ਮੋਦੀ ਉਪਨਾਮ ਕੇਸ: ਰਾਹੁਲ ਨੂੰ ਦੋ ਸਾਲ ਦੀ ਸਜ਼ਾ

ਮੋਦੀ ਉਪਨਾਮ ਕੇਸ: ਰਾਹੁਲ ਨੂੰ ਦੋ ਸਾਲ ਦੀ ਸਜ਼ਾ

ਜ਼ਮਾਨਤ ਮਨਜ਼ੂਰ; ਉਪਰਲੀ ਅਦਾਲਤ ’ਚ ਅਪੀਲ ਕਰਨ ਲਈ 30 ਦਿਨ ਵਾਸਤੇ ਸਜ਼ਾ ਮੁਅੱਤਲ
ਸੂਰਤ-ਇਥੋਂ ਦੀ ਇਕ ਅਦਾਲਤ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ 2019 ਦੇ ਮਾਣਹਾਨੀ ਕੇਸ ’ਚ ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਰਾਹੁਲ ਨੇ ਆਪਣੇ ਬਿਆਨ ’ਚ ਕਿਹਾ ਸੀ ਕਿ ‘ਸਾਰੇ ਚੋਰਾਂ ਦਾ ਇਕੋ ਹੀ ਨਾਮ ਮੋਦੀ ਕਿਵੇਂ ਹੋ ਸਕਦਾ ਹੈ।’ ਜਦੋਂ ਫ਼ੈਸਲਾ ਸੁਣਾਇਆ ਗਿਆ ਤਾਂ ਰਾਹੁਲ ਗਾਂਧੀ ਅਦਾਲਤ ’ਚ ਹਾਜ਼ਰ ਸਨ।

ਚੀਫ਼ ਜੁਡੀਸ਼ਲ ਮੈਜਿਸਟਰੇਟ ਐੱਚ ਐੱਚ ਵਰਮਾ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਆਈਪੀਸੀ ਦੀਆਂ ਧਾਰਾਵਾਂ 499 ਅਤੇ 500 ਤਹਿਤ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਪਰਲੀ ਅਦਾਲਤ ’ਚ ਅਪੀਲ ਦਾਖ਼ਲ ਕਰਨ ਲਈ 30 ਦਿਨ ਵਾਸਤੇ ਸਜ਼ਾ ਮੁਅੱਤਲ ਕਰ ਦਿੱਤੀ ਹੈ। ਇਸ ਫ਼ੈਸਲੇ ਨਾਲ ਰਾਹੁਲ ਦੀ ਸੰਸਦ ਮੈਂਬਰੀ ’ਤੇ ਤਲਵਾਰ ਲਟਕ ਗਈ ਹੈ। ਜਨ ਪ੍ਰਤੀਨਿਧ ਐਕਟ ਮੁਤਾਬਕ ਜੇਕਰ ਕਿਸੇ ਵਿਅਕਤੀ ਨੂੰ ਦੋ ਸਾਲ ਜਾਂ ਵੱਧ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਸ ਨੂੰ ਸਜ਼ਾ ਦੀ ਤਰੀਕ ਤੋਂ ਅਯੋਗ ਠਹਿਰਾ ਦਿੱਤਾ ਜਾਂਦਾ ਹੈ ਅਤੇ ਉਹ ਸਜ਼ਾ ਭੁਗਤਣ ਮਗਰੋਂ ਹੋਰ ਛੇ ਸਾਲਾਂ ਲਈ ਚੋਣ ਲੜਨ ਦੇ ਅਯੋਗ ਹੁੰਦਾ ਹੈ। ਕਾਂਗਰਸ ਨੇ ਕਿਹਾ ਕਿ ਰਾਹੁਲ ਗਾਂਧੀ ਸੂਰਤ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਦਾਖ਼ਲ ਕਰਨਗੇ।
ਆਪਣੇ ਹੁਕਮਾਂ ’ਚ ਅਦਾਲਤ ਨੇ ਕਿਹਾ ਕਿ ਮੁਲਜ਼ਮ ਸੰਸਦ ਮੈਂਬਰ ਹੈ ਅਤੇ ਉਹ ਆਪਣੇ ਭਾਸ਼ਨ ਰਾਹੀਂ ਜੋ ਕੁਝ ਵੀ ਆਖਦਾ ਹੈ, ਉਸ ਦਾ ਲੋਕਾਂ ’ਤੇ ਅਸਰ ਪੈਂਦਾ ਹੈ ਜਿਸ ਨਾਲ ਅਪਰਾਧ ਦੀ ਗੰਭੀਰਤਾ ਵਧ ਜਾਂਦੀ ਹੈ। ਅਦਾਲਤ ਨੇ ਕਿਹਾ ਕਿ ਜੇਕਰ ਮੁਲਜ਼ਮ ਨੂੰ ਘੱਟ ਸਜ਼ਾ ਦਿੱਤੀ ਜਾਂਦੀ ਹੈ ਤਾਂ ਇਹ ਲੋਕਾਂ ਨੂੰ ਗਲਤ ਸੁਨੇਹਾ ਜਾਵੇਗਾ ਅਤੇ ਮਾਣਹਾਨੀ ਨੂੰ ਰੋਕਣ ਦਾ ਮਕਸਦ ਪੂਰਾ ਨਹੀਂ ਹੋਵੇਗਾ ਤੇ ਕੋਈ ਵੀ ਆਸਾਨੀ ਨਾਲ ਕਿਸੇ ’ਤੇ ਦੂਸ਼ਣਬਾਜ਼ੀ ਕਰਦਾ ਰਹੇਗਾ। ਅਦਾਲਤ ਨੇ ਕਿਹਾ ਕਿ ਮੁਲਜ਼ਮ ਨੇ ਆਪਣੇ ਬਿਆਨ ‘ਚੌਕੀਦਾਰ ਹੀ ਚੋਰ ਹੈ’ ਲਈ ਪਹਿਲਾਂ ਮੁਆਫ਼ੀ ਮੰਗੀ ਸੀ ਤਾਂ ਸੁਪਰੀਮ ਕੋਰਟ ਨੇ ਉਸ ਨੂੰ ਭਵਿੱਖ ’ਚ ਚੌਕਸ ਰਹਿਣ ਦੀ ਹਦਾਇਤ ਕੀਤੀ ਸੀ ਪਰ ਇਸ ਦੇ ਬਾਵਜੂਦ ਉਸ ਦੇ ਵਿਹਾਰ ’ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ। ਸੁਣਵਾਈ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਸ ਨੇ ਲੋਕਾਂ ਦੇ ਹਿੱਤ ’ਚ ਆਪਣਾ ਫ਼ਰਜ਼ ਨਿਭਾਉਂਦਿਆਂ ਭਾਸ਼ਨ ਦਿੱਤਾ ਸੀ। ਕਾਂਗਰਸ ਆਗੂ ਨੇ ਇਹ ਵੀ ਕਿਹਾ ਕਿ ਉਹ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦਾ ਹੈ ਅਤੇ ਦੇਸ਼ ਦੇ ਸਾਰੇ ਲੋਕਾਂ ਨਾਲ ਪਿਆਰ ਕਰਦਾ ਹੈ। ਰਾਹੁਲ ਦੇ ਵਕੀਲ ਨੇ ਕਿਹਾ ਕਿ ਉਸ ਦੇ ਮੁਵੱਕਿਲ ਦਾ ਇਰਾਦਾ ਕਿਸੇ ਦਾ ਅਪਮਾਨ ਕਰਨਾ ਨਹੀਂ ਸੀ ਅਤੇ ਉਸ ਨੂੰ ਘੱਟ ਸਜ਼ਾ ਸੁਣਾਈ ਜਾਵੇ। ‘ਸ਼ਿਕਾਇਤਕਰਤਾ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ ਅਤੇ ਮੁਲਜ਼ਮ ਨੂੰ ਪਹਿਲਾਂ ਕਿਸੇ ਵੀ ਅਪਰਾਧ ’ਚ ਦੋਸ਼ੀ ਨਹੀਂ ਪਾਇਆ ਗਿਆ ਹੈ ਅਤੇ ਉਸ ਨੇ ਕਿਸੇ ਤੋਂ ਵੀ ਰਹਿਮ ਜਾਂ ਮੁਆਫ਼ੀ ਨਹੀਂ ਮੰਗੀ ਹੈ।’ ਭਾਜਪਾ ਦੇ ਸੂਰਤ ਪੱਛਮੀ ਤੋਂ ਵਿਧਾਇਕ ਅਤੇ ਗੁਜਰਾਤ ਦੇ ਸਾਬਕਾ ਮੰਤਰੀ ਪੁਰਨੇਸ਼ ਮੋਦੀ ਨੇ ਰਾਹੁਲ ਗਾਂਧੀ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਉਸ ਨੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਗੁਜਰਾਤ ਭਾਜਪਾ ਦੇ ਮੁਖੀ ਸੀ ਆਰ ਪਾਟਿਲ ਨੇ ਕਿਹਾ ਕਿ ਦੇਸ਼ ਦਾ ਅਪਮਾਨ ਕਰਨ ਲਈ ਲੋਕ ਰਾਹੁਲ ਗਾਂਧੀ ਨੂੰ ਸਬਕ ਸਿਖਾਉਣਗੇ। ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਨੇ ਕਰਨਾਟਕ ਦੇ ਕੋਲਾਰ ’ਚ 13 ਅਪਰੈਲ, 2019 ’ਚ ਰੈਲੀ ਨੂੰ ਸੰਬੋਧਨ ਕਰਦਿਆਂ ਵਿਵਾਦਤ ਟਿੱਪਣੀ ਕੀਤੀ ਸੀ। ਸੁਪਰੀਮ ਕੋਰਟ ਦੇ ਵਕੀਲ ਮਹੇਸ਼ ਜੇਠਮਲਾਨੀ ਮੁਤਾਬਕ ਸੰਸਦ ਤੋਂ ਅਯੋਗ ਠਹਿਰਾਉਣ ਦਾ ਅਮਲ ਜਨ ਪ੍ਰਤੀਨਿਧ ਐਕਟ ਮੁਤਾਬਕ ਤਿੰਨ ਮਹੀਨਿਆਂ ਤੱਕ ਸ਼ੁਰੂ ਨਹੀਂ ਹੋਵੇਗਾ ਅਤੇ ਜੇਕਰ ਉਪਰਲੀ ਅਦਾਲਤ ਉਸ ਦੀ ਸਜ਼ਾ ’ਤੇ ਰੋਕ ਲਗਾ ਦਿੰਦੀ ਹੈ ਤਾਂ ਕੇਸ ਦੇ ਨਿਬੇੜੇ ਤੱਕ ਰਾਹੁਲ ਨੂੰ ਅਯੋਗ ਨਹੀਂ ਠਹਿਰਾਇਆ ਜਾ ਸਕੇਗਾ।