ਮੋਦੀ ਦੀ ਫੇਰੀ ਨਾਲ ਭਾਜਪਾ-ਅਕਾਲੀ ਦਲ ਦੇ ਮੁੜ ਹੱਥ ਮਿਲਾਉਣ ਦੀ ਚਰਚਾ

ਮੋਦੀ ਦੀ ਫੇਰੀ ਨਾਲ ਭਾਜਪਾ-ਅਕਾਲੀ ਦਲ ਦੇ ਮੁੜ ਹੱਥ ਮਿਲਾਉਣ ਦੀ ਚਰਚਾ

ਵੱਡੇ ਬਾਦਲ ਪ੍ਰਤੀ ਸਤਿਕਾਰ ਨੂੰ ਕਿਸੇ ਭਵਿੱਖੀ ਗੱਠਜੋੜ ਦੀ ਸੰਭਾਵਨਾ ਨਾਲ ਜੋੜਨਾ ਗ਼ਲਤ: ਅਸ਼ਵਨੀ ਸ਼ਰਮਾ
ਚੰਡੀਗੜ੍ਹ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਅੱਜ ਚੰਡੀਗੜ੍ਹ ਆਉਣ ਮਗਰੋਂ ਪੁਰਾਣੇ ਭਾਈਵਾਲਾਂ ਭਾਜਪਾ ਤੇ ਅਕਾਲੀ ਦਲ ਦੇ ਮੁੜ ਹੱਥ ਮਿਲਾਉਣ ਬਾਰੇ ਚੁੰਝ ਚਰਚਾ ਛਿੜ ਗਈ ਹੈ। ਸਿਆਸੀ ਪੰਡਿਤਾਂ ਨੇ ਇਸ਼ਾਰਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਮੁੜ ‘ਗੱਠਜੋੜ’ ਬਣਾਉਣ ਲਈ ਆਪਣੇ ਪੁਰਾਣੇ ਵਖਰੇਵਿਆਂ ਨੂੰ ਦਰਕਿਨਾਰ ਕਰ ਸਕਦੇ ਹਨ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਨਜ਼ਦੀਕੀ ਨੇ ਦੱਸਿਆ, ‘‘ਪ੍ਰਧਾਨ ਮੰਤਰੀ ਵੱਲੋਂ ਵੱਡੇ ਬਾਦਲ ਨੂੰ ਸ਼ਰਧਾਂਜਲੀ ਦੇਣ ਲਈ ਆਉਣਾ ਸੱਚਮੁੱਚ ਅਹਿਮ ਹੈ। ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਦੇ ਮੱਦੇਨਜ਼ਰ ਟੁੱਟੇ ਰਿਸ਼ਤੇ ਮੁੜ ਗੰਢਣ ਦੇ ਕਿਆਸਾਂ ਨੂੰ ਨਕਾਰਿਆ ਨਹੀਂ ਜਾ ਸਕਦਾ। ਮੋਦੀ ਦੀ ਫੇਰੀ ਵਿੱਚ ਮਜ਼ਬੂਤ ਸੁਨੇਹਾ ਹੈ।’’

ਬਾਦਲ ਪਰਿਵਾਰ ਦੇ ਨਜ਼ਦੀਕੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਨੇ ਵੱਡੇ ਬਾਦਲ ਨੂੰ ਹਮੇਸ਼ਾ ਪੂਰਾ ਮਾਣ-ਸਤਿਕਾਰ ਦਿੱਤਾ ਹੈ। ਉਹ ਉਨ੍ਹਾਂ (ਬਾਦਲ) ਨੂੰ ਜਨਤਕ ਤੌਰ ’ਤੇ ਭਾਰਤੀ ਸਿਆਸਤ ਦੇ ਨੈਲਸਨ ਮੰਡੇਲਾ ਆਖਦੇ ਸਨ। ਬਾਦਲ ਦੇ ਦੇਹਾਂਤ ਦੇ ਰਸਮੀ ਐਲਾਨ ਤੋਂ ਫੌਰੀ ਮਗਰੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹਸਪਤਾਲ ਪਹੁੰਚੇ ਸਨ। ਭਾਜਪਾ ਪ੍ਰਧਾਨ ਜੇਪੀ ਨੱਢਾ ਵੀ ਉਨ੍ਹਾਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਭਲਕੇ ਪਿੰਡ ਬਾਦਲ ਪਹੁੰਚ ਰਹੇ ਹਨ।’’ ਉਧਰ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ, ‘‘ਭਾਰਤੀ ਸਿਆਸਤ ਦੇ ਕੱਦਾਵਰ ਆਗੂਆਂ ’ਚ ਸ਼ੁਮਾਰ ਸ੍ਰੀ ਬਾਦਲ ਪ੍ਰਤੀ ਸਾਡੇ ਸਤਿਕਾਰ ਨੂੰ ਕਿਸੇ ਭਵਿੱਖੀ ਗੱਠਜੋੜ ਦੀ ਸੰਭਾਵਨਾ ਨਾਲ ਜੋੜਨਾ ਗ਼ਲਤ ਹੈ। ਉਹ ਆਪਣੇ ਆਪ ਵਿੱਚ ਇੱਕ ਸੰਸਥਾ ਸਨ। ਮੇਰੀ ਉਮਰ ਉਨ੍ਹਾਂ ਤੋਂ ਅੱਧੀ ਹੈ, ਪਰ ਕੁੱਝ ਸਾਲ ਪਹਿਲਾਂ ਜਦੋਂ ਉਹ ਮੈਨੂੰ ਗੇਟ ਤੱਕ ਛੱਡਣ ਆਏ ਤਾਂ ਮੈਂ ਉਨ੍ਹਾਂ ਦੀ ਸਾਦਗੀ ਦੇਖ ਕੇ ਕਾਇਲ ਹੋ ਗਿਆ ਸੀ।’’ ਬਾਦਲ ਨੇ 1996 ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਕੀਤੇ ਵਿਰੋਧ ਦੇ ਬਾਵਜੂਦ ਭਾਜਪਾ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਇਥੋਂ ਤੱਕ ਖੇਤੀ ਸੁਧਾਰ ਬਿੱਲਾਂ ਦੇ ਵਿਰੋਧ ਦੌਰਾਨ ਸ੍ਰੀ ਬਾਦਲ ਨੇ ਕਿਹਾ ਸੀ ਕਿ ਕੇਂਦਰ ਕਦੇ ਵੀ ਕਣਕ ਅਤੇ ਚੌਲ ’ਤੇ ਘੱਟੋ ਘੱਟ ਸਮਰਥਨ ਮੁੱਲ ਦੇਣਾ ਬੰਦ ਨਹੀਂ ਕਰੇਗਾ। ਉਨ੍ਹਾਂ ਦੇ ਸਲਾਹਕਾਰ ਹਰਚਰਨ ਬੈਂਸ ਨੇ ਕਿਹਾ, ‘‘ਪਾਰਟੀ ਸਫ਼ਾਂ ਤੋਂ ਉਪਰ ਉੱਠ ਕੇ ਭਾਰਤੀ ਸਿਆਸਤ ਦੇ ਕੱਦਾਵਰ ਆਗੂ ਨੂੰ ਸ਼ਰਧਾਂਜਲੀ ਦੇਣ ਆਉਣਾ ਪ੍ਰਧਾਨ ਮੰਤਰੀ ਦਾ ਵਡੱਪਣ ਹੈ।’’ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਕਾਲੀ ਦਲ- ਭਾਜਪਾ ਗੱਠਜੋੜ ਸੂਬੇ ਵਿੱਚ ਹਿੰਦੂ ਤੇ ਸਿੱਖਾਂ ਵਿੱਚ ਭਾਈਚਾਰਕ ਸਾਂਝ ਦਾ ਮਜ਼ਬੂਤ ਪ੍ਰਤੀਕ ਸੀ। ਸੀਨੀਅਰ ਬਾਦਲ ਇਸ ਗੱਠਜੋੜ ਨੂੰ ਹਮੇਸ਼ਾ ‘ਨਹੁੰ ਮਾਸ ਦਾ ਰਿਸ਼ਤਾ ਹੈ’ ਆਖਦੇ ਸਨ।