ਮੈਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਗਈ: ਬੀਬੀ ਜਗੀਰ ਕੌਰ

ਮੈਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਗਈ: ਬੀਬੀ ਜਗੀਰ ਕੌਰ

ਸ੍ਰੀ ਆਨੰਦਪੁਰ ਸਾਹਿਬ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਕਿਹਾ ਕਿ ਜੇ ਅਕਾਲੀ ਦਲ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਉਹ ਖ਼ਾਲਸਾ ਪੰਥ ਦੇ ਉਮੀਦਵਾਰ ਵਜੋਂ ਚੋਣ ਲੜਨਗੇ ਅਤੇ ਆਪਣੇ ਅਗਲੇ ਪ੍ਰੋਗਰਾਮ ਬਾਰੇ ਪ੍ਰੈਸ ਕਾਨਫਰੰਸ ਕਰਕੇ ਦੋ ਦਿਨਾਂ ਬਾਅਦ ਫੈਸਲਾ ਲੈਣਗੇ। ਬੀਬੀ ਜਗੀਰ ਕੌਰ ਨੇ ਕਿਹਾ ਉਹ ਬਾਗ਼ੀ ਨਹੀਂ ਹੈ ਬਲਕਿ ਉਸ ਨੂੰ ਪੰਜਾਬ ਦੇ ਆਮ ਲੋਕਾਂ ਵਿੱਚ ਅਕਾਲੀ ਦਲ ਦੇ ਆਗੂਆਂ ’ਤੇ ਝੂਠ ਬੋਲਣ, ਲਿਫਾਫੇ ਵਿਚੋਂ ਪ੍ਰਧਾਨ ਨਿਕਲਣ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ, ਬੇਅਦਬੀਆਂ ਤੇ ਰਾਮ ਰਹੀਮ ਨੂੰ ਮੁਆਫ਼ੀ ਦੇਣ ਸਬੰਧੀ ਮਾਮਲੇ ’ਤੇ ਸੱਚ ਬੋਲਣ ਕਾਰਨ ਸਜ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਬੀਤੇ ਸਾਢੇ ਤਿੰਨ ਦਹਾਕਿਆਂ ਦੌਰਾਨ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਖ਼ਿਲਾਫ਼ ਕੋਈ ਬਿਆਨਬਾਜ਼ੀ ਨਹੀਂ ਕੀਤੀ ਅਤੇ ਪੂਰੀ ਤਰ੍ਹਾਂ ਜ਼ਾਬਤੇ ਵਿੱਚ ਰਹਿ ਕੇ ਪਾਰਟੀ ਦੀ ਸੇਵਾ ਕੀਤੀ ਪਰ ਅਕਾਲੀ ਦਲ ਨੇ ਉਸ ਖ਼ਿਲਾਫ਼ ਜੋ ਫ਼ੈਸਲਾ ਲਿਆ ਹੈ ਉਸ ਨਾਲ ਦਿਲ ਨੂੰ ਠੇਸ ਪੁੱਜੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਬੀਤੇ ਦਿਨਾਂ ਤੋਂ ਹੀ ਸ਼੍ਰੋਮਣੀ ਕਮੇਟੀ ਦੇ ਹਰ ਮੈਂਬਰ ਨਾਲ ਸੰਪਰਕ ਵਿੱਚ ਹਨ। ਬੀਬੀ ਜਗੀਰ ਕੌਰ ਨੇ ਇੱਥੋਂ ਤੱਕ ਆਖ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਹੁਣ ਸ਼੍ਰੋਮਣੀ ਕਮੇਟੀ ਅੰਦਰ ਉਨ੍ਹਾਂ ਦਾ ਬਹੁਮਤ ਨਹੀਂ ਰਿਹਾ ਅਤੇ ਜ਼ਿਆਦਾਤਰ ਮੈਂਬਰ ਉਨ੍ਹਾਂ ਦੇ ਖਿਲਾਫ ਹੀ ਭੁਗਤਣਗੇ। ਉਨ੍ਹਾਂ ਦੱਸਿਆ ਕਿ ਭਰੋਸੇਯੋਗ ਵਸੀਲਿਆਂ ਤੋਂ ਸੂਚਨਾ ਮਿਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੰਦਰਖਾਤੇ ਇਕ ਸਰਵੇਖਣ ਕਰਵਾਇਆ ਸੀ ਜਿਸ ਦੇ ਤਹਿਤ ਮਹਿਜ਼ ਪਝੱਤਰ ਵੋਟਾਂ ਉਨ੍ਹਾਂ ਦੇ ਹਿੱਸੇ ਆਉਂਦੀਆਂ ਹਨ ਜਦ ਕਿ ਉਨ੍ਹਾਂ ਵਿਚੋਂ ਵੀ ਬਾਰਾਂ ਤੋਂ ਪੰਦਰਾਂ ਦੇ ਕਰੀਬ ਵੋਟਾਂ ਦੂਸਰੇ ਪਾਸੇ ਭੁਗਤਣ ਦੇ ਕਿਆਸ ਹਨ।