀਤੇ। ਸੋਰੋਸ ਨੇ ਕਿਹਾ, ‘‘ਇਸ ਨਾਲ ਭਾਰਤ ਦੀ ਸੰਘੀ ਸਰਕਾਰ ’ਤੇ ਮੋਦੀ ਦੀ ਪਕੜ ਕਮਜ਼ੋਰ ਹੋਵੇਗੀ ਤੇ ਸੰਸਥਾਗਤ ਸੁਧਾਰਾਂ ਲਈ ਦਰ ਖੁੱਲ੍ਹਣਗੇ, ਜਿਸ ਦੀ ਵੱਡੀ ਲੋੜ ਹੈ।’’ ਸਮਾਜਸੇਵੀ ਨੇ ਕਿਹਾ, ‘‘ਮੈਨੂੰ ਭਾਵੇਂ ਬਹੁਤਾ ਤਜਰਬਾ ਨਹੀਂ ਹੈ, ਪਰ ਮੈਂ ਭਾਰਤ ਵਿੱਚ ਜਮਹੂਰੀਅਤ ਦੀ ਪੁਨਰ ਸੁਰਜੀਤੀ ਦੀ ਆਸ ਕਰਦਾ ਹਾਂ।’ ਸੋਰੋਸ ਨੇ ਕਿਹਾ, ‘‘ਭਾਰਤ ਬਹੁਤ ਦਿਲਚਸਪ ਕੇਸ ਹੈ। ਇਹ ਜਮਹੂਰੀ ਮੁਲਕ ਹੈ, ਪਰ ਇਸ ਦਾ ਆਗੂ ਨਰਿੰਦਰ ਮੋਦੀ ਜਮਹੂਰੀ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਭਾਰਤ ਕੁਆਡ ਦਾ ਮੈਂਬਰ ਹੈ (ਜਿਸ ਵਿੱਚ ਆਸਟਰੇਲੀਆ, ਅਮਰੀਕਾ ਤੇ ਜਾਪਾਨ ਵੀ ਸ਼ਾਮਲ ਹਨ), ਪਰ ਇਹ ਰੂਸ ਤੋਂ ਵੱਡੀ ਰਿਆਇਤ ’ਤੇ ਤੇਲ ਖਰੀਦਦਾ ਹੈ ਤੇ ਇਸ ਤੋਂ ਵੱਡਾ ਪੈਸਾ ਬਣਾਉਂਦਾ ਹੈ।’’ ਸੋਰੋਸ ਨੇ ਆਪਣੀ ਤਕਰੀਰ ਵਿੱਚ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਈਅਪ ਅਰਦੋਗਾਂ ਨੂੰ ਵੀ ਨਿਸ਼ਾਨਾ ਬਣਾਇਆ। ਸਮਾਜਸੇਵੀ ਨੇ ਕਿਹਾ, ‘‘ਅਰਦੋਗਾਂ ਤੇ ਮੋਦੀ ਦੀਆਂ ਕਈ ਗੱਲਾਂ ਮਿਲਦੀਆਂ ਹਨ। ਮੋਦੀ ਹਾਲ ਹੀ ਵਿੱਚ ਜਿੱਥੇ ਮਜ਼ਬੂਤ ਹੋਏ ਹਨ, ਉਥੇ ਅਰਦੋਗਾਂ ਨੇ ਤੁਰਕੀ ਦੇ ਅਰਥਚਾਰੇ ਨੂੰ ਵਿਗਾੜ ਛੱਡਿਆ ਹੈ ਤੇ ਉਸ ਨੂੰ ਮਈ ਵਿੱਚ ਚੋਣਾਂ ਦਾ ਸਾਹਮਣਾ ਕਰਨਾ ਪਏਗਾ। ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਚੋਣਾਂ ਜਿੱਤਣ ’ਤੇ ਕੇਂਦਰਿਤ ਹਨ।’’ ਸੋਰੋਸ ਨੇ ਅਰਦੋਗਾਂ ਨੂੰ ਖੁਦਮੁਖਤਿਆਰ ਤਾਨਾਸ਼ਾਹ ਦੱਸਿਆ। ਉਧਰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਸੀਨੀਅਰ ਸਲਾਹਕਾਰ ਕੰਚਨ ਗੁਪਤਾ ਨੇ ਕਿਹਾ ਕਿ ਭਾਰਤ ਦੇ ਕਈ ਦੁਸ਼ਮਣ ਹਨ…ਜੌਰਜ ਸੋਰੋਸ ਇਨ੍ਹਾਂ ਦੀ ਅਗਵਾਈ ਕਰ ਰਿਹੈ। ਭਾਰਤ ਵਿੱਚ ਜਮਹੂਰੀਅਤ ਬਹੁਤ ਮਜ਼ਬੂਤ ਤੇ ਲਚਕਦਾਰ ਹੈ…2024 ਬਹੁਤੀ ਦੂਰ ਨਹੀਂ ਤੇ ਸੋਰੋਸ ਨੂੰ ਫਿਰ ਮੂੰਹ ਦੀ ਖਾਣੀ ਪਵੇਗੀ।’’ ਗੁਪਤਾ ਨੇ ਕਿਹਾ ਕਿ ਐੱਮਐੱਸਐੱਸ ਟਕਰਾਅ ਦਾ ਨਹੀਂ ਬਲਕਿ ਆਲਮੀ ਸੁਰੱਖਿਆ ਚੁਣੌਤੀਆਂ ’ਤੇ ਵਿਚਾਰ ਚਰਚਾ ਅਤੇ ਅਮਨ ਤੇ ਸਥਿਰਤਾ ਦਾ ਰਾਹ ਲੱਭਣ ਦਾ ਮੰਚ ਸੀ।