ਮੈਸੀ ਜਾਂ ਮੋਡਰਿਚ ’ਚੋਂ ਇੱਕ ਦਾ ਟੁੱਟੇਗਾ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ

ਮੈਸੀ ਜਾਂ ਮੋਡਰਿਚ ’ਚੋਂ ਇੱਕ ਦਾ ਟੁੱਟੇਗਾ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ

ਅਰਜਨਟੀਨਾ ਅਤੇ ਕ੍ਰੋਏਸ਼ੀਆ ਵਿਚਾਲੇ ਬੁੱਧਵਾਰ ਤੜਕੇ ਹੋਵੇਗਾ ਸੈਮੀਫਾਈਨਲ ਮੁਕਾਬਲਾ
ਦੋਹਾ- ਅਰਜਨਟੀਨਾ ਅਤੇ ਕ੍ਰੋਏਸ਼ੀਆ ਵਿਚਾਲੇ ਬੁੱਧਵਾਰ ਤੜਕੇ 12:30 ਵਜੇ ਇੱਥੇ ਹੋਣ ਵਾਲੇ ਫੀਫਾ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਦੋ ਦਿੱਗਜ ਖਿਡਾਰੀਆਂ ਲਿਓਨਲ ਮੈਸੀ ਅਤੇ ਲੂਕਾ ਮੋਡਰਿਚ ’ਚੋਂ ਕਿਸੇ ਇੱਕ ਦਾ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਸੰਭਾਵੀ ਤੌਰ ’ਤੇ ਹਮੇਸ਼ਾ ਲਈ ਟੁੱਟ ਜਾਵੇਗਾ। ਫੁਟਬਾਲ ਦੇ ਸੁਪਰਸਟਾਰ ਬ੍ਰਾਜ਼ੀਲ ਦੇ ਨੇਮਾਰ ਅਤੇ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਨੇ ਕਤਰ ’ਚ ਚੱਲ ਰਹੇ ਵਿਸ਼ਵ ਕੱਪ ਨੂੰ ਹੰਝੂਆਂ ਨਾਲ ਅਲਵਿਦਾ ਕਹਿ ਦਿੱਤੀ ਹੈ ਅਤੇ ਹੁਣ ਮੈਸੀ ਜਾਂ ਮੋਡਰਿਚ ’ਚੋਂ ਕਿਸੇ ਇੱਕ ਦਾ ਸੁਫ਼ਨਾ ਟੁੱਟਣ ਵਾਲਾ ਹੈ। ਲੈਅ ਮੈਸੀ ਦੇ ਕੋਲ ਹੈ, ਜਿਸ ਨੇ ਅਰਜਨਟੀਨਾ ਨੂੰ ਸੈਮੀਫਾਈਨਲ ’ਚ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਉਹ ਟੀਮ ਦੀ ਅਗਵਾਈ ਉਸੇ ਤਰ੍ਹਾਂ ਕਰ ਰਿਹਾ ਹੈ ਜਿਸ ਤਰ੍ਹਾਂ ਡੀਏਗੋ ਮੈਰਾਡੋਨਾ ਨੇ 1986 ਵਿੱਚ ਅਰਜਨਟੀਨਾ ਦੇ ਦੂਜੇ ਅਤੇ ਆਖਰੀ ਵਿਸ਼ਵ ਕੱਪ ਖਿਤਾਬ ਦੌਰਾਨ ਕੀਤੀ ਸੀ। ਅਰਜਨਟੀਨਾ ਅਤੇ ਫਾਈਨਲ ਵਿਚਾਲੇ ਹੁਣ ਕ੍ਰੇਏਸ਼ੀਆ ਖੜ੍ਹੀ ਹੈ। ਸਿਰਫ 40 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ਦੀ ਟੀਮ ਵਿਸ਼ਵ ਕੱਪ ਵਿੱਚ ਸਭ ਤੋਂ ਮੁਸ਼ਕਲ ਟੀਮਾਂ ਵਿੱਚੋਂ ਇੱਕ ਵਜੋਂ ਉਭਰੀ ਹੈ।
ਸੈਮੀਫਾਈਨਲ ਲੁਸੈਲ ਸਟੇਡੀਅਮ ’ਚ ਖੇਡਿਆ ਜਾਵੇਗਾ, ਜਿਸ ਨੇ ਐਤਵਾਰ ਨੂੰ ਖੇਡੇ ਜਾਣ ਵਾਲੇ ਫਾਈਨਲ ਦੀ ਮੇਜ਼ਬਾਨੀ ਵੀ ਕਰਨੀ ਹੈ। ਪਿਛਲੇ ਦੋ ਵਿਸ਼ਵ ਕੱਪਾਂ ਦੀਆਂ ਉਪ ਜੇਤੂ ਟੀਮਾਂ ਸੈਮੀਫਾਈਨਲ ਵਿੱਚ ਇੱਕ-ਦੂਜੇ ਨਾਲ ਭਿੜਨਗੀਆਂ। ਅਰਜਨਟੀਨਾ ਨੂੰ 2014 ਵਿੱਚ ਜਦਕਿ ਕ੍ਰੋਏਸ਼ੀਆ ਨੂੰ 2018 ਫਾਈਨਲ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਰਜਨਟੀਨਾ ਦੀ ਟੀਮ ਕੋਪਾ ਅਮਰੀਕਾ ਦਾ ਖਿਤਾਬ ਜਿੱਤ ਕੇ ਕਤਰ ਪਹੁੰਚੀ ਹੈ। ਹਾਲਾਂਕਿ ਵਿਸ਼ਵ ਕੱਪ ਵਿੱਚ ਉਸ ਦੀ ਸ਼ੁਰੂਆਤ ਬਹੁਤੀ ਚੰਗੀ ਨਹੀਂ ਰਹੀ। ਉਸ ਨੂੰ ਆਪਣੇ ਪਹਿਲੇ ਗਰੁੱਪ ਮੈਚ ਵਿੱਚ ਸਾਊਦੀ ਅਰਬ ਤੋਂ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਗਰੋਂ ਉਸ ਨੇ ਆਪਣੇ ਅਗਲੇ ਦੋਵੇਂ ਗਰੁੱਪ ਮੈਚ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ। ਪ੍ਰੀ-ਕੁਆਰਟਰ ਫਾਈਨਲ ਵਿੱਚ ਉਸ ਨੇ ਆਸਟਰੇਲੀਆ ਨੂੰ 2-1 ਨਾਲ ਹਰਾਇਆ ਅਤੇ ਕੁਆਰਟਰ ਫਾਈਨਲ ਵਿੱਚ ਨੈਦਰਲੈਂਡਜ਼ ਨੂੰ ਪੈਨਲਟੀ ਸ਼ੂਟਆਊਟ ਵਿੱਚ ਮਾਤ ਦਿੱਤੀ। ਮੈਸੀ ਨੇ ਵਿਸ਼ਵ ਕੱਪ ਵਿੱਚ ਚਾਰ ਗੋਲ ਕੀਤੇ ਹਨ ਅਤੇ ਮੌਜੂਦਾ ਵਿਸ਼ਵ ਕੱਪ ਦੇ ਸਿਖਰਲੇ ਸਕੋਰਰ ਫਰਾਂਸ ਦੇ ਕੇ. ਮਬਾਪੇ ਤੋਂ ਇੱਕ ਗੋਲ ਪਿੱਛੇ ਹੈ। ਮੋਡਰਿਚ ਨੇ ਭਾਵੇਂ ਮੌਜੂਦਾ ਵਿਸ਼ਵ ਕੱਪ ਵਿੱਚ ਕੋਈ ਗੋਲ ਨਹੀਂ ਕੀਤਾ ਅਤੇ ਨਾ ਹੀ ਗੋਲ ਕਰਨ ਵਿੱਚ ਸਹਾਇਤਾ ਕੀਤੀ ਹੈ ਪਰ ਕ੍ਰੋਏਸ਼ੀਆ ਟੀਮ ਲਈ ਉਸ ਦੇ ਮਹੱਤਵ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ।

ਰੂਸ ਵਿੱਚ ਹੋਏ ਪਿਛਲੇ ਵਿਸ਼ਵ ਕੱਪ ਵਿੱਚ ਕ੍ਰੋਏਸ਼ੀਆ ਦੇ ਸਾਰੇ ਨਾਕਆਊਟ ਮੈਚ ਵਾਧੂ ਸਮੇਂ ਵਿੱਚ ਚਲੇ ਗਏ ਸਨ ਅਤੇ ਫਾਈਨਲ ਵਿੱਚ ਟੀਮ ਨੂੰ ਫਰਾਂਸ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਤਰ ਵਿੱਚ ਵੀ ਟੀਮ ਨੇ ਪ੍ਰੀ-ਕੁਆਰਟਰ ਫਾਈਨਲ ਅਤੇ ਕੁਆਰਟਰ ਫਾਈਨਲ ਵਿੱਚ ਕ੍ਰਮਵਾਰ ਜਾਪਾਨ ਅਤੇ ਬ੍ਰਾਜ਼ੀਲ ਨੂੰ ਪੈਨਲਟੀ ਸ਼ੂਟ ਆਊਟ ਵਿੱਚ ਹਰਾਇਆ।

ਮੈਸੀ ਨੂੰ ਰੋਕਣ ਦੀ ਜ਼ਿੰਮੇਵਾਰੀ ਮਿਡਫੀਲਡਰ ਮਾਰਸੇਲੋ ਬ੍ਰੋਜ਼ੋਵਿਕ ਦੀ ਹੋਵੇਗੀ, ਜਿਸ ਨੇ ਬ੍ਰਾਜ਼ੀਲ ਖ਼ਿਲਾਫ਼ ਸ਼ਾਨਦਾਰ ਖੇਡ ਦਿਖਾਈ ਸੀ। ਅਰਜਨਟੀਨਾ ਮਾਰਕੋਸ ਅਕੁਨਾ ਅਤੇ ਗੋਂਜ਼ਾਲੋ ਮੋਂਟੀਏਲ ਤੋਂ ਬਿਨਾਂ ਮੈਦਾਨ ’ਚ ਉਤਰੇਗਾ। ਪਿਛਲੇ ਮੈਚ ਮਗਰੋਂ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।