ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ

ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ

  • ਐੱਨਡੀਏ ਭਾਈਵਾਲਾਂ ਨੇ ਸਰਬਸੰਮਤੀ ਨਾਲ ਆਗੂ ਚੁਣਿਆ
  • ਪੰਜਾਬ ਵਿਚ ਕਾਂਗਰਸ 7, ਆਪ 3, ਅਜ਼ਾਦ 2 ਅਤੇ 1 ਅਕਾਲੀ ਨੂੰ ਮਿਲੀ ਸੀਟ
    ਨਵੀਂ ਦਿੱਲੀ : ਨਰਿੰਦਰ ਮੋਦੀ ਦੇ ਲਗਾਤਾਰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਵਿਚ ਸ਼ਾਮਲ ਸਿਆਸੀ ਪਾਰਟੀਆਂ ਨੇ ਅੱਜ ਸਰਬਸੰਮਤੀ ਨਾਲ ਸ੍ਰੀ ਮੋਦੀ ਨੂੰ ਆਪਣਾ ਆਗੂ ਚੁਣ ਲਿਆ। ਐੱਨਡੀਏ ਦੇ ਨਵੇਂ ਚੁਣੇ ਸੰਸਦ ਮੈਂਬਰ ਹੁਣ 7 ਜੂਨ ਨੂੰ ਬੈਠਕ ਕਰਕੇ ਸ੍ਰੀ ਮੋਦੀ ਨੂੰ ਰਸਮੀ ਤੌਰ ’ਤੇ ਆਪਣਾ ਆਗੂ ਚੁਣਨਗੇ ਤੇ ਇਸ ਮਗਰੋਂ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਵੇਗਾ। ਸੁੂਤਰਾਂ ਨੇ ਕਿਹਾ ਕਿ ਨਵੀਂ ਸਰਕਾਰ ਸ਼ਨਿੱਚਰਵਾਰ ਜਾਂ ਐਤਵਾਰ ਨੂੰ ਹਲਫ਼ ਲੈ ਸਕਦੀ ਹੈ।
    ਲੋਕ ਸਭਾ ਚੋਣਾਂ ਦੇ ਅਣਕਿਆਸੇ ਰੁਝਾਨ/ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵੱਡਾ ਝਟਕਾ ਹਨ। ਇਨ੍ਹਾਂ ਰੁਝਾਨਾਂ ਵਿਚ ਭਾਜਪਾ 241 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਪਰ ਪ੍ਰਧਾਨ ਮੰਤਰੀ ਦੇ ‘400 ਪਾਰ’ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਤੇ ਪਾਰਟੀ (ਭਾਜਪਾ) ਆਪਣੇ ਦਮ ’ਤੇ ਸਪਸ਼ਟ ਬਹੁਮਤ ਜੁਟਾਉਣ ਵਿਚ ਵੀ ਨਾਕਾਮ ਰਹੀ। ਰੁਝਾਨਾਂ ਵਿਚ ਐੱਨਡੀਏ ਗੱਠਜੋੜ ਨੂੰ 294 ਸੀਟਾਂ ’ਤੇ ਅੱਗੇ ਦਰਸਾਇਆ ਗਿਆ ਹੈ। ਉਧਰ ਕਾਂਗਰਸ ਦੀ ਅਗਵਾਈ ਵਾਲਾ ‘ਇੰਡੀਆ’ ਗੱਠਜੋੜ 231 ਸੀਟਾਂ ’ਤੇ ਚੜ੍ਹਤ ਬਣਾ ਕੇ ਮਜ਼ਬੂਤ ਤਾਕਤ ਵਜੋਂ ਉਭਰਿਆ ਹੈ। ਗੱਠਜੋੜ ਨੇ ਐਗਜ਼ਿਟ ਪੋਲ ਦੇ ਅਨੁਮਾਨਾਂ ਨੂੰ ਗ਼ਲਤ ਸਾਬਤ ਕਰਦਿਆਂ ਯੂਪੀ, ਮਹਾਰਾਸ਼ਟਰ, ਰਾਜਸਥਾਨ, ਹਰਿਆਣਾ ਤੇ ਕਰਨਾਟਕ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਉੜੀਸਾ ਵਿਚ ਭਾਜਪਾ ਨੇ 147 ਮੈਂਬਰੀ ਅਸੈਂਬਲੀ ਵਿਚ 78 ਸੀਟਾਂ ਜਿੱਤ ਕੇ ਨਵੀਨ ਪਟਨਾਇਕ ਦਾ ਲਗਾਤਾਰ ਛੇਵੀਂ ਵਾਰ ਸਰਕਾਰ ਬਣਾਉਣ ਦਾ ਸੁਫ਼ਨਾ ਤੋੜ ਦਿੱਤਾ। ਬੀਜੇਡੀ ਨੂੰ 51, ਕਾਂਗਰਸ ਨੂੰ 14 ਤੇ ਹੋਰਾਂ ਨੂੰ 4 ਸੀਟਾਂ ਮਿਲੀਆਂ। ਉਧਰ ਆਂਧਰਾ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ’ਚ ਤੇਲਗੂ ਦੇਸਮ ਪਾਰਟੀ (ਟੀਡੀਪੀ), ਉਸ ਦੇ ਭਾਈਵਾਲ ਜਨਸੈਨਾ ਅਤੇ ਭਾਜਪਾ ਨੇ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ। ਸੂਬੇ ਦੀਆਂ 175 ਸੀਟਾਂ ’ਚੋਂ ਐੱਨਡੀਏ ਗੱਠਜੋੜ ਨੇ 156 ਸੀਟਾਂ ਜਿੱਤੀਆਂ ਹਨ। ਭਾਜਪਾ ਕੇਰਲਾ ਵਿਚ ਵੀ ਖਾਤਾ ਖੋਲ੍ਹਣ ਵਿਚ ਸਫ਼ਲ ਰਹੀ ਹੈ। ਕਾਂਗਰਸ ਨੇ ਨਸਲੀ ਹਿੰਸਾ ਦੇ ਝੰਬੇ ਮਨੀਪੁਰ ਦੀਆਂ ਦੋਵੇਂ ਲੋਕ ਸਭਾ ਸੀਟਾਂ ਜਿੱਤ ਲਈਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਕਾਂਗਰਸ 7, ਸੱਤਾਧਾਰੀ ‘ਆਪ’ 3, ਸ਼੍ਰੋਮਣੀ ਅਕਾਲੀ ਦਲ ਇਕ ਤੇ ਦੋ ਸੀਟਾਂ ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਭਾਜਪਾ ਨੇ ਸਾਰੀਆਂ ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਪਾਰਟੀ ਇਕ ਵੀ ਸੀਟ ਜਿੱਤਣ ਵਿਚ ਨਾਕਾਮ ਰਹੀ। ਉਧਰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ ਕਾਂਗਰਸ ਤੇ ਆਪ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਦੀ ਝੋਲੀ ਪਈ। ਤਿਵਾੜੀ ਨੇ ਭਾਜਪਾ ਦੇ ਸੰਜੇ ਟੰਡਨ ਨੂੰ 2504 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਦੌਰਾਨ ਕਾਂਗਰਸ ਆਗੂਆਂ ਨੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਹੋਰ ਚੋਣ ਕਮਿਸ਼ਨਰਾਂ ਨਾਲ ਮੁਲਾਕਾਤ ਕਰਕੇ ਦੋਸ਼ ਲਾਇਆ ਕਿ ਯੂਪੀ ਅਤੇ ਬਿਹਾਰ ’ਚ ਵੋਟਾਂ ਦੀ ਗਿਣਤੀ ਧੀਮੀ ਰਫ਼ਤਾਰ ਨਾਲ ਕੀਤੀ ਜਾ ਰਹੀ ਹੈ। ਵਫ਼ਦ ’ਚ ਸ਼ਾਮਲ ਅਭਿਸ਼ੇਕ ਸਿੰਘਵੀ ਅਤੇ ਸਲਮਾਨ ਖੁਰਸ਼ੀਦ ਨੇ ਇਹ ਵੀ ਮੰਗ ਕੀਤੀ ਕਿ ਹਰੇਕ ਗੇੜ ਦੀ ਗਿਣਤੀ ਮਗਰੋਂ ਅਪਡੇਟ ਨਤੀਜੇ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਨਸ਼ਰ ਕੀਤੇ ਜਾਣ।
    ਭਾਜਪਾ ਨੂੰ ਕੇਂਦਰ ਵਿਚ ਸਰਕਾਰ ਬਣਾਉਣ ਲਈ ਐੱਨਡੀਏ ਗੱਠਜੋੜ ਵਿਚ ਆਪਣੇ ਭਾਈਵਾਲਾਂ- ਟੀਡੀਪੀ ਦੇ ਚੰਦਰਬਾਬੂ ਨਾਇਡੂ, ਜੇਡੀਯੂ ਦੇ ਨਿਤੀਸ਼ ਕੁਮਾਰ ਤੇ ਹੋਰਨਾਂ ’ਤੇ ਟੇਕ ਰੱਖਣੀ ਹੋਵੇਗੀ, ਜੋ ਇਸ ਵੇਲੇ ਕਿੰਗਮੇਕਰ ਦੀ ਭੂਮਿਕਾ ਵਿਚ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੋਨ ਕਰਕੇ ਨਾਇਡੂ ਤੇ ਕੁਮਾਰ ਸਣੇ ਹੋਰਨਾਂ ਭਾਈਵਾਲਾਂ ਨਾਲ ਗੱਲਬਾਤ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਐੱਨਡੀਏ ਤੇ ਇੰਡੀਆ ਗੱਠਜੋੜਾਂ ਨੇ ਭਲਕੇ ਦਿੱਲੀ ਵਿਚ ਆਪੋ-ਆਪਣੇ ਭਾਈਵਾਲਾਂ ਦੀ ਬੈਠਕ ਸੱਦ ਲਈ ਹੈ।
    ਦੇਰ ਰਾਤ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਭਾਜਪਾ 238 ਸੀਟਾਂ ’ਤੇ ਜਿੱਤ ਦਰਜ ਕਰ ਚੁੱਕੀ ਸੀ ਤੇ ਜਦੋਂਕਿ ਤਿੰਨ ਸੀਟਾਂ ’ਤੇ ਉਸ ਦੇ ਉਮੀਦਵਾਰ ਅੱਗੇ ਸਨ। ਭਾਜਪਾ ਕੁੱਲ ਮਿਲਾ ਕੇ 241 ਸੀਟਾਂ ’ਤੇ ਅੱਗੇ ਸੀ। ਭਾਜਪਾ 543 ਮੈਂਬਰੀ ਲੋਕ ਸਭਾ ਵਿਚ ਬਹੁਮੱਤ ਲਈ ਲੋੜੀਂਦੇ 272 ਦੇ ਜਾਦੂਈ ਅੰਕੜੇ ਤੋਂ ਪਿੱਛੇ ਹੈ। ਉਧਰ, ਦੂਜੇ ਪਾਸੇ ਇੰਡੀਆ ਗੱਠਜੋੜ ਕਰੀਬ 231 ਸੀਟਾਂ ’ਤੇ ਜੇਤੂ ਰਿਹਾ। ਕਾਂਗਰਸ 93 ਸੀਟਾਂ ਜਿੱਤ ਚੁੱਕੀ ਹੈ ਅਤੇ ਛੇ ਸੀਟਾਂ ਉੱਤੇ ਉਸ ਦੇ ਉਮੀਦਵਾਰ ਅੱਗੇ ਹਨ। ਸਾਲ 2019 ਦੇ ਪ੍ਰਦਰਸ਼ਨ ਦੇ ਮੁਕਾਬਲੇ ਕਾਂਗਰਸ ਲਗਪਗ ਦੁੱਗਣੀਆਂ ਸੀਟਾਂ ਜਿੱਤਣ ਵੱਲ ਵਧ ਰਹੀ ਹੈ। ਪਿਛਲੀਆਂ ਚੋਣਾਂ ਵਿਚ ਭਾਜਪਾ ਕੋਲ 303 ਜਦੋਂਕਿ ਐੱਨਡੀਏ ਕੋਲ 350 ਤੋਂ ਵੱਧ ਸੀਟਾਂ ਸਨ। ਐੱਨਡੀਏ ਤੀਜੀ ਵਾਰ ਸੱਤਾ ਵਿਚ ਆਉਂਦਾ ਹੈ ਤਾਂ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੇ ਰਿਕਾਰਡ ਦੀ ਬਰਾਬਰੀ ਕਰ ਲੈਣਗੇ।
    ਭਾਜਪਾ ਨੂੰ ਐਤਕੀਂ ਲੋਕ ਸਭਾ ਚੋਣਾਂ ਵਿਚ ਯੂਪੀ ਵਿਚ ਵੱਡਾ ਝਟਕਾ ਲੱਗਾ ਹੈ ਜਿੱਥੇ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਨੇ ਉਸ ਨੂੰ ਪਿੱਛੇ ਛੱਡ ਦਿੱਤਾ। ਰਾਜਸਥਾਨ ਤੇ ਹਰਿਆਣਾ ਵਿਚ ਪਾਰਟੀ ਦਾ ਪ੍ਰਦਰਸ਼ਨ ਆਸ ਤੋਂ ਉਲਟ ਰਿਹਾ। ਚੋਣ ਨਤੀਜਿਆਂ ਦੇ ਰੁਝਾਨਾਂ ਦਰਮਿਆਨ ਸਥਿਤੀ ਕੋਈ ਬਹੁਤੀ ਸਪਸ਼ਟ ਨਹੀਂ ਹੈ ਪਰ ਇਸ ਦੇ ਬਾਵਜੂਦ ਦੋਵੇਂ ਪ੍ਰਮੁੱਖ ਗੱਠਜੋੜਾਂ ਦੇ ਆਗੂਆਂ ਨੇ ਆਪੋ ਆਪਣੇ ਦਾਅਵੇ ਕੀਤੇ ਹਨ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਕਿਹਾ, ‘‘ਇਹ ਕਰੀਬੀ ਮੁਕਾਬਲਾ ਨਹੀਂ ਹੈ। ਭਾਜਪਾ ਦੀ ਅਗਵਾਈ ਵਾਲਾ ਐੱਨਡੀਏ ਗੱਠਜੋੜ ਵੱਡੇ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਿਹਾ ਹੈ। ਵੋਟਾਂ ਦੀ ਗਿਣਤੀ ਖ਼ਤਮ ਹੋਣ ਦਿਓ, ਸਾਫ਼ ਹੋ ਜਾਵੇਗਾ ਕਿ ਦੇਸ਼ ਦੀ ਜਨਤਾ ਮੋਦੀ ਦੇ ਨਾਲ ਹੈ।’’ ਕਾਂਗਰਸ ਦੇ ਜੈਰਾਮ ਰਮੇਸ਼ ਨੇ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਉਹ ਦਿਖਾਵਾ ਕਰਦੇ ਸਨ ਕਿ ਉਹ ਅਸਾਧਾਰਨ ਹਨ।’’ ਉਨ੍ਹਾਂ ਐੱਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਹੁਣ ਇਹ ਸਾਬਤ ਹੋ ਗਿਆ ਹੈ ਕਿ ਮੌਜੂਦਾ ਪ੍ਰਧਾਨ ਮੰਤਰੀ ਹੁਣ ਸਾਬਕਾ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਉਹ ਨੈਤਿਕ ਜ਼ਿੰਮੇਵਾਰੀ ਲੈਣ ਤੇ ਅਸਤੀਫ਼ਾ ਦੇਣ।’’
    ਯੂਪੀ ਅਜਿਹਾ ਰਾਜ ਹੈ, ਜੋ ਲੋਕ ਸਭਾ ਵਿਚ 80 ਸੰਸਦ ਮੈਂਬਰ ਭੇਜਦਾ ਹੈ ਤੇ ਭਾਜਪਾ ਲਈ ਪਿਛਲੀਆਂ ਦੋ ਲੋਕ ਸਭਾ ਚੋਣਾਂ ਵਿਚ ਇਹ ਰਾਜ ਖੇਡ ਬਦਲਣ ਵਾਲਾ ਸਾਬਤ ਹੁੰਦਾ ਰਿਹਾ ਹੈ। ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਨੇ ਭਾਜਪਾ ਵਿਰੋਧੀ ਵੋਟਾਂ ਨੂੰ ਇਕਜੁੱਟ ਕਰਕੇ ਭਾਜਪਾ ਨੂੰ ਉਸ ਦੇ ਮਜ਼ਬੂਤ ਗੜ੍ਹ ਵਿਚ ਮਾਤ ਦਿੱਤੀ ਹੈ। ਪਿਛਲੀ ਵਾਰ 62 ਸੀਟਾਂ ’ਤੇ ਜਿੱਤ ਦਰਜ ਕਰਨ ਵਾਲੀ ਭਾਜਪਾ ਨੇ 33 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਪਾ ਨੇ 37 ਸੀਟਾਂ ’ਤੇ ?ਜੱਤ ਦਰਜ ਕੀਤੀ ਹੈ। ਸਪਾ ਨੂੰ ਸਾਲ 2019 ਵਿਚ ਸਿਰਫ਼ ਪੰਜ ਸੀਟਾਂ ’ਤੇ ਜਿੱਤ ਨਸੀਬ ਹੋਈ ਸੀ। ਪ੍ਰਧਾਨ ਮੰਤਰੀ ਮੋਦੀ ਵਾਰਾਣਸੀ ਤੋਂ 1.52 ਲੱਖ ਵੋਟਾਂ ਨਾਲ ਜਿੱਤ ਗਏ ਹਨ। ਹਾਲਾਂਕਿ ਉਨ੍ਹਾਂ ਦੀ ਪਾਰਟੀ ਦੀ ਸਮ੍ਰਿਤੀ ਇਰਾਨੀ ਅਮੇਠੀ ਵਿਚ ਕਾਂਗਰਸ ਉਮੀਦਵਾਰ ਤੇ ਗਾਂਧੀ ਪਰਿਵਾਰ ਦੇ ਕਰੀਬੀ ਕਿਸ਼ੋਰੀ ਲਾਲ ਸ਼ਰਮਾ ਤੋਂ 1.31 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਾਰ ਗਈ। ਰਾਏਬਰੇਲੀ ਤੋਂ ਰਾਹੁਲ ਗਾਂਧੀ 3,90,030 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਜਦੋਂਕਿ ਲਖਨਊ ਤੋਂ ਰਾਜਨਾਥ ਸਿੰਘ (1,31,922 ਵੋਟਾਂ ਦੇ ਫ਼ਰਕ ਨਾਲ) ਅਤੇ ਕਨੌਜ ਤੋਂ ਅਖਿਲੇਸ਼ ਯਾਦਵ (1.70 ਲੱਖ ਵੋਟਾਂ ਦੇ ਫ਼ਰਕ ਨਾਲ) ਅੱਗੇ ਸਨ। ਉਧਰ ਇੰਡੀਆ ਗੱਠਜੋੜ ਦੀ ਇਕ ਹੋਰ ਪ੍ਰਮੁੱਖ ਭਾਈਵਾਲ ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਵਿਚ 29 ਸੀਟਾਂ ਜਿੱਤੀਆਂ ਹਨ। ਪੰਜ ਸਾਲ ਪਹਿਲਾਂ ਟੀਐੱਮਸੀ ਨੇ 22 ਸੀਟਾਂ ਜਿੱਤੀਆਂ ਸਨ। ਪਿਛਲੀਆਂ ਲੋਕ ਸਭਾ ਚੋਣਾਂ ਵਿਚ 18 ਸੀਟਾਂ ਜਿੱਤਣ ਵਾਲੀ ਭਾਜਪਾ ਨੇ 12 ਸੀਟਾਂ ਜਿੱਤੀਆਂ। ਗੁਆਂਢੀ ਰਾਜ ਬਿਹਾਰ ਵਿਚ ਭਾਜਪਾ ਤੇ ਉਸ ਦੇ ਸਹਿਯੋਗੀ ਜੇਡੀਯੂ ਨੇ 12-12 ਸੀਟਾਂ ਜਿੱਤੀਆਂ ਹਨ।
    ਰਾਸ਼ਟਰੀ ਜਨਤਾ ਦਲ ਚਾਰ ਸੀਟਾਂ ’ਤੇ ਜੇਤੂ ਰਿਹਾ ਹੈ। ਰਾਜਸਥਾਨ ਵਿਚ ਭਾਜਪਾ ਨੇ ਜੈਪੁਰ ਲੋਕ ਸਭਾ ਚੋਣ ਜਿੱਤ ਲਈ ਜਦੋਂਕਿ ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਮੰਤਰੀ ਭੁਪੇਂਦਰ ਯਾਦਵ ਸਣੇ ਪਾਰਟੀ ਦੇ 14 ਉਮੀਦਵਾਰ ਜੇਤੂ ਰਹੇ। ਉਧਰ ਕਾਂਗਰਸ ਪਾਰਟੀ ਨੇ ਅੱਠ ਸੀਟਾਂ ਜਿੱਤੀਆਂ। 48 ਸੀਟਾਂ ਵਾਲੇ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਐਤਕੀਂ ਦੋ ਧੜਿਆਂ ਵਿਚ ਵੰਡੀ ਹੋਈ ਹੈ। ਪੰਜ ਸਾਲ ਪਹਿਲਾਂ 23 ਸੀਟਾਂ ਜਿੱਤਣ ਵਾਲੀ ਭਾਜਪਾ 11 ਸੀਟਾਂ ’ਤੇ ਸਿਮਟ ਗਈ ਜਦੋਂਕਿ ਉਸ ਦੀ ਭਾਈਵਾਲ ਸ਼ਿਵਸੈਨਾ ਸੱਤ ਸੀਟਾਂ ਜਿੱਤ ਸਕੀ। ਉਧਰ ਦੂਜੇ ਪਾਸੇ ਕਾਂਗਰਸ 13 ਸੀਟਾਂ ’ਤੇ ਅੱਗੇ ਹੈ ਜਦੋਂਕਿ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵਸੈਨਾ ਨੌਂ ਸੀਟਾਂ ’ਤੇ ਅੱਗੇ ਹੈ। ਆਂਧਰਾ ਪ੍ਰਦੇਸ਼ ਵਿਚ ਚੰਦਰਬਾਬੂ ਨਾਇਡੂ ਦੀ ਅਗਵਾਈ ਵਾਲੀ ਟੀਡੀਪੀ ਨੇ 25 ਸੀਟਾਂ ਵਿਚੋਂ 16 ਸੀਟਾਂ ’ਤੇ, ਭਾਜਪਾ 3 ਤੇ ਵਾਈਐੱਸਆਰਸੀਪੀ ਚਾਰ ਸੀਟਾਂ ’ਤੇ ਜੇਤੂ ਰਹੀ। ਕਰਨਾਟਕ ਵਿੱਚ ਕਾਂਗਰਸ ਲਾਭ ਦੀ ਸਥਿਤੀ ਵਿੱਚ ਹੈ।