ਮੈਰੀਕੌਮ, ਸਿੰਧੂ ਤੇ ਕੇਸ਼ਵਨ ਦੀ ਆਈਓਏ ਅਥਲੀਟ ਕਮਿਸ਼ਨ ਦੇ ਮੈਂਬਰਾਂ ਵਜੋਂ ਚੋਣ

ਮੈਰੀਕੌਮ, ਸਿੰਧੂ ਤੇ ਕੇਸ਼ਵਨ ਦੀ ਆਈਓਏ ਅਥਲੀਟ ਕਮਿਸ਼ਨ ਦੇ ਮੈਂਬਰਾਂ ਵਜੋਂ ਚੋਣ

ਕਮਿਸ਼ਨ ’ਚ ਚੁਣੇ ਗਏ 10 ਖਿਡਾਰੀਆਂ ਵਿੱਚ ਮੀਰਾਬਾਈ ਚਾਨੂ, ਗਗਨ ਨਾਰੰਗ, ਅਚੰਤਾ ਸ਼ਰਤ ਕਮਲ ਤੇ ਰਾਣੀ ਰਾਮਪਾਲ ਵੀ ਸ਼ਾਮਲ
ਨਵੀਂ ਦਿੱਲੀ: ਪੰਜ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮਸੀ ਮੈਰੀਕੌਮ, ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਅਤੇ ਓਲੰਪੀਅਨ ਸ਼ਿਵਾ ਕੇਸ਼ਵਨ ਅੱਜ ਇੱਥੇ ਹੋਈਆਂ ਚੋਣਾਂ ਵਿੱਚ ਬਿਨਾਂ ਮੁਕਾਬਲਾ ਆਈਓਏ ਅਥਲੀਟ ਕਮਿਸ਼ਨ ਦੇ ਮੈਂਬਰ ਚੁਣੇ ਗਏ। ਕਮਿਸ਼ਨ ਵਿੱਚ ਚੁਣੇ ਗਏ 10 ਖਿਡਾਰੀਆਂ ਵਿੱਚ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ, 2012 ਦੇ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਗਗਨ ਨਾਰੰਗ, ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ, ਹਾਕੀ ਖਿਡਾਰਨ ਰਾਣੀ ਰਾਮਪਾਲ, ਤਲਵਾਰਬਾਜ਼ ਭਵਾਨੀ ਦੇਵੀ, ਰੋਵਰ ਬਜਰੰਗ ਲਾਲ ਅਤੇ ਸਾਬਕਾ ਸ਼ਾਟਪੁਟ ਖਿਡਾਰੀ ਓਪੀ ਕਰਹਾਨਾ ਵੀ ਸ਼ਾਮਲ ਹਨ। ਦਸ ਖਿਡਾਰੀਆਂ ’ਚੋਂ ਪੰਜ ਔਰਤਾਂ ਹਨ ਅਤੇ ਇਹ ਸਾਰੀਆਂ ਓਲੰਪੀਅਨ ਹਨ। ਸਿਰਫ ਕੇਸ਼ਵਨ ਹੀ ਵਿੰਟਰ ਓਲੰਪੀਅਨ ਹੈ। ਜਾਣਕਾਰੀ ਅਨੁਸਾਰ ਸਿਰਫ਼ ਦਸ ਖਿਡਾਰੀਆਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ ਅਤੇ ਆਈਓਏ ਚੋਣਾਂ ਦੇ ਰਿਟਰਨਿੰਗ ਅਫ਼ਸਰ ਉਮੇਸ਼ ਸਿਨਹਾ ਨੇ ਇਨ੍ਹਾਂ ਸਾਰਿਆਂ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨਿਆ। ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਅਤੇ ਸਾਬਕਾ ਹਾਕੀ ਕਪਤਾਨ ਸਰਦਾਰ ਸਿੰਘ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਅਤੇ ਏਸ਼ੀਆ ਓਲੰਪਿਕ ਕੌਂਸਲ ਦੇ ਮੈਂਬਰ ਵਜੋਂ ਕਮਿਸ਼ਨ ਵਿੱਚ ਸ਼ਾਮਲ ਹੋਣਗੇ। ਦੋਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਵੇਗਾ।