ਮੋਦੀ ਕੋਲ ਧਾਰਮਿਕ ਆਜ਼ਾਦੀ ਦਾ ਮੁੱਦਾ ਉਠਾਉਣ ਬਾਇਡਨ: ਓਬਾਮਾ

ਮੋਦੀ ਕੋਲ ਧਾਰਮਿਕ ਆਜ਼ਾਦੀ ਦਾ ਮੁੱਦਾ ਉਠਾਉਣ ਬਾਇਡਨ: ਓਬਾਮਾ

ਨਵੀਂ ਦਿੱਲੀ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਵਿੱਚ ਹਿੰਦੂ ਬਹੁਗਿਣਤੀ ਵਾਲੇ ਭਾਰਤ ਵਿੱਚ ਮੁਸਲਮਾਨ ਘੱਟ ਗਿਣਤੀ ਦੀ ਸੁਰੱਖਿਆ ਦਾ ਮੁੱਦਾ ਚੁੱਕਣਾ ਚਾਹੀਦਾ ਹੈ। ਉਨ੍ਹਾਂ ਕਿਹਾ,‘ਜੇ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਦਾ ਤਾਂ ਮੇਰੀ ਇਹ ਦਲੀਲ ਹੁੰਦੀ ਕਿ ਜੇਕਰ ਤੁਸੀਂ ਭਾਰਤ ਵਿੱਚ ਨਸਲੀ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਨਾ ਕੀਤੀ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਕਿਸੇ ਸਮੇਂ ਭਾਰਤ ਟੁੱਟਣਾ ਸ਼ੁਰੂ ਹੋ ਜਾਵੇਗਾ। ਅਸੀਂ ਦੇਖਿਆ ਹੈ ਕਿ ਜਦੋਂ ਅਜਿਹੇ ਅੰਦਰੂਨੀ ਵਿਵਾਦਾਂ ਦੀ ਅਣਦੇਖੀ ਹੁੰਦੀ ਹੈ ਤਾਂ ਕੀ ਹੁੰਦਾ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਅਜਿਹੇ ਮਾਮਲਿਆਂ ਬਾਰੇ ਇਮਾਨਦਾਰੀ ਨਾਲ ਗੱਲ ਕਰਨੀ ਜ਼ਰੂਰੀ ਹੈ। ਉਨ੍ਹਾਂ ਇਹ ਗੱਲ ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਕਹੀ। ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ, ਜਿਨ੍ਹਾਂ ਨੂੰ ਤਾਨਾਸ਼ਾਹ ਮੰਨਿਆ ਜਾਂਦਾ ਹੈ, ਵਰਗੀਆਂ ਸ਼ਖ਼ਸੀਅਤਾਂ ਨਾਲ ਉਹ ਕਿਵੇਂ ਸਿੱਝਣਗੇ ਤਾਂ ਓਬਾਮਾ ਨੇ ਕਿਹਾ,‘ਇਹ ਬੇਹੱਦ ਔਖਾ ਕੰਮ ਹੈ। ਜਦੋਂ ਮੈਂ ਰਾਸ਼ਟਰਪਤੀ ਸੀ ਤਾਂ ਮੈਂ ਅਜਿਹੇ ਸਹਿਯੋਗੀਆਂ ਤੇ ਭਾਈਵਾਲਾਂ ਨਾਲ ਸਿੱਝਦਾ ਰਿਹਾ ਹਾਂ। ਜੇ ਤੁਸੀਂ ਮੈਨੂੰ ਨਿੱਜੀ ਤੌਰ ’ਤੇ ਪੁੱਛੋਗੇ ਕਿ ਉਹ ਸਰਕਾਰਾਂ ਤੇ ਸਿਆਸੀ ਪਾਰਟੀਆਂ ਜਮਹੂਰੀਅਤ ਢੰਗ ਨਾਲ ਚਲਾਉਂਦੇ ਰਹੇ ਹਨ ਤਾਂ ਮੈਂ ਕਹਾਂਗਾ,‘ ਨਹੀਂ, ਪਰ ਤੁਹਾਨੂੰ ਕੌਮੀ ਸੁਰੱਖਿਆ ਕਾਰਨਾਂ ਤੇ ਆਰਥਿਕ ਹਿੱਤਾਂ ਕਾਰਨ ਉਨ੍ਹਾਂ ਨਾਲ ਕੰਮ ਕਰਨਾ ਪੈਣਾ ਹੈ।