ਮੈਂ ਤੇ ਮੇਰਾ ਜਨੂਨ-ਏ-ਕ੍ਰਿਕਟ

ਮੈਂ ਤੇ ਮੇਰਾ ਜਨੂਨ-ਏ-ਕ੍ਰਿਕਟ

ਰਾਮਚੰਦਰ ਗੁਹਾ

ਗੇਂਦਬਾਜ਼ ਕ੍ਰਿਕਟ ਵਿਚ ਜਿਨ੍ਹਾਂ ਦੋ ਸਿਰਿਆਂ (ends) ਤੋਂ ਗੇਂਦਬਾਜ਼ੀ ਕਰਦੇ ਹਨ, ਆਮ ਕਰ ਕੇ ਉਨ੍ਹਾਂ ਦੇ ਨਾਂ ਰੱਖੇ ਹੁੰਦੇ ਹਨ। ਲਾਰਡਜ਼ ਕ੍ਰਿਕਟ ਗਰਾਊਂਡ ਦੇ ਮਾਮਲੇ ਵਿਚ ਇਹ ਪੈਵੇਲੀਅਨ ਐੰਡ ਅਤੇ ਨਰਸਰੀ ਐੰਡ ਹਨ। ਲੰਡਨ ਦੇ ਇਕ ਹੋਰ ਮਹਾਨ ਕ੍ਰਿਕਟ ਮੈਦਾਨ ਓਵਲ ਦੇ ਵੀ ਇਕ ਐੰਡ ਦਾ ਨਾਂ ਮੈਂਬਰਾਂ ਦੇ ਪੈਵੇਲੀਅਨ ਉੱਤੇ ਅਤੇ ਦੂਜੇ ਦਾ ਇਸ ਦੇ ਕਰੀਬ ਪੈਂਦੇ ਜ਼ਮੀਨਦੋਜ਼ ਸਟੇਸ਼ਨ ਵੌਕਸਹਾਲ ਦੇ ਨਾਂ ਉੱਤੇ ਰੱਖਿਆ ਗਿਆ ਹੈ। ਮੈਲਬਰਨ ਕ੍ਰਿਕਟ ਗਰਾਊਂਡ ਵਿਚ ਮੈਂਬਰਜ਼ ਐੰਡ ਅਤੇ ਗਰੇਟ ਸਾਊਦਰਨ ਸਟੈਂਡ ਐੰਡ ਹਨ। ਕੋਲਕਾਤਾ ਦੇ ਈਡਨ ਗਾਰਡਨਜ਼ ਵਿਚ ਸਾਨੂੰ ਪੈਵੇਲੀਅਨ ਐੰਡ ਅਤੇ ਹਾਈਕੋਰਟ ਐੰਡ ਮਿਲਦੇ ਹਨ।

ਸਭ ਤੋਂ ਵਧੀਆ ਨਾਂ ਓਲਡ ਟਰੈਫਰਡ ਦੇ ਹੋ ਸਕਦੇ ਹਨ ਜਿਸ ਦੇ ਐੰਡਜ਼ ਦੇ ਨਾਂ ਦੋ ਮਹਾਨ ਤੇਜ਼ ਗੇਂਦਬਾਜ਼ਾਂ ਬ੍ਰਾਇਨ ਸਟੇਦਮ ਅਤੇ ਜਿੰਮੀ ਐੰਡਰਸਨ ਦੇ ਸਨਮਾਨ ਵਿਚ ਉਨ੍ਹਾਂ ਦੇ ਨਾਂ ਉੱਤੇ ਰੱਖੇ ਗਏ ਹਨ ਜਿਨ੍ਹਾਂ ਦਾ ਇਹ ਘਰੇਲੂ ਮੈਦਾਨ ਸੀ। ਇਸੇ ਤਰ੍ਹਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਦੇ ਦੋਵੇਂ ਸਿਰਿਆਂ ਦੇ ਨਾਂ ਕ੍ਰਮਵਾਰ ਗਰਵਾਰੇ ਤੇ ਟਾਟਾ ਹਨ ਜਿਹੜੇ ਜ਼ਿਆਦਾ ਦਿਲਕਸ਼ ਤਾਂ ਨਹੀਂ ਪਰ ਸ਼ਾਇਦ ਇਸ ਗੱਲ ਨੂੰ ਦੇਖਦਿਆਂ ਪ੍ਰਵਾਨ ਕੀਤੇ ਜਾ ਸਕਦੇ ਹਨ ਕਿ ਖੇਡ ਨੂੰ ਸਪਾਂਸਰਾਂ ਦੀ ਵੀ ਲੋੜ ਹੈ।

ਜਿਹੜੇ ਦੋ ਐੰਡਜ਼ ਤੋਂ ਗੇਂਦਬਾਜ਼ ਗੇਂਦਬਾਜ਼ੀ ਕਰਦੇ ਹਨ, ਉਨ੍ਹਾਂ ਨੂੰ ਖ਼ਾਸ ਨਾਂ ਦਿੱਤੇ ਜਾਣ ਨਾਲ ਘੱਟੋ-ਘੱਟ ਤਿੰਨ ਮਕਸਦ ਪੂਰੇ ਹੁੰਦੇ ਹਨ। ਇਸ ਨਾਲ ਦਰਸ਼ਕਾਂ ਨੂੰ ਮੈਦਾਨ ਵਿਚ ਪੁੱਜਣ ਤੇ ਉਸ ਖ਼ਾਸ ਸਟੈਂਡ ਵਿਚ ਆਪਣੀ ਸੀਟ ਲੱਭਣ ਵਿਚ ਮਦਦ ਮਿਲਦੀ ਹੈ ਜਿਸ ਦੀ ਉਨ੍ਹਾਂ ਟਿਕਟ ਖ਼ਰੀਦੀ ਹੁੰਦੀ ਹੈ। ਦੂਜਾ, ਜਿਹੜੇ ਪ੍ਰਸੰਸਕ ਸਟੇਡੀਅਮ ਵਿਚ ਮੈਚ ਦੇਖਣ ਨਹੀਂ ਪੁੱਜੇ ਹੁੰਦੇ, ਇਹ ਉਨ੍ਹਾਂ ਲਈ ਪ੍ਰਸਾਰਿਤ ਕੀਤੀ ਜਾਣ ਵਾਲੀ ਕੁਮੈਂਟਰੀ ਨੂੰ ਵਧੇਰੇ ਰੰਗੀਨ ਬਣਾਉਂਦਾ ਹੈ। ਖ਼ਾਸ ਕਰ ਮੈਚਾਂ ਦੇ ਟੈਲੀਵਿਜ਼ਨ ਉੱਤੇ ਸਿੱਧੇ ਪ੍ਰਸਾਰਨ ਦੇ ਦਿਨਾਂ ਤੋਂ ਪਹਿਲਾਂ ਓਵਲ ਵਿਚ ਕਿਸੇ ਟੈਸਟ ਮੈਚ ਦੌਰਾਨ ਰੇਡੀਓ ਉੱਤੇ ਗੇਂਦਬਾਜ਼ ਬਾਰੇ ‘ਵੌਕਸਹਾਲ ਐੰਡ ਤੋਂ ਆਉਂਦਾ ਹੋਇਆ` ਸੁਣਨ ਵਿਚ ਬੜਾ ਦਿਲਚਸਪ ਲੱਗਦਾ ਸੀ। ਤੀਜਾ, ਇਹ ਖਿਡਾਰੀਆਂ ਖ਼ਾਸਕਰ ਟੀਮਾਂ ਦੇ ਕਪਤਾਨਾਂ ਲਈ ਮਦਦਗਾਰ ਹੁੰਦਾ ਹੈ ਜਿਹੜੇ ਸਥਾਨਕ ਵਾਤਾਵਰਨ ਅਤੇ ਮੌਸਮ ਦੀ ਬਾਰੀਕ ਜਾਣਕਾਰੀ ਸਦਕਾ ਇਹ ਜਾਣ ਸਕਦੇ ਹਨ ਕਿ ਕਿਹੜਾ ਸਿਰਾ ਕਿਸ ਕਿਸਮ ਦੇ ਗੇਂਦਬਾਜ਼ ਲਈ ਅਤੇ ਮੈਚ ਦੇ ਕਿਸ ਪੜਾਅ ਉੱਤੇ ਫ਼ਾਇਦੇਮੰਦ ਹੋ ਸਕਦਾ ਹੈ।

ਕਿਸੇ ਕ੍ਰਿਕਟ ਸਟੇਡੀਅਮ ਦੇ ਸਿਰਿਆਂ ਦੇ ਰੱਖੇ ਗਏ ਨਾਂ ਜ਼ਰੂਰੀ ਨਹੀਂ ਕਿ ਪੱਥਰ `ਤੇ ਲਿਖੇ ਹੋਣ। ਉਹ ਬਦਲੇ ਵੀ ਜਾ ਸਕਦੇ ਹਨ ਅਤੇ ਕਈ ਵਾਰ ਬਦਲੇ ਵੀ ਜਾਂਦੇ ਹਨ। ਚੇਨਈ ਤੋਂ ਉੱਤਰ ਵਿਚ ਦੋ ਹਜ਼ਾਰ ਮੀਲ ਦੂਰ ਵੱਡਾ ਹੋਇਆ ਮੈਂ (ਰੇਡੀਓ ਪ੍ਰਸਾਰਨਾਂ ਅਤੇ ਪ੍ਰਿੰਟ ਦੇ ਸਬੂਤਾਂ ਤੋਂ) ਜਾਣਦਾ ਸਾਂ ਕਿ ਚੇਪੌਕ ਸਟੇਡੀਅਮ ਦੇ ਇਕ ਐੰਡ ਦਾ ਨਾਂ ‘ਵਲ੍ਹਾਜਾ ਰੋਡ` ਐੰਡ ਹੁੰਦਾ ਸੀ। ਇਹ ਨਾਂ ਮੇਰੇ ਲਈ ਖਿੱਚ ਦਾ ਕਾਰਨ ਵੀ ਸੀ ਤੇ ਜਗਿਆਸਾ ਵੀ ਪੈਦਾ ਕਰਦਾ ਸੀ। ਜਦੋਂ ਮੈਂ ਵੱਡਾ ਹੋ ਕੇ 35 ਸਾਲਾਂ ਨੂੰ ਢੁੱਕ ਚੁੱਕਾ ਸਾਂ ਤਾਂ ਮੈਨੂੰ ਚੇਤੇ ਹੈ ਕਿ ਮੈਂ ਚੇਨਈ ਜਾਣ ਉੱਤੇ ਆਟੋ-ਰਿਕਸ਼ਾ ਰਾਹੀਂ ਖ਼ਾਸ ਤੌਰ `ਤੇ ਵਲ੍ਹਾਜਾ ਰੋਡ ਪੁੱਜਿਆ ਅਤੇ ਉਦੋਂ ਮੈਨੂੰ ਕਿੰਨੀ ਖ਼ੁਸ਼ੀ ਹੋਈ, ਮੈਂ ਦੱਸ ਨਹੀਂ ਸਕਦਾ ਪਰ ਕੁਝ ਸਾਲਾਂ ਬਾਅਦ ਤਾਮਿਲਨਾਡੂ ਕ੍ਰਿਕਟ ਐਸੋਸੀਏਸ਼ਨ ਨੇ ਵਲ੍ਹਾਜਾ ਰੋਡ ਐੰਡ ਦਾ ਨਾਂ ਬਦਲ ਕੇ ਸਾਬਕਾ ਕ੍ਰਿਕਟ ਪ੍ਰਸ਼ਾਸਕ ਵੀ ਪੱਟਾਭੀਰਮਨ ਦੇ ਨਾਂ ਉੱਤੇ ਰੱਖਣ ਦਾ ਫ਼ੈਸਲਾ ਕੀਤਾ। ਇਸ ਦੇ ਬਾਵਜੂਦ ਇਸ ਦਾ ਪੁਰਾਣਾ ਨਾਂ ਲੋਕ ਚੇਤਿਆਂ ਵਿਚ ਇੰਨਾ ਡੂੰਘਾ ਵੱਸਿਆ ਹੋਇਆ ਹੈ ਕਿ ਹਾਲੇ ਵੀ ਪੁਰਾਣੇ ਨਾਂ ਦੀ ਹੀ ਜ਼ਿਆਦਾ ਵਰਤੋਂ ਹੁੰਦੀ ਹੈ।

ਜਦੋਂ 2021 ਵਿਚ ਨਰਿੰਦਰ ਮੋਦੀ ਸਟੇਡੀਅਮ ਆਮ ਲੋਕਾਂ ਲਈ ਖੋਲ੍ਹਿਆ ਗਿਆ ਅਤੇ ਉਸੇ ਸਾਲ ਫਰਵਰੀ ਵਿਚ ਇਸ ਵਿਚ ਪਹਿਲਾ ਟੈਸਟ ਮੈਚ ਕਰਵਾਇਆ ਗਿਆ ਤਾਂ ਸਾਨੂੰ ਪਤਾ ਲੱਗਾ ਕਿ ਇਸ ਦੇ ਦੋਵੇਂ ਸਿਰਿਆਂ ਦੇ ਨਾਂ ਅਡਾਨੀ ਤੇ ਅੰਬਾਨੀ ਰੱਖੇ ਗਏ ਹਨ। ਇਸ ਖੋਜ ਨੇ ਮੇਰੇ ਅੰਦਰ ਖ਼ੁਸ਼ੀ, ਰੋਹ ਅਤੇ ਤਿਆਗ ਦੇ ਅਜੀਬ ਜਿਹੇ ਰਲਵੇਂ-ਮਿਲਵੇਂ ਭਾਵ ਪੈਦਾ ਕਰ ਦਿੱਤੇ। ਸੱਚ ਹੈ ਕਿ ਕਾਰਪੋਰੇਟਾਂ ਵੱਲੋਂ ਕ੍ਰਿਕਟ ਮੈਦਾਨਾਂ ਦੇ ਸਿਰਿਆਂ ਦੇ ਨਾਂ ਆਪਣੇ ਨਾਂ ਉੱਤੇ ਰਖਵਾਉਣ ਲਈ ਅਦਾਇਗੀਆਂ ਕੀਤੇ ਜਾਣ ਦੀਆਂ ਰਵਾਇਤਾਂ ਰਹੀਆਂ ਹਨ ਜਿਵੇਂ ਵਾਨਖੇੜੇ ਸਟੇਡੀਅਮ ਵਿਚ ਟਾਟਾ ਤੇ ਗਰਵਾਰੇ ਦਾ ਮਾਮਲਾ ਹੈ ਪਰ ਜਿਨ੍ਹਾਂ ਨੇ ਕਦੇ ਸਰਦਾਰ ਪਟੇਲ ਸਟੇਡੀਅਮ ਵਜੋਂ ਜਾਣੇ ਜਾਂਦੇ ਸਟੇਡੀਅਮ ਦਾ ਨਾਂ ਬਦਲ ਕੇ ਨਰਿੰਦਰ ਮੋਦੀ ਦੇ ਨਾਂ ਉੱਤੇ ਰੱਖਿਆ ਹੈ, ਉਹ ਨਾਲ ਹੀ ਅਡਾਨੀ ਤੇ ਅੰਬਾਨੀ ਨੂੰ ਉਤਸ਼ਾਹਿਤ ਕਰ ਰਹੇ ਹਨ ਤਾਂ ਉਨ੍ਹਾਂ ਵਿਚ ਸਵੈ-ਜਾਗਰੂਕਤਾ ਦੀ ਕਮੀ ਸਾਫ਼ ਦਿਖਾਈ ਦਿੰਦੀ ਹੈ। ਇਨ੍ਹਾਂ ਦੋਵਾਂ ਕਾਰੋਬਾਰੀਆਂ ਨੇ ਹਾਲੀਆ ਸਾਲਾਂ ਦੌਰਾਨ ਜਿਸ ਤਰ੍ਹਾਂ ਵੱਡੇ ਪੱਧਰ `ਤੇ ਲਾਭ ਕਮਾਇਆ ਹੈ, ਉਸ ਸਬੰਧੀ ਪਹਿਲਾਂ ਹੀ ਕਾਫ਼ੀ ਆਲੋਚਨਾਤਮਕ ਟਿੱਪਣੀਆਂ ਹੋ ਰਹੀਆਂ ਹਨ।ਭਾਰਤ ਸਰਕਾਰ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨੀਅਨ ਨੇ ਦੇਸ਼ ਵਿਚ ਜਾਰੀ ਆਰਥਿਕ ਕਾਰ-ਵਿਹਾਰ ਨੂੰ ‘ਦਾਗ਼ੀ ਪੂੰਜੀਵਾਦ ਦਾ 2ਏ ਮਾਡਲ` ਤੱਕ ਕਰਾਰ ਦੇ ਦਿੱਤਾ ਸੀ। ਵਿਰੋਧੀ ਆਗੂ ਰਾਹੁਲ ਗਾਂਧੀ ਨੇ ਪਰਿਵਾਰ ਨਿਯੋਜਨ ਦੇ ਇਕ ਪੁਰਾਣੇ ਨਾਅਰੇ ਰਾਹੀਂ ਬੜੀ ਚਲਾਕੀ ਨਾਲ ਵਿਅੰਗ ਕਰਦਿਆਂ ਸਰਕਾਰ ਦੀਆਂ ਨੀਤੀਆਂ ਦੇ ਹਵਾਲੇ ਨਾਲ ‘ਹਮ ਦੋ, ਹਮਾਰੇ ਦੋ` ਆਖਿਆ ਸੀ।

ਅਹਿਮਦਾਬਾਦ ਦੇ ਨਵੇਂ ਸਟੇਡੀਅਮ ਵਿਚ ਪਹਿਲਾ ਟੈਸਟ ਮੈਚ ਟੈਲੀਵਿਜ਼ਨ ਉੱਤੇ ਦੇਖਦਿਆਂ ਮੈਂ ਪਾਇਆ ਕਿ ਇਸ ਦੇ ਸਪਾਂਸਰਾਂ ਦੀ ਪਛਾਣ ਦੋਵੇਂ ਸਿਰਿਆਂ ਉੱਤੇ ਸਕੋਰ ਬੋਰਡ ਦੇ ਐਨ ਉੱਪਰ ਕੰਕਰੀਟ ਦੀ ਪੱਟੀ ਵਿਚ ਉੱਕਰੀ ਦਿਖਾਈ ਦੇ ਰਹੀ ਸੀ। ਉਸ ਤੋਂ ਇਕ ਪੱਧਰ ਉੱਪਰ ਅਤੇ ਬਹੁਤ ਵੱਡੇ ਅੱਖਰਾਂ ਵਿਚ ਦਿਖਾਈ ਦੇ ਰਿਹਾ ਸੀ: ‘ਨਰਿੰਦਰ ਮੋਦੀ ਸਟੇਡੀਅਮ’। ਇਸ ਢੰਗ ਨਾਲ ਇਨ੍ਹਾਂ ਦੋਵਾਂ ਕਾਰੋਬਾਰੀਆਂ ਦੇ ਨਾਂ ਜਨਤਕ ਤੌਰ ‘ਤੇ ਪ੍ਰਧਾਨ ਮੰਤਰੀ ਦੇ ਨਾਂ ਨਾਲ ਜੋੜ ਦਿੱਤੇ ਗਏ ਸਨ। ਇਹ ਉਨ੍ਹਾਂ ਦੀ ਸੰਕੇਤਕ ਅਤੇ ਸ਼ਾਇਦ ਹਕੀਕੀ ਨੇੜਤਾ ਦਾ ਜ਼ਾਹਿਰਾ ਪ੍ਰਗਟਾਵਾ ਸੀ।

ਮੈਂ ਟੈਸਟ ਕ੍ਰਿਕਟ ਦਾ ਅਜਿਹਾ ਹਮਾਇਤੀ ਹਾਂ ਜੋ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚ ਨਹੀਂ ਦੇਖਦਾ। ਇਸ ਕਾਰਨ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਆਈਪੀਐੱਲ 2022 ਦੌਰਾਨ ਦੋਵਾਂ ਐੰਡਜ਼ (ਸਿਰਿਆਂ) ਨੂੰ ਕੀ ਆਖਿਆ ਗਿਆ ਸੀ, ਜਦੋਂ ਨਰਿੰਦਰ ਮੋਦੀ ਸਟੇਡੀਅਮ ਗੁਜਰਾਤ ਟਾਈਟਨਜ਼ ਦਾ ਘਰੇਲੂ ਮੈਦਾਨ ਸੀ ਅਤੇ ਇਸ ਨੇ ਟੂਰਨਾਮੈਂਟ ਦੇ ਫਾਈਨਲ ਮੈਚ ਦੀ ਵੀ ਮੇਜ਼ਬਾਨੀ ਕੀਤੀ ਸੀ ਪਰ ਜਦੋਂ ਅਹਿਮਦਾਬਾਦ ਵਿਚ ਮਾਰਚ 2023 ਦੇ ਦੂਜੇ ਹਫ਼ਤੇ ਦੌਰਾਨ ਅਗਲਾ ਟੈਸਟ ਮੈਚ ਆਸਟਰੇਲੀਆ ਖ਼ਿਲਾਫ਼ ਖੇਡਿਆ ਗਿਆ ਤਾਂ ਮੈਂ ਦੇਖਿਆ ਕਿ ਜਿੱਥੇ ਅਡਾਨੀ ਐੰਡ ਪਹਿਲਾਂ ਵਾਂਗ ਕਾਇਮ ਸੀ, ਉੱਥੇ ਅੰਬਾਨੀ ਐੰਡ ਦਾ ਨਾਂ ਹੁਣ ਬਦਲ ਦਿੱਤਾ ਗਿਆ ਸੀ। ਇਹ ਹੁਣ ਜਿਓ ਐੰਡ ਹੋ ਗਿਆ ਸੀ। ਇਹ ਬਰਾਂਡਿੰਗ ਦਾ ਕਲਾਤਮਕ ਕਾਰਜ ਸੀ ਜਿਸ ਨੇ ਵਪਾਰਕ ਉਤਪਾਦ ਨੂੰ ਅੱਗੇ ਤੇ ਕੇਂਦਰ ਵਿਚ ਰੱਖ ਦਿੱਤਾ; ਉਸ ਪਰਿਵਾਰ ਨੂੰ ਲਾਂਭੇ ਕਰ ਦਿੱਤਾ ਜਿਸ ਨੇ ਇਸ ਨੂੰ ਉਭਾਰਿਆ ਅਤੇ ਇਸ ਤੋਂ ਮੁਨਾਫ਼ਾ ਕਮਾਇਆ। ਇਸ ਤੋਂ ਇਹ ਜਾਪਿਆ ਕਿ ਅੰਬਾਨੀ ਉਸ ਮੋਦੀ ਨਾਲ ਇਸ ਤਰ੍ਹਾਂ ਸਿੱਧੇ ਤੌਰ `ਤੇ ਨਹੀਂ ਜੁੜਨਾ ਚਾਹੁੰਦੇ ਸਨ। ਦੂਜੇ ਪਾਸੇ ਅਡਾਨੀ ਇਸ ਤਰ੍ਹਾਂ ਜਨਤਕ ਸਬੰਧ ਰੱਖਣ ਬਾਰੇ ਸੰਤੁਸ਼ਟ ਦਿਖਾਈ ਦਿੱਤੇ। ਉਂਝ ਇਹ ਵਫ਼ਾਦਾਰੀ ਦਾ ਪ੍ਰਤੀਕ ਹੈ ਜਾਂ ਹੰਕਾਰ ਦਾ, ਆਖਿਆ ਨਹੀਂ ਜਾ ਸਕਦਾ।

ਮੈਂ ਭਾਵੇਂ ਆਈਪੀਐੱਲ ਨੂੰ ਨਾਪਸੰਦ ਕਰਦਾ ਹਾਂ ਪਰ ਮੈਂ ਕਦੇ ਕਦੇ ਵੱਖ ਵੱਖ ਮੁਲਕਾਂ ਦਰਮਿਆਨ ਹੋਣ ਵਾਲੇ ਸੀਮਤ ਓਵਰਾਂ ਦੇ ਮੈਚ ਦੇਖਦਾ ਹਾਂ। ਮੈਂ ਮੌਜੂਦਾ ਸੰਸਾਰ ਕੱਪ ਦਾ ਉਦਘਾਟਨੀ ਮੈਚ ਖੁੰਝਾ ਦਿੱਤਾ ਪਰ ਜਦੋਂ 14 ਅਕਤੂਬਰ ਸ਼ਨਿੱਚਰਵਾਰ ਨੂੰ ਭਾਰਤ ਅਤੇ ਪਾਕਿਸਤਾਨ ਦਾ ਮੈਚ ਹੋਇਆ ਤਾਂ ਮੈਂ ਕੁਝ ਘੰਟਿਆਂ ਦੀ ਖੇਡ ਦੇਖੀ। ਮੈਂ ਬੜੀ ਦਿਲਚਸਪੀ ਨਾਲ ਧਿਆਨ ਦਿੱਤਾ ਕਿ ਅਹਿਮਦਾਬਾਦ ਸਟੇਡੀਅਮ ਦੇ ਦੋਵੇਂ ਸਿਰਿਆਂ ਉਤੇ ਹੁਣ ਕੋਈ ਨਾਂ ਨਹੀਂ ਸੀ ਲਿਖਿਆ ਹੋਇਆ। ਸਾਈਟ ਸਕਰੀਨ ਦੇ ਪਿੱਛੇ ਕੰਕਰੀਟ ਦੀਆਂ ਪੱਟੀਆਂ ਉਤੇ ਜਿਥੇ ਪਹਿਲਾਂ ਕ੍ਰਮਵਾਰ ‘ਅਡਾਨੀ ਐੰਡ` ਅਤੇ ‘ਅੰਬਾਨੀ/ਜਿਓ ਐੰਡ’ ਲਿਖਿਆ ਹੋਇਆ ਸੀ, ਉਹ ਉਹ ਸਫ਼ੇਦ ਸਨ ਤੇ ਉਨ੍ਹਾਂ ਉਤੇ ਕੋਈ ਅੱਖਰ ਨਹੀਂ ਸੀ ਉੱਕਰਦਿਆ ਹੋਇਆ। ਹਾਂ, ਉਸ ਤੋਂ ਉੱਪਰ ਵੱਡੇ ਵੱਡੇ ਅੱਖਰਾਂ ਵਿਚ ਲਿਖਿਆ ਹੋਇਆ ‘ਨਰਿੰਦਰ ਮੋਦੀ ਸਟੇਡੀਅਮ’ ਉਂਝ ਹੀ ਦਿਖਾਈ ਦੇ ਰਿਹਾ ਸੀ।

ਇਸ ਤਰ੍ਹਾਂ ਨਾਵਾਂ ਨੂੰ ਮਿਟਾਏ ਜਾਣ ਬਾਰੇ ਕਈ ਸਵਾਲ ਹਨ ਜੋ ਇਕ ਕ੍ਰਿਕਟ ਪ੍ਰੇਮੀ ਪੁੱਛਣਾ ਚਾਹੇਗਾ। ਇਨ੍ਹਾਂ ਸਿਰਿਆਂ ਦੇ ਨਾਂ ਆਪਣੇ ਨਾਵਾਂ ਉਤੇ ਰਖਵਾਉਣ ਦਾ ਖ਼ਾਸ ਮਾਣ ਹਾਸਲ ਕਰਨ ਲਈ ਅਡਾਨੀ ਤੇ ਅੰਬਾਨੀ ਨੇ ਕਿੰਨੀ ਅਦਾਇਗੀ ਕੀਤੀ? ਜਦੋਂ ਬਾਅਦ ਵਿਚ ਉਨ੍ਹਾਂ ਦੇ ਨਾਂ ਮਿਟਾ ਦਿੱਤੇ ਗਏ, ਕੀ ਉਨ੍ਹਾਂ ਦੀ ਅਦਾਇਗੀ ਦੀ ਪੂਰਤੀ ਹੋ ਗਈ ਸੀ? ਕੀ ਇਸ ਬਾਰੇ ਉਨ੍ਹਾਂ ਦੀ ਸਲਾਹ ਵੀ ਲਈ ਗਈ? ਕ੍ਰਿਕਟ, ਕਾਰੋਬਾਰ ਅਤੇ ਸਿਆਸਤ ਦਰਮਿਆਨ ਇਨ੍ਹਾਂ ਸਬੰਧਾਂ ਜਿਨ੍ਹਾਂ ਦਾ ਕਿਸੇ ਸਮੇਂ ਅਹਿਮਦਾਬਾਦ ਸਟੇਡੀਅਮ ਵਿਚ ਬੜਾ ਖੁਲ੍ਹ ਕੇ ਦਿਖਾਵਾ ਕੀਤਾ ਗਿਆ, ਨੂੰ ਬਾਅਦ ਵਿਚ ਪੂਰੀ ਤਰ੍ਹਾਂ ਮਿਟਾ ਦਿੱਤੇ ਜਾਣ ਲਈ ਕੌਣ ਤੇ ਕੀ ਜ਼ਿੰਮੇਵਾਰ ਸੀ?

ਲਾਰਡਜ਼, ਓਲਡ ਟਰੈਫਰਡ, ਈਡਨ ਗਾਰਡਨਜ਼ ਅਤੇ ਚੇਪੌਕ ਵਾਂਗ ਹੀ ਅਹਿਮਦਾਬਾਦ ਵਿਚਲੇ ਪ੍ਰਮੁੱਖ ਕ੍ਰਿਕਟ ਸਟੇਡੀਅਮ ਦੇ ਦੋਵੇਂ ਐੰਡਜ਼ ਦੇ ਵੀ ਕਿਸੇ ਸਮੇਂ ਖ਼ਾਸ ਨਾਂ ਹੁੰਦੇ ਸਨ। ਹੁਣ ਅਜਿਹਾ ਨਹੀਂ ਹੈ। ਕੀ ਇਹ ਸਥਿਤੀ ਬਣੀ ਰਹੇਗੀ? ਜਾਂ ਫਿਰ ਉਹ ਲੋਕ ਜਿਹੜੇ ਗੁਜਰਾਤ ਅਤੇ ਭਾਰਤ ਵਿਚ ਕ੍ਰਿਕਟ ਨੂੰ ਚਲਾਉਂਦੇ ਹਨ, ਉਨ੍ਹਾਂ ਕਾਰੋਬਾਰੀਆਂ ਦੇ ਹੋਰ ਬਦਲ ਲੱਭਣਗੇ ਜਿਨ੍ਹਾਂ ਨਾਲ ਉਹ ਕਿਸੇ ਸਮੇਂ ਆਪਣੀ ਸ਼ਾਨ ਨੂੰ ਜੋੜ ਕੇ ਖ਼ੁਸ਼ ਹੁੰਦੇ ਸਨ? ਇਕ ਕ੍ਰਿਕਟ ਪ੍ਰੇਮੀ ਦੋਸਤ ਦਾ ਖ਼ਿਆਲ ਹੈ ਕਿ ਅਹਿਮਦਾਬਾਦ ਸਟੇਡੀਅਮ ਦੇ ਦੋਵੇਂ ਸਿਰਿਆਂ ਦੇ ਨਾਂ ਹੁਣ ਵੀਨੂੰ ਮਾਂਕੜ ਅਤੇ ਕੇਐੱਸ ਰਣਜੀਤਸਿੰਹਜੀ ਨੂੰ ਸਮਰਪਿਤ ਹੋਣੇ ਚਾਹੀਦੇ ਹਨ ਜਿਹੜੇ ਗੁਜਰਾਤੀ ਮੂਲ ਦੇ ਸ਼ਾਇਦ ਦੋ ਸਭ ਤੋਂ ਮਹਾਨ ਕ੍ਰਿਕਟਰ ਸਨ।

ਕਈ ਵਰਤਾਰਿਆਂ ਤੋਂ ਹਰੇਕ ਜਮਹੂਰੀਅਤ ਪਸੰਦ ਨੂੰ ਨਫ਼ਰਤ ਹੋਣੀ ਚਾਹੀਦੀ ਹੈ। ਇਸ ਵਿਚ ਸਟੇਡੀਅਮ ਦਾ ਨਾਂ ਰੱਖਿਆ ਜਾਣਾ ਵੀ ਸ਼ਾਮਲ ਹੈ। ਜਨਤਕ ਤੌਰ ‘ਤੇ ਚਾਪਲੂਸੀ ਦਾ ਅਜਿਹਾ ਮੁਜ਼ਾਹਰਾ ਪਹਿਲਾਂ ਤਾਨਾਸ਼ਾਹ ਹਕੂਮਤਾਂ ਤੱਕ ਹੀ ਮਹਿਦੂਦ ਸੀ ਜਿਵੇਂ ਹਿਟਲਰ ਦਾ ਜਰਮਨੀ, ਸਟਾਲਿਨ ਦਾ ਰੂਸ ਅਤੇ ਕਿਮ ਇਲ ਸੁੰਗ ਦਾ ਉੱਤਰੀ ਕੋਰੀਆ। ਉਥੇ ਖੇਡ ਸਥਾਨਾਂ ਨੂੰ ਤਖ਼ਤ ‘ਤੇ ਬੈਠੇ ਤਾਨਾਸ਼ਾਹ ਦੇ ਨਾਂ ਦਾ ਬੋਝ ਚੁੱਕਣਾ ਪੈਂਦਾ ਸੀ। ਪਹਿਲਾਂ ਅਜਿਹਾ ਹੋਣਾ ਜਮਹੂਰੀਅਤ ਹੋਣ ਦਾ ਦਾਅਵਾ ਕਰਨ ਵਾਲੇ ਕਿਸੇ ਮੁਲਕ ਵਿਚ ਦੂਰ ਦੂਰ ਤੱਕ ਵੀ ਸੰਭਵ ਨਹੀਂ ਸੀ।